12 ਸਾਲ ਪਹਿਲਾਂ ਸਿਰ ਕੱਟੀ ਲਾਸ਼ ਮਿਲਣ ਦੇ ਮਾਮਲੇ ’ਚ ਪੁਲਸ ਅਧਿਕਾਰੀ ''ਕੇ ਡਿੱਗੀ ਗਾਜ
Monday, Aug 26, 2024 - 06:30 PM (IST)
ਗੁਰਦਾਸਪੁਰ (ਵਿਨੋਦ) : 12 ਸਾਲ ਪਹਿਲਾਂ ਇੰਪਰੂਵਮੈਂਟ ਟਰੱਸਟ ਦੀ 7 ਨੰਬਰ ਸਕੀਮ ’ਚੋਂ ਇਕ ਸਿਰ ਕੱਟੀ ਲਾਸ਼ ਮਿਲਣ ਵਾਲੇ ਮਾਮਲੇ ’ਚ ਜ਼ਿਲ੍ਹਾ ਅਦਾਲਤ ਵੱਲੋਂ ਇਕ ਪੁਲਸ ਅਧਿਕਾਰੀ ਦੇ ਗੈਰ-ਜ਼ਮਾਨਤੀ ਵਾਰੰਟ ਕੱਢੇ ਗਏ ਹਨ, ਜਦਕਿ ਮਾਮਲੇ ’ਚ ਸ਼ਾਮਲ ਕੁਝ ਅਧਿਕਾਰੀਆਂ ਨੂੰ ਜ਼ਮਾਨਤ ਦੇਣ ਤੋਂ ਬਾਅਦ ਕੁਝ ਨੂੰ ਅਦਾਲਤ ’ਚ ਪੇਸ਼ ਹੋਣ ਲਈ ਦੁਬਾਰਾ ਸੰਮਨ ਵੀ ਕੱਢੇ ਗਏ ਹਨ। ਦੱਸ ਦਈਏ ਕਿ ਮਾਮਲੇ ’ਚ ਇਕ ਔਰਤ ਦੇ ਕਤਲ ਦੇ ਦੋਸ਼ ਹੇਠ ਉਸਦੇ ਪਤੀ ਅਤੇ ਪਤੀ ਦੇ ਪਰਿਵਾਰਕ ਮੈਂਬਰਾਂ ਨੂੰ ਪੁਲਸ ਵੱਲੋਂ ਹਿਰਾਸਤ ’ਚ ਰੱਖ ਕੇ ਤਸੀਹੇ ਦਿੱਤੇ ਗਏ ਸਨ। ਬਾਅਦ ’ਚ ਪਤਾ ਲੱਗਾ ਕਿ ਉਕਤ ਔਰਤ ਤਾਂ ਜਿਉਂਦੀ ਜਾਗਦੀ ਹੈ ਅਤੇ ਆਪਣੇ ਜਵਾਈ ਨੂੰ ਫਸਾਉਣ ਲਈ ਸਹੁਰੇ ਨੇ ਕਿਸੇ ਹੋਰ ਔਰਤ ਦਾ ਕਤਲ ਕਰ ਕੇ ਉਸ ਨੂੰ ਆਪਣੀ ਲੜਕੀ ਦੇ ਕੱਪੜੇ ਪਹਿਨਾ ਦਿੱਤੇ ਸਨ।
ਇਹ ਵੀ ਪੜ੍ਹੋ : ਮੌਤ ਤੋਂ ਕੁਝ ਪਲ ਪਹਿਲਾਂ 23 ਸਾਲਾ ਕੁੜੀ ਦੀ ਵੀਡੀਓ, ਨਹੀਂ ਦੇਖ ਹੁੰਦਾ ਹਾਲ
