5 ਦਿਨਾਂ ਤੋਂ ਲਾਪਤਾ ਪਿੰ੍ਰਸ ਦੀ ਲਾਸ਼ ਗਟਰ ''ਚੋਂ ਮਿਲੀ
Friday, Feb 23, 2018 - 05:24 AM (IST)

ਅੰਮ੍ਰਿਤਸਰ, (ਸੰਜੀਵ)- ਪਿਛਲੇ 5 ਦਿਨਾਂ ਤੋਂ ਲਾਪਤਾ ਚੱਲ ਰਹੇ ਬਟਾਲਾ ਰੋਡ ਦੇ ਰਹਿਣ ਵਾਲੇ ਪਿੰ੍ਰਸ ਕੁਮਾਰ ਦੀ ਲਾਸ਼ ਅੱਜ ਬਾਈਪਾਸ 'ਤੇ ਸਥਿਤ ਇਕ ਗਟਰ 'ਚੋਂ ਬਰਾਮਦ ਹੋਈ, ਜਿਸ ਦੀ ਹਾਲਤ ਦੇਖ ਕੇ ਲੱਗ ਰਿਹਾ ਸੀ ਕਿ ਪਿੰ੍ਰਸ ਨੂੰ ਮੌਤ ਦੇ ਘਾਟ ਉਤਾਰ ਦੇਣ ਦੇ ਸਬੂਤ ਮਿਟਾਉਣ ਦੀ ਖਾਤਿਰ ਉਸ ਦੀ ਲਾਸ਼ ਨੂੰ ਗਟਰ 'ਚ ਸੁੱਟਿਆ ਗਿਆ ਹੈ। ਪਿੰ੍ਰਸ ਦੇ ਲਾਪਤਾ ਹੋਣ ਦੀ ਸ਼ਿਕਾਇਤ ਪਰਿਵਾਰ ਵਾਲਿਆਂ ਨੇ ਪੁਲਸ ਨੂੰ ਵੀ ਦਿੱਤੀ ਸੀ ਪਰ ਕੋਈ ਕਾਰਵਾਈ ਨਾ ਹੋਣ ਕਾਰਨ ਅੱਜ ਉਸ ਦੀ ਲਾਸ਼ ਮਿਲਣ ਉਪਰੰਤ ਉਸ ਦੇ ਪਰਿਵਾਰ ਤੇ ਰਿਸ਼ਤੇਦਾਰਾਂ ਨੇ ਚੌਕੀ ਵਿਜੇ ਨਗਰ ਨੂੰ ਘੇਰ ਕੇ ਪੁਲਸ ਵਿਰੁੱਧ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ। ਜਿਸ ਜਗ੍ਹਾ ਤੋਂ ਪੁਲਸ ਨੇ ਅੱਜ ਪਿੰ੍ਰਸ ਦੀ ਲਾਸ਼ ਬਰਾਮਦ ਕੀਤੀ, ਉਹ ਖੇਤਰ ਚੌਕੀ ਵੱਲਾ ਅਧੀਨ ਹੈ। ਪੁਲਸ ਵਿਰੁੱਧ 3 ਘੰਟਿਆਂ ਤੱਕ ਚੱਲੇ ਧਰਨਾ-ਪ੍ਰਦਰਸ਼ਨ ਉਪਰੰਤ ਮ੍ਰਿਤਕ ਦੇ ਪਰਿਵਾਰ ਦੀ ਸ਼ਿਕਾਇਤ 'ਤੇ ਉਨ੍ਹਾਂ ਦੇ ਮੁੰਡੇ ਨੂੰ ਘਰੋਂ ਲਿਜਾਣ ਵਾਲੇ ਉਸ ਦੇ ਦੋਸਤ ਅਜੇ ਕੁਮਾਰ ਵਿਰੁੱਧ ਹੱਤਿਆ ਦਾ ਕੇਸ ਦਰਜ ਕੀਤਾ ਗਿਆ ਹੈ। ਪੁਲਸ ਨੇ ਇਸ ਮਾਮਲੇ 'ਚ ਠੋਸ ਕਾਨੂੰਨੀ ਕਾਰਵਾਈ ਕਰਨ ਦਾ ਭਰੋਸਾ ਦੇ ਕੇ ਕਿਸੇ ਤਰ੍ਹਾਂ ਪ੍ਰਦਰਸ਼ਨਕਾਰੀਆਂ ਨੇ ਧਰਨੇ ਨੂੰ ਚੁੱਕਿਆ।
