ਵਿਆਹੁਤਾ ਦੀ ਸ਼ੱਕੀ ਹਾਲਤ ''ਚ ਸਰੋਵਰ ''ਚੋਂ ਮਿਲੀ ਲਾਸ਼

07/29/2017 7:10:48 AM

ਖਿਲਚੀਆਂ, (ਅਵਤਾਰ ਜੰਮੂ)- ਪੁਲਸ ਥਾਣਾ ਖਿਲਚੀਆਂ ਅਧੀਨ ਆਉਂਦੇ ਪਿੰਡ ਜੱਲੂਪੁਰ ਖੇੜਾ ਦੀ ਇਕ ਵਿਆਹੁਤਾ ਦੀ ਸ਼ੱਕੀ ਹਾਲਤ 'ਚ ਮੌਤ ਹੋਣ 'ਤੇ ਲਾਸ਼ ਪਿੰਡ ਦੇ ਸਰੋਵਰ 'ਚੋਂ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਲੜਕੀ ਦੇ ਪਿਤਾ ਦਵਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਹਾਲ ਵਾਸੀ ਬੀ. ਐੱਫ. 21 ਡੀ. ਡੀ. ਏ. ਜਗਸੀਰਪੁਰੀ ਥਾਣਾ ਪਹਿਰਗ ਪਾਰਕ ਦਿੱਲੀ ਨੇ ਦੱਸਿਆ ਕਿ ਉਸ ਦੀਆਂ 4 ਲੜਕੀਆਂ ਤੇ 1 ਲੜਕਾ ਹੈ, ਵੱਡੀ ਲੜਕੀ ਬਲਜੀਤ ਕੌਰ ਜੋ ਕਿ ਪਿੰਡ ਜੱਲੂਪੁਰ ਖੇੜਾ ਦੇ ਬਲਵਿੰਦਰ ਸਿੰਘ ਪੁੱਤਰ ਸੰਤੋਖ ਸਿੰਘ ਨਾਲ ਕਰੀਬ 10 ਸਾਲ ਪਹਿਲਾਂ ਵਿਆਹੀ ਸੀ ਤੇ ਅਕਸਰ ਪਤੀ ਦੀ ਕੁੱਟਮਾਰ ਤੇ ਘਰੇਲੂ ਝਗੜਾ ਹੱਦ ਤੋਂ ਵੱਧ ਹੋਣ ਕਾਰਨ ਤੰਗ ਸੀ। ਸਾਨੂੰ 24 ਜੁਲਾਈ 2017 ਨੂੰ ਫੋਨ ਆਇਆ ਕਿ ਬਲਜੀਤ ਕੌਰ ਦੀ ਮੌਤ ਹੋ ਗਈ ਹੈ, ਜਿਸ 'ਤੇ ਅਸੀਂ ਪਿੰਡ ਆ ਕੇ ਵੇਖਿਆ ਕਿ ਉਸ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਸਨ ਤੇ ਖੂਨ ਵੀ ਡੁੱਲ੍ਹਾ ਹੋਇਆ ਸੀ।
ਪਤਾ ਲੱਗਾ ਕਿ ਪਿੰਡ ਦੇ ਸਰੋਵਰ 'ਚ ਡਿੱਗ ਕੇ ਉਸ ਦੀ ਮੌਤ ਹੋਈ ਹੈ, ਜਿਸ ਸਬੰਧੀ ਅਸੀਂ ਪੁਲਸ ਥਾਣਾ ਖਿਲਚੀਆਂ ਨੂੰ ਇਤਲਾਹ ਦਿੱਤੀ। ਪੁਲਸ ਪ੍ਰਸ਼ਾਸਨ ਤੋਂ ਮੰਗ ਹੈ ਕਿ ਸਾਡੀ ਲੜਕੀ ਦਾ ਕਤਲ ਕੀਤਾ ਗਿਆ ਹੈ, ਨਾ ਕਿ ਉਹ ਖੁਦ ਮਰੀ ਹੈ, ਸਾਨੂੰ ਇਨਸਾਫ ਦਿਵਾਇਆ ਜਾਵੇ ਤੇ ਸੰਬੰਧਿਤ ਵਿਅਕਤੀਆਂ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਜਦੋਂ ਤਫਤੀਸ਼ੀ ਅਫਸਰ ਸਿਕੰਦਰ ਲਾਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਜੇ 174 ਦੀ ਕਾਰਵਾਈ ਕਰ ਦਿੱਤੀ ਗਈ ਹੈ ਪਰ ਪੂਰੇ ਮਾਮਲੇ ਦੀ ਸੱਚਾਈ ਜਾਣਨ ਲਈ ਮ੍ਰਿਤਕਾ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ, ਜੇਕਰ ਪੋਸਟਮਾਰਟਮ ਵਿਚ ਕੁਝ ਸ਼ੱਕੀ ਪਾਇਆ ਜਾਂਦਾ ਹੈ ਤਾਂ ਮ੍ਰਿਤਕਾ ਦੇ ਵਾਰਿਸਾਂ ਨੂੰ ਦੋਸ਼ੀਆਂ 'ਤੇ ਕਾਨੂੰਨੀ ਸ਼ਿਕੰਜਾ ਕੱਸ ਕੇ ਪੂਰਾ ਇਨਸਾਫ ਦਿਵਾਇਆ ਜਾਵੇਗਾ।


Related News