ਮਾਮਲਾ ਇਹ ਹੈ ਕਿ ਸ਼ਿਕਾਇਤਕਰਤਾ ਮਨੋਜ ਕੁਮਾਰ ਦਾ ਵਿਆਹ ਗੋਲਡੀ ਪੁੱਤਰੀ ਬੂਆ ਮਸੀਹ ਵਾਸੀ ਪਿੰਡ ਮਾਨ ਚੋਪੜਾ ਨਾਲ ਹੋਇਆ ਸੀ। ਹਾਲਾਂਕਿ ਸ਼ਿਕਾਇਤਕਰਤਾ ਦਾ ਸਹੁਰਾ ਉਸ ਦੀ ਲੜਕੀ ਦਾ ਵਿਆਹ ਕਿਸੇ ਹੋਰ ਲੜਕੇ ਨਾਲ ਕਰਵਾਉਣਾ ਚਾਹੁੰਦਾ ਸੀ। ਇਸ ਲਈ ਉਹ ਸ਼ਿਕਾਇਤਕਰਤਾ ਨੂੰ ਕਿਸੇ ਝੂਠੇ ਅਪਰਾਧਿਕ ਕੇਸ ’ਚ ਫਸਾਉਣਾ ਚਾਹੁੰਦਾ ਸੀ। ਸ਼ਿਕਾਇਤਕਰਤਾ ਮਨੋਜ ਕੁਮਾਰ ਦੇ ਸਹੁਰੇ ਬੂਆ ਮਸੀਹ ਨੇ ਉਸ ਨੂੰ ਅਤੇ ਉਸ ਦੇ ਹੋਰ ਪਰਿਵਾਰਕ ਮੈਂਬਰਾਂ ਨੂੰ ਫਸਾਉਣ ਲਈ ਸ਼ਿਕਾਇਤਕਰਤਾ ਦੀ ਪਤਨੀ ਅਤੇ ਉਸ ਦੇ ਹੋਰ ਪਰਿਵਾਰਕ ਮੈਂਬਰਾਂ ਨਾਲ ਮਿਲੀਭੁਗਤ ਕਰਕੇ 11 ਦਸੰਬਰ 2011 ਦੀ ਰਾਤ ਨੂੰ ਦਰਸ਼ਨਾ ਉਰਫ ਗੋਗਨ ਨਾਮਕ ਇਕ ਹੋਰ ਔਰਤ ਦਾ ਕਤਲ ਕਰ ਦਿੱਤਾ ਅਤੇ ਉਸ ਦਾ ਸਿਰ ਵੱਖ ਕਰ ਦਿੱਤਾ ਗਿਆ। ਲਾਸ਼ ਤੋਂ ਕੱਪੜੇ ਉਤਾਰ ਕੇ ਸ਼ਿਕਾਇਤਕਰਤਾ ਦੀ ਪਤਨੀ ਦੇ ਕੱਪੜੇ ਲਾਸ਼ ’ਤੇ ਪਾ ਦਿੱਤੇ।
ਸ਼ਿਕਾਇਤਕਰਤਾ ਦੇ ਸਹੁਰੇ ਨੇ ਸਿਆਸੀ ਪ੍ਰਭਾਵ ਦੇ ਚੱਲਦਿਆਂ ਸਿਟੀ ਗੁਰਦਾਸਪੁਰ 'ਚ ਝੂਠੀ ਸ਼ਿਕਾਇਤ ਕਰ ਦਿੱਤੀ ਕਿ ਸ਼ਿਕਾਇਤਕਰਤਾ ਮਨੋਜ ਕੁਮਾਰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਲੜਕੀ ਗੋਲਡੀ ਦਾ ਕਤਲ ਕਰ ਦਿੱਤਾ ਹੈ। ਕਥਿਤ ਸਿਆਸੀ ਦਬਾਅ ਹੇਠ ਪੁਲਸ ਦੇ ਡੀ. ਐੱਸ. ਸਿਟੀ ਗੁਰਦਾਸਪੁਰ ਨੇ ਝੂਠੀ ਕਹਾਣੀ ਘੜ ਕੇ ਧਾਰਾ 302, 201 ਅਤੇ 34 ਆਈ. ਪੀ. ਸੀ. ਤਹਿਤ 12 ਦਸੰਬਰ 2011 ਨੂੰ ਝੂਠੀ ਐੱਫ. ਆਈ. ਆਰ. ਨੰਬਰ 217 ਦਰਜ ਕਰ ਦਿੱਤੀ ਅਤੇ ਉਸੇ ਦਿਨ ਦੁਪਹਿਰ 