ਪੰਜਾਬ ’ਚ ਕੈਪਟਨ ਨੂੰ ਲੈ ਕੇ ਅਜੇ ਵੀ ਕਨਫਿਊਜ਼ ਹੈ ਭਾਜਪਾ
Tuesday, Oct 19, 2021 - 02:54 AM (IST)
ਜਲੰਧਰ(ਜ.ਬ.)– 2022 ਵਿਚ ਦੇਸ਼ ਦੇ 5 ਪ੍ਰਮੁੱਖ ਸੂਬਿਆਂ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਜਿਨ੍ਹਾਂ ਵਿਚ ਪੰਜਾਬ, ਉੱਤਰ ਪ੍ਰਦੇਸ਼, ਮਣੀਪੁਰ, ਗੋਆ ਤੇ ਉੱਤਰਾਖੰਡ ਸ਼ਾਮਲ ਹਨ। ਪੰਜਾਬ ਵਿਚ ਵੀ ਸਾਰੀਆਂ ਸਿਆਸੀ ਪਾਰਟੀਆਂ ਲਈ ਇਹ ਚੋਣਾਂ ਬੇਹੱਦ ਅਹਿਮ ਹਨ, ਜਿਸ ਦੇ ਲਈ ਜ਼ੋਰ-ਅਜ਼ਮਾਇਸ਼ ਚੱਲ ਰਹੀ ਹੈ। ਪਿਛਲੇ ਦਿਨੀਂ ਪੰਜਾਬ ਵਿਚ ਸਿਆਸੀ ਤੌਰ ’ਤੇ ਕਾਫੀ ਘਮਾਸਾਨ ਮਚਿਆ ਰਿਹਾ। ਇਹ ਸਭ ਆਉਣ ਵਾਲੀਆਂ ਚੋਣਾਂ ਦੀ ਦਸਤਕ ਕਾਰਨ ਹੋ ਰਿਹਾ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਾਂਗਰਸ ਨੂੰ ਛੱਡ ਕੇ ਭਾਜਪਾ ਵਿਚ ਜਾਣ ਦੀ ਚਰਚਾ ਵੀ ਖੂਬ ਚੱਲ ਰਹੀ ਹੈ ਪਰ ਫਿਲਹਾਲ ਭਾਜਪਾ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਰਿਸਰਚ ਦੇ ਕੰਮ ਵਿਚ ਲੱਗੀ ਹੋਈ ਹੈ।
ਇਹ ਵੀ ਪੜ੍ਹੋ- ਪੰਜਾਬ ਵਿਧਾਨਸਭਾ ਚੋਣਾਂ ਲਈ ਪੰਜਾਬੀਆਂ ਨੂੰ ਆ ਰਹੇ ਕੇਜਰੀਵਾਲ ਦੇ ਫ਼ੋਨ
ਭਾਜਪਾ ਸੂਤਰਾਂ ਤੋਂ ਖਬਰ ਮਿਲੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਭਾਜਪਾ ਵਿਚ ਲੈ ਕੇ ਆਉਣ ’ਤੇ ਚਰਚਾ ਚੱਲ ਰਹੀ ਹੈ। ਭਾਜਪਾ ਦੇ ਨੇਤਾ ਮੰਨਦੇ ਹਨ ਕਿ ਪੰਜਾਬ ਵਿਚ ਕੈਪਟਨ ਇਕ ਵੱਡਾ ਚਿਹਰਾ ਹਨ ਅਤੇ ਸਥਾਨਕ ਪੱਧਰ ’ਤੇ ਭਾਜਪਾ ਕੋਲ ਇਸ ਤਰ੍ਹਾਂ ਦਾ ਕੋਈ ਸਿੱਖ ਚਿਹਰਾ ਨਹੀਂ ਹੈ। ਇਸ ਸੋਚ ਨੂੰ ਧਿਆਨ ਵਿਚ ਰੱਖਦਿਆਂ ਪਾਰਟੀ ਯੋਜਨਾ ’ਤੇ ਕੰਮ ਕਰ ਰਹੀ ਹੈ।
ਵੱਡੀ ਰਣਨੀਤੀ ਬਣਾ ਰਹੀ ਹੈ ਭਾਜਪਾ