ਕਦੋਂ ਗਿਆ ਸੀ ਪਿੰ੍ਰਸ ਘਰੋਂ? : ਪਿੰ੍ਰਸ ਕੁਮਾਰ 18 ਫਰਵਰੀ ਨੂੰ ਘਰੋਂ ਗਿਆ ਸੀ, ਜਿਸ ਨੂੰ ਉਸ ਦਾ ਦੋਸਤ ਅਜੇ ਕੁਮਾਰ ਲੈਣ ਆਇਆ ਸੀ। ਉਸ ਦਿਨ ਉਪਰੰਤ ਪਿੰ੍ਰਸ ਲਾਪਤਾ ਹੋ ਗਿਆ ਅਤੇ ਵਾਪਸ ਘਰ ਨਹੀਂ ਪਰਤਿਆ। ਇਸ ਸਬੰਧੀ ਪਰਿਵਾਰ ਵਾਲਿਆਂ ਨੇ ਉਸ ਦੀ ਸ਼ਿਕਾਇਤ ਦਰਜ ਕਰਵਾਈ ਸੀ।
ਕੀ ਹੈ ਮਾਮਲਾ? : ਪਰਿਵਾਰ ਵਾਲਿਆਂ ਅਨੁਸਾਰ ਪਿੰ੍ਰਸ ਮਿਹਨਤ/ਮਜ਼ਦੂਰੀ ਕਰਦਾ ਸੀ ਤੇ ਅਕਸਰ ਆਪਣੇ ਦੋਸਤ ਅਜੇ ਨਾਲ ਹੀ ਕੰਮ 'ਤੇ ਜਾਂਦਾ ਸੀ। 18 ਫਰਵਰੀ ਨੂੰ ਵੀ ਅਜੇ ਉਸ ਨੂੰ ਘਰੋਂ ਕੰਮ ਲਈ ਲੈ ਕੇ ਗਿਆ ਸੀ। ਦੇਰ ਰਾਤ ਤੱਕ ਜਦੋਂ ਪਿੰ੍ਰਸ ਘਰ ਵਾਪਸ ਨਹੀਂ ਪਹੁੰਚਿਆ ਅਤੇ ਉਸ ਦਾ ਫੋਨ ਵੀ ਬੰਦ ਆਉਣ ਲੱਗਾ ਤਾਂ ਪਰਿਵਾਰ ਵਾਲਿਆਂ ਨੇ ਉਸ ਦੀ ਸ਼ਿਕਾਇਤ ਪੁਲਸ ਨੂੰ ਦਰਜ ਕਰਵਾ ਦਿੱਤੀ। ਅੱਜ ਸਵੇਰੇ ਜਦੋਂ ਪੁਲਸ ਨੂੰ ਜਾਣਕਾਰੀ ਮਿਲੀ ਕਿ ਇਕ ਨੌਜਵਾਨ ਦੀ ਲਾਸ਼ ਗਟਰ 'ਚ ਪਈ ਹੈ ਤਾਂ ਮੌਕੇ 'ਤੇ ਪਹੁੰਚੀ ਪੁਲਸ ਵੱਲੋਂ ਲਾਸ਼ ਨੂੰ ਬਾਹਰ ਕੱਢਿਆ ਗਿਆ ਅਤੇ ਪਿੰ੍ਰਸ ਦੇ ਪਰਿਵਾਰ ਨੂੰ ਪਛਾਣ ਲਈ ਬੁਲਾਇਆ ਗਿਆ, ਜਿਥੇ ਉਸ ਦੇ ਪਿਤਾ ਮਲਕੀਤ ਸਿੰਘ ਨੇ ਪਿੰ੍ਰਸ ਨੂੰ ਪਛਾਣ ਲਿਆ, ਜਿਸ ਉਪਰੰਤ ਗੁੱਸੇ 'ਚ ਆਏ ਪਰਿਵਾਰ ਨੇ ਚੌਕੀ ਦੇ ਬਾਹਰ ਇਕੱਠੇ ਹੋ ਕੇ ਰਸਤਾ ਜਾਮ ਕਰ ਦਿੱਤਾ।
ਕੀ ਕਹਿਣਾ ਹੈ ਪੁਲਸ ਦਾ? : ਚੌਕੀ ਵੱਲਾ ਦੇ ਇੰਚਾਰਜ ਮੁਖਤਿਆਰ ਸਿੰਘ ਦਾ ਕਹਿਣਾ ਹੈ ਕਿ ਪਰਿਵਾਰ ਵਾਲਿਆਂ ਦੀ ਸ਼ਿਕਾਇਤ 'ਤੇ ਅਜੇ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ, ਜੋ ਘਰੋਂ ਫਰਾਰ ਹੈ, ਜਿਸ ਦੀ ਗ੍ਰਿਫਤਾਰੀ ਲਈ ਪੁਲਸ ਲਗਾਤਾਰ ਛਾਪੇ ਮਾਰ ਰਹੀ ਹੈ। ਲਾਸ਼ ਨੂੰ ਪੋਸਟਮਾਰਟਮ ਦੀ ਕਾਰਵਾਈ ਲਈ ਭੇਜ ਦਿੱਤਾ ਗਿਆ ਹੈ, ਜਿਸ ਦੀ ਰਿਪੋਰਟ ਆਉਣ 'ਤੇ ਪਿੰ੍ਰਸ ਦੀ ਮੌਤ ਦੇ ਕਾਰਨਾਂ ਦਾ ਅਸਲ ਖੁਲਾਸਾ ਹੋ ਸਕੇਗਾ।