2 ਵਜੇ ਵਜੇ ਏ. ਐੱਸ. ਆਈ. ਜੋਗਿੰਦਰ ਸਿੰਘ, ਐੱਸ. ਐੱਚ. ਓ. ਜੋਗਾ ਸਿੰਘ, ਇੰਸਪੈਕਟਰ ਯਾਦਵਿੰਦਰ ਸਿੰਘ, ਡੀ. ਐੱਸ. ਪੀ. ਗਰੀਬ ਦਾਸ ਅਤੇ ਡੀ. ਐੱਸ. ਪੀ. ਅਜਿੰਦਰ ਸਿੰਘ ਸਮੇਤ ਹੋਰ ਪੁਲਸ ਅਧਿਕਾਰੀਆਂ ਨੇ ਉਸ ਦੇ ਕੁਆਰਟਰ ’ਚ ਛਾਪਾ ਮਾਰਿਆ ਅਤੇ ਸ਼ਿਕਾਇਤਕਰਤਾ ਮਨੋਜ ਅਤੇ ਉਸ ਦੇ ਹੋਰ ਪਰਿਵਾਰਕ ਮੈਂਬਰਾਂ ਨੂੰ ਵੀ ਹਿਰਾਸਤ ’ਚ ਲੈ ਲਿਆ।
ਇਹ ਵੀ ਪੜ੍ਹੋ : ਪੰਜਾਬ 'ਚ ਖ਼ੌਫਨਾਕ ਘਟਨਾ, ਭੂਤ ਕੱਢਣ ਦੇ ਨਾਂ ਤੇ ਪਾਦਰੀ ਨੇ ਕੁੱਟ-ਕੁੱਟ ਕੇ ਮਾਰ 'ਤਾ ਮੁੰਡਾ
ਉਕਤ ਪੁਲਸ ਦੇ ਅਧਿਕਾਰੀਆਂ ਨੇ ਸ਼ਿਕਾਇਤਕਰਤਾ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਵੱਖ-ਵੱਖ ਥਾਣਿਆਂ ’ਚ 10 ਦਿਨਾਂ ਤੱਕ ਨਾਜਾਇਜ਼ ਹਿਰਾਸਤ ’ਚ ਰੱਖਿਆ ਅਤੇ ਉਨ੍ਹਾਂ ਨੂੰ ਔਰਤ ਦੇ ਕਤਲ ਦਾ ਇਕਬਾਲ ਕਰਨ ਲਈ ਤਸੀਹੇ ਦਿੱਤੇ। ਪੁੱਛਗਿੱਛ ਦੌਰਾਨ ਵੀ ਪੁਲਸ ਪਾਰਟੀ ਨੇ ਸ਼ਿਕਾਇਤਕਰਤਾ ਨੂੰ ਅੰਦਰੂਨੀ ਸੱਟਾਂ ਮਾਰੀਆਂ, ਜਿਸ ਕਾਰਨ ਅਜੇ ਤੱਕ ਉਸ ਦੀਆਂ ਲੱਤਾਂ ’ਚ ਸੋਜ਼ ਰਹਿੰਦੀ ਹੈ ਅਤੇ ਉਸ ਦੇ ਹੱਥ ਵੀ ਠੀਕ ਤਰ੍ਹਾਂ ਕੰਮ ਨਹੀਂ ਕਰ ਰਹੇ। ਇਥੇ ਹੀ ਬਸ ਨਹੀਂ ਸ਼ਿਕਾਇਤਕਰਤਾ ਮਨੋਜ ਕੁਮਾਰ ਦਾ ਕਹਿਣਾ ਹੈ ਕਿ ਪੁਲਸ ਅਧਿਕਾਰੀਆਂ ਵੱਲੋਂ ਗੈਰ-ਕਾਨੂੰਨੀ ਹਿਰਾਸਤ ’ਚ ਰੱਖੇ ਜਾਣ ਦੇ ਸਦਮੇ ਕਾਰਨ ਹੀ ਉਸਦੇ ਮਾਤਾ-ਪਿਤਾ ਅਤੇ ਹੋਰ ਇਕ ਪਰਿਵਾਰਕ ਮੈਂਬਰ ਦੀ ਮੌਤ ਹੋ ਚੁੱਕੀ ਹੈ। ਬਾਅਦ ’ਚ ਸ਼ਿਕਾਇਤਕਰਤਾ ਵੱਲੋਂ ਆਪਣੇ ਸਹੁਰੇ ਪਰਿਵਾਰ ਦੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਅਤੇ ਹਾਈਕੋਰਟ ਦੀ ਸ਼ਰਨ ਲਈ ਗਈ। ਉਪਰੰਤ ਸ਼ਿਕਾਇਤਕਰਤਾ ਦੇ ਖਿਲਾਫ ਝੂਠੀ ਸਾਜ਼ਿਸ਼ ਕਰਨ ਅਤੇ ਇਕ ਔਰਤ ਦੇ ਕਤਲ ਦੇ ਦੋਸ਼ ਹੇਠ ਸ਼ਿਕਾਇਤਕਰਤਾ ਦੀ ਪਤਨੀ, ਸਹੁਰੇ, ਸਾਲੇ ਅਤੇ ਉਨ੍ਹਾਂ ਦੇ ਸਾਥੀਆਂ ਸਮੇਤ ਕੁੱਲ 8 ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕੀਤਾ ਗਿਆ, ਜਿਨ੍ਹਾਂ ਨੂੰ ਅਦਾਲਤ ਵੱਲੋਂ 9 ਮਾਰਚ 2017 ਨੂੰ ਉਮਰ ਕੈਦ ਦੀ ਸਜ਼ਾ ਵੀ ਦਿੱਤੀ ਜਾ ਚੁੱਕੀ ਹੈ।
ਦੂਜੇ ਪਾਸੇ ਹਾਈਕੋਰਟ ਦੇ ਦਖਲ ਤੋਂ ਬਾਅਦ ਜ਼ਿਲ੍ਹੇ ਦੀ ਇਕ ਅਦਾਲਤ ਵੱਲੋਂ ਤਤਕਾਲੀ ਪੁਲਸ ਅਧਿਕਾਰੀਆਂ ਰਾਮ ਸਿੰਘ, ਆਈ. ਪੀ. ਐੱਸ. ਤਤਕਾਲੀ ਡੀ. ਆਈ. ਜੀ. ਅੰਮ੍ਰਿਤਸਰ, ਕੁੰਵਰ ਵਿਜੇ ਪ੍ਰਤਾਪ ਆਈ. ਪੀ. ਐੱਸ. ਜਸਕੀਰਤ ਸਿੰਘ ਚਾਹਲ, ਐੱਸ. ਪੀ. ਗੁਰਚਰਨ ਸਿੰਘ ਗੁਰਾਇਆ ਡੀ. ਐੱਸ. ਪੀ, ਅਜਿੰਦਰ ਸਿੰਘ ਡੀ. ਐੱਸ. ਪੀ., ਗਰੀਬ ਦਾਸ, ਡੀ. ਐੱਸ. ਪੀ., ਯਾਦਵਿੰਦਰ ਸਿੰਘ ਐੱਸ. ਐੱਚ. ਓ., ਇੰਸਪੈਕਟਰ ਜੋਗਾ ਸਿੰਘ ਐੱਸ. ਐੱਚ. ਓ. ਅਤੇ ਏ. ਐੱਸ. ਆਈ. ਜਗਦੇਵ ਸਿੰਘ ਦੇ ਖਿਲਾਫ ਸ਼ਿਕਾਇਤਕਰਤਾ ਮਨੋਜ ਕੁਮਾਰ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਨਾਜਾਇਜ਼ ਹਿਰਾਸਤ ’ਚ ਰੱਖਣ, ਤਸੀਹੇ ਦੇਣ ਅਤੇ ਦਸਤਾਵੇਜ਼ਾਂ ਨਾਲ ਛੇੜਛਾੜ ਕਰਨ ਦੇ ਦੋਸ਼ਾਂ ਹੇਠ ਮਾਮਲੇ ਦੀ ਸੁਣਵਾਈ ਸ਼ੁਰੂ ਕਰ ਦਿੱਤੀ ਗਈ। ਜ਼ਿਲ੍ਹਾ ਅਦਾਲਤ ਵੱਲੋਂ ਨਿਯਮਾਂ ਤਹਿਤ ਪੁਲਸ ਅਧਿਕਾਰੀਆਂ ਨੂੰ ਪਹਿਲਾਂ ਪੇਸ਼ ਹੋਣ ਲਈ ਸੰਮਨ ਕੱਢੇ ਗਏ ਸਨ, ਜਿਨ੍ਹਾਂ ’ਚੋਂ ਏ. ਐੱਸ. ਆਈ. ਜਗਦੇਵ ਸਿਘ ਨੂੰ ਜ਼ਮਾਨਤ ਮਿਲ ਚੁੱਕੀ ਹੈ, ਜਦਕਿ ਤਤਕਾਲੀ ਡੀ. ਐੱਸ. ਪੀ. ਗਰੀਬ ਦਾਸ ਵੱਲੋਂ ਵਕੀਲ ਰਾਹੀਂ ਆਤਮ ਸਮਰਪਣ ਅਤੇ ਜ਼ਮਾਨਤ ਲਈ ਅਰਜ਼ੀ ਦਾਖ਼ਲ ਕੀਤੀ ਗਈ ਸੀ, ਜਿਸ ਦੀ ਸੁਣਵਾਈ ਤੋਂ ਬਾਅਦ ਉਸ ਨੂੰ ਵੀ ਬੀਤੇ ਦਿਨ ਜ਼ਮਾਨਤ ਦੇ ਦਿੱਤੀ ਗਈ। ਇਸ ਤੋਂ ਇਲਾਵਾ ਰਾਮ ਸਿੰਘ, ਕੁੰਵਰ ਵਿਜੇ ਪ੍ਰਤਾਪ ਸਿੰਘ, ਗੁਰਚਰਨ ਸਿੰਘ, ਅਜਿੰਦਰ ਸਿੰਘ, ਇੰਸਪੈਕਟਰ ਜੋਗਾ ਸਿੰਘ, ਜਸਕੀਰਤ ਸਿੰਘ ਚਾਹਲ ਨੂੰ 07.09.2024 ਨੂੰ ਦੁਬਾਰਾ ਪੇਸ਼ ਹੋਣ ਲਈ ਸੰਮਨ ਜਾਰੀ ਕਰ ਦਿੱਤੇ ਗਏ ਹਨ। ਜਦਕਿ ਮਾਮਲੇ ਦੇ ਇਕ ਹੋਰ ਕਥਿਤ ਦੋਸ਼ੀ ਏ. ਐੱਸ. ਆਈ. ਯਾਦਵਿੰਦਰ ਸਿੰਘ ਦੀ ਗ੍ਰਿਫ਼ਤਾਰੀ ਦੇ ਵਾਰੰਟ ਅਦਾਲਤ ਵੱਲੋਂ ਜਾਰੀ ਕੀਤੇ ਗਏ ਹਨ।
ਇਹ ਵੀ ਪੜ੍ਹੋ : NRI ਨੂੰ ਗੋਲੀਆਂ ਮਾਰਨ ਦੇ ਮਾਮਲੇ 'ਚ ਐਕਸ਼ਨ 'ਚ ਡੀ. ਜੀ. ਪੀ., ਇਸ ਅਫ਼ਸਰ ਨੂੰ ਸੌਂਪੀ ਜ਼ਿੰਮੇਵਾਰੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8