ਇਹ ਵੀ ਪਤਾ ਲੱਗਾ ਹੈ ਕਿ ਕੈਪਟਨ ਨੂੰ ਜੇ ਭਾਜਪਾ ਆਪਣੇ ਖੇਮੇ ਵਿਚ ਸ਼ਾਮਲ ਕਰਦੀ ਹੈ ਤਾਂ ਉਨ੍ਹਾਂ ਨੂੰ ਕੌਮੀ ਪੱਧਰ ’ਤੇ ਕੋਈ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ ਅਤੇ ਇਸ ਦੌਰਾਨ ਉਨ੍ਹਾਂ ਨੂੰ ਪੰਜਾਬ ਵਿਚ ਪਾਰਟੀ ਐਕਟਿਵ ਕਰੇਗੀ। ਜੇ ਸਭ ਕੁਝ ਇੰਝ ਹੀ ਚੱਲਦਾ ਰਿਹਾ ਤਾਂ ਪਾਰਟੀ ਆਉਣ ਵਾਲੇ ਸਮੇਂ ’ਚ ਕੋਈ ਵੱਡੀ ਰਣਨੀਤੀ ਤਿਆਰ ਕਰ ਸਕਦੀ ਹੈ। ਅਜੇ ਤਕ ਭਾਜਪਾ ਨੇ ਕੈਪਟਨ ਨੂੰ ਲੈ ਕੇ ਕੁਝ ਸਰਵੇ ਕਰਵਾਏ ਹਨ, ਜਿਨ੍ਹਾਂ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਕੈਪਟਨ ਕਾਰਨ ਪੰਜਾਬ ਵਿਚ ਭਾਜਪਾ ਨੂੰ ਬੂਸਟ ਮਿਲ ਸਕਦਾ ਹੈ ਪਰ ਅਜੇ ਤਕ ਪਾਰਟੀ ਇਸ ਲਈ ਅੱਗੇ ਨਹੀਂ ਵਧ ਰਹੀ ਕਿਉਂਕਿ ਕੈਪਟਨ ’ਤੇ ਅਜੇ ਸਥਿਤੀ ਸਪਸ਼ਟ ਨਹੀਂ ਹੈ। ਕੈਪਟਨ ਨੂੰ ਲੈ ਕੇ ਪਾਰਟੀ ਵਿਚ ਵਰਕਰਾਂ ਤੋਂ ਰਾਏ ਲਈ ਜਾ ਰਹੀ ਹੈ, ਜਿਸ ਵਿਚ ਰਲੀ-ਮਿਲੀ ਪ੍ਰਤੀਕਿਰਿਆ ਮਿਲ ਰਹੀ ਹੈ।
ਇਹ ਵੀ ਪੜ੍ਹੋ- ਅੰਨਗੜ੍ਹ ’ਚ ਪੁਲਸ ਵੱਲੋ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਹੋਈ ਠੱਪ, ਨਸ਼ੇ ਵੇਚਣ ਵਾਲੇ ਸਰਗਰਮ
ਮੁੜ ਦਿੱਲੀ ਦੌਰੇ ’ਤੇ ਕੈਪਟਨ
ਕੈਪਟਨ ਅਮਰਿੰਦਰ ਸਿੰਘ ਇਕ ਵਾਰ ਮੁੜ ਦਿੱਲੀ ਵਿਚ ਹਨ। ਪਤਾ ਲੱਗਾ ਹੈ ਕਿ ਉਹ 2 ਦਿਨ ਦਿੱਲੀ ਵਿਚ ਰਹਿਣਗੇ। ਇਸ ਦੌਰਾਨ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰ ਸਕਦੇ ਹਨ। ਇਸ ਤੋਂ ਪਹਿਲਾਂ ਵੀ ਕੈਪਟਨ ਭਾਜਪਾ ਦੇ ਨੇਤਾਵਾਂ ਨਾਲ ਬੈਠਕ ਕਰ ਚੁੱਕੇ ਹਨ, ਜਦੋਂਕਿ ਅਸਤੀਫੇ ਤੋਂ ਬਾਅਦ ਉਨ੍ਹਾਂ ਦੀ ਭਾਜਪਾ ਨੇਤਾਵਾਂ ਨਾਲ ਇਹ ਤੀਜੀ ਬੈਠਕ ਹੈ।