ਪ੍ਰਸ਼ਾਸਨ ਦੀ ਨਾਲਾਇਕੀ ਚਾਈਨਾ ਡੋਰ ਦਾ ਗੜ੍ਹ ਬਣੀ ਗੁਰੂ ਨਗਰੀ

01/13/2018 7:22:56 AM

ਅੰਮ੍ਰਿਤਸਰ, (ਦਲਜੀਤ)- ਲੋਹੜੀ ਦਾ ਤਿਉਹਾਰ ਨੇੜੇ ਆਉਂਦੇ ਹੀ ਪਾਬੰਦੀਸ਼ੁਦਾ ਖਤਰਨਾਕ ਚਾਈਨਾ ਡੋਰ ਦੀ ਵਿਕਰੀ ਤੇਜ਼ੀ ਨਾਲ ਹੋਣ ਲੱਗ ਪਈ ਹੈ। ਜ਼ਿਲਾ ਪ੍ਰਸ਼ਾਸਨ ਦੀ ਘੋਰ ਲਾਪ੍ਰਵਾਹੀ ਕਾਰਨ ਜਿਥੇ ਰੋਜ਼ਾਨਾ ਖੂਨੀ ਚਾਈਨਾ ਡੋਰ ਕਾਰਨ ਲੋਕ ਭਿਆਨਕ ਹਾਦਸਿਆਂ ਦੇ ਸ਼ਿਕਾਰ ਹੋ ਰਹੇ ਹਨ ਉਥੇ ਹੀ ਉਕਤ ਡੋਰ ਕਾਰਨ ਹਜ਼ਾਰਾਂ ਬੇਜ਼ੁਬਾਨ ਜਾਨਵਰ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਅੰਮ੍ਰਿਤਸਰ ਚਾਈਨਾ ਡੋਰ ਦਾ ਗੜ੍ਹ ਬਣ ਚੁੱਕਾ ਹੈ ਕਿਉਂਕਿ ਡੋਰ 'ਤੇ ਮੁਕੰਮਲ ਪਾਬੰਦੀ ਲਾਉਣ ਵਿਚ ਪ੍ਰਸ਼ਾਸਨ ਪੂਰੀ ਤਰ੍ਹਾਂ ਫੇਲ ਸਾਬਤ ਹੋਇਆ ਹੈ। ਸ਼ਹਿਰ ਦੇ ਬਾਜ਼ਾਰਾਂ ਵਿਚ ਕਈ ਦੁਕਾਨਾਂ 'ਤੇ ਉਕਤ ਡੋਰ ਦੀ ਮਿਲੀਭੁਗਤ ਨਾਲ ਧੜੱਲੇ ਨਾਲ ਵਿਕਰੀ ਹੋ ਰਹੀ ਹੈ ਪਰ ਰੋਕਣ ਵਾਲਾ ਕੋਈ ਨਹੀਂ।
ਜਾਣਕਾਰੀ ਅਨੁਸਾਰ ਚਾਈਨਾ ਡੋਰ ਬੇਹੱਦ ਖਤਰਨਾਕ ਹੋਣ ਕਾਰਨ ਅੰਮ੍ਰਿਤਸਰ ਦੇ ਜ਼ਿਲਾ ਪ੍ਰਸ਼ਾਸਨ ਵੱਲੋਂ ਉਕਤ ਡੋਰ ਦੀ ਵਿਕਰੀ ਤੇ ਖਰੀਦਣ 'ਤੇ ਮੁਕੰਮਲ ਪਾਬੰਦੀ ਲਾਈ ਹੋਈ ਹੈ। ਪ੍ਰਸ਼ਾਸਨ ਦੀ ਢਿੱਲਮੱਠ ਕਰ ਕੇ ਚਾਈਨਾ ਡੋਰ ਲੋਹੜੀ ਤੋਂ ਕੁਝ ਦਿਨ ਪਹਿਲਾਂ ਆਸਾਨੀ ਨਾਲ ਵਿਕ ਰਹੀ ਸੀ ਪਰ ਹੁਣ ਤਿਉਹਾਰ ਨੇੜੇ ਆਉਣ 'ਤੇ ਇਸ ਦੀ ਵਿਕਰੀ ਵਿਚ ਤੇਜ਼ੀ ਆ ਗਈ ਹੈ। ਹਰ ਚੌਕ ਵਿਚ ਉਕਤ ਡੋਰ ਆਸਾਨੀ ਨਾਲ  400 ਤੋਂ 500 ਰੁਪਏ ਵਿਚ ਮਿਲ ਰਹੀ ਹੈ। ਪ੍ਰਸ਼ਾਸਨ ਪਹਿਲਾਂ ਤਾਂ ਉਕਤ ਡੋਰ 'ਤੇ ਕਾਰਵਾਈ ਕਰਨ ਸਬੰਧੀ ਕੁੰਭਕਰਨੀ ਨੀਂਦ ਸੁੱਤਾ ਰਿਹਾ ਪਰ ਪਿਛਲੇ 2 ਦਿਨਾਂ 'ਚ ਪ੍ਰਸ਼ਾਸਨ ਦੀਆਂ ਕੁਝ ਹੀ ਟੀਮਾਂ ਵੱਲੋਂ ਦਿਹਾਤੀ ਤੇ ਸ਼ਹਿਰੀ ਖੇਤਰਾਂ ਵਿਚ ਛਾਪੇਮਾਰੀ ਕੀਤੀ ਗਈ। ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਛਾਪੇਮਾਰੀ ਇਕ ਦਿਖਾਵਾ ਹੀ ਹੈ ਜਦਕਿ ਅਜੇ ਵੀ ਚਾਈਨਾ ਡੋਰ ਵੇਚਣ ਵਾਲੇ ਮਨੁੱਖੀ ਜਾਨਾਂ ਨਾਲ ਖਿਲਵਾੜ ਕਰ ਕੇ ਆਪਣਾ ਕੰਮ ਕਰੀ ਜਾ ਰਹੇ ਹਨ। ਪ੍ਰਸ਼ਾਸਨ ਵੱਲੋਂ ਧਿਆਨ ਨਾ ਦੇਣ ਕਾਰਨ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ। ਪਿਛਲੇ ਸਾਲ ਸਖ਼ਤੀ ਕਾਰਨ ਚਾਈਨਾ ਡੋਰ 'ਤੇ ਕਾਫੀ ਨਕੇਲ ਕੱਸੀ ਗਈ ਸੀ ਪਰ ਇਸ ਵਾਰ ਪ੍ਰਸ਼ਾਸਨ ਉਕਤ ਡੋਰ 'ਤੇ ਪਾਬੰਦੀ ਸਬੰਧੀ ਗੰਭੀਰ ਹੀ ਨਹੀਂ ਹੋਇਆ।
ਗਠਿਤ ਟੀਮਾਂ ਦੀ ਕਾਰਵਾਈ ਕਾਗਜ਼ਾਂ ਤੱਕ ਸੀਮਤ
ਪ੍ਰਸ਼ਾਸਨ ਵੱਲੋਂ ਭਾਵੇਂ ਚਾਈਨਾ ਡੋਰ ਵੇਚਣ ਤੇ ਖਰੀਦਣ ਵਾਲਿਆਂ ਖਿਲਾਫ ਟੀਮਾਂ ਗਠਿਤ ਕੀਤੀਆਂ ਗਈਆਂ ਹਨ ਪਰ ਇਹ ਟੀਮਾਂ ਦੀ ਕਾਰਵਾਈ ਹੁਣ ਤੱਕ ਕਾਗਜ਼ਾਂ ਤਕ ਹੀ ਸੀਮਤ ਹੈ। ਟੀਮਾਂ 'ਚੋਂ ਕਈ ਅਧਿਕਾਰੀ ਤਾਂ ਅਜੇ ਵੀ ਦੁਕਾਨਾਂ 'ਤੇ ਛਾਪੇਮਾਰੀ ਵੀ ਕਰਨ ਨਹੀਂ ਗਏ  ਜਦਕਿ ਇੱਕਾ-ਦੁੱਕਾ ਟੀਮਾਂ ਦੇ ਈਮਾਨਦਾਰ ਤੇ ਮਿਹਨਤੀ ਅਧਿਕਾਰੀ ਹੀ ਪ੍ਰਸ਼ਾਸਨ ਦੇ ਹੁਕਮਾਂ 'ਤੇ ਪਹਿਰਾ ਦੇ ਕੇ ਛਾਪੇਮਾਰੀ ਕਰ ਰਹੇ ਹਨ। ਪ੍ਰਸ਼ਾਸਨ ਵੀ ਢਿੱਲਮੱਠ ਕਰਨ ਵਾਲੇ ਅਧਿਕਾਰੀਆਂ ਨੂੰ ਕੁਝ ਨਹੀਂ ਕਹਿ ਰਿਹਾ।
ਚਾਈਨਾ ਡੋਰ ਖਰੀਦਣ ਵਾਲਿਆਂ 'ਤੇ ਨਹੀਂ ਹੋਈ ਕਾਰਵਾਈ
ਚਾਈਨਾ ਡੋਰ ਵੇਚਣ ਵਾਲਿਆਂ 'ਤੇ ਜੇਕਰ ਪਾਬੰਦੀ ਹੈ ਤਾਂ ਚਾਈਨਾ ਡੋਰ ਖਰੀਦਣ ਵਾਲਿਆਂ 'ਤੇ ਵੀ ਕਾਨੂੰਨ ਅਨੁਸਾਰ ਕਾਰਵਾਈ ਹੁੰਦੀ ਹੈ। ਪਿਛਲੇ ਸਾਲ ਪੁਲਸ ਪ੍ਰਸ਼ਾਸਨ ਵੱਲੋਂ ਚਾਈਨਾ ਡੋਰ ਖਰੀਦਣ ਵਾਲਿਆਂ ਖਿਲਾਫ ਵੱਡੀ ਪੱਧਰ 'ਤੇ ਕਾਰਵਾਈ ਕੀਤੀ ਗਈ ਸੀ ਪਰ ਇਸ ਵਾਰ ਅਜਿਹਾ ਕੁਝ ਨਹੀਂ ਕੀਤਾ ਗਿਆ। ਧੜੱਲੇ ਨਾਲ ਚਾਈਨਾ ਡੋਰ ਖਰੀਦ ਕੇ ਮਨੁੱਖੀ ਜਾਨਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਪਿਛਲੇ ਸਾਲ ਬੱਚਿਆਂ 'ਤੇ ਨਹੀਂ ਬਲਕਿ ਚਾਈਨਾ ਡੋਰ ਦਾ ਇਸਤੇਮਾਲ ਕਰਨ ਸਮੇਂ ਬੱਚਿਆਂ ਦੇ ਮਾਪਿਆਂ 'ਤੇ ਵੀ ਪਰਚੇ ਹੋਏ ਸੀ।
ਪੜ੍ਹਿਆ ਲਿਖਿਆ ਵਰਗ ਬੱਚਿਆਂ ਅੱਗੇ ਬੇਬਸ
ਚਾਈਨਾ ਡੋਰ ਖਰੀਦਣ ਸਬੰਧੀ ਪੜ੍ਹਿਆ-ਲਿਖਿਆ ਵਰਗ ਭਾਵੇਂ ਵਿਰੁੱਧ ਹੋਵੇ ਪਰ ਉਹ ਵੀ ਆਪਣੇ ਬੱਚਿਆਂ ਦੀ ਜ਼ਿੱਦ ਅੱਗੇ ਬੇਬਸ ਹੈ। ਪੁਲਸ ਅਧਿਕਾਰੀ, ਅਧਿਆਪਕ, ਡਾਕਟਰ ਆਦਿ ਵਰਗ ਦੇ ਸਰਕਾਰੀ ਮੁਲਾਜ਼ਮਾਂ ਦੇ ਬੱਚੇ ਧੜੱਲੇ ਨਾਲ ਚਾਈਨਾ ਡੋਰ ਦਾ ਇਸਤੇਮਾਲ ਕਰ ਰਹੇ ਹਨ। ਉਕਤ ਵਰਗ ਲੋਕਾਂ ਨੂੰ ਨਸੀਅਤ ਤਾਂ ਦੇ ਰਿਹਾ ਹੈ ਪਰ ਆਪਣੇ ਬੱਚਿਆਂ ਨੂੰ ਇਸ ਖੂਨੀ ਡੋਰ ਦੇ ਮਾੜੇ ਸਿੱਟਿਆਂ ਸਬੰਧੀ ਜਾਗਰੂਕ ਨਹੀਂ ਕਰ ਰਿਹਾ ।
ਪ੍ਰਸ਼ਾਸਨ ਨੇ ਸਕੂਲੀ ਬੱਚਿਆਂ ਨੂੰ ਜਾਗਰੂਕ ਕਰਨ ਸਬੰਧੀ ਨਹੀਂ ਜਾਰੀ ਕੀਤੀ ਚਿੱਠੀ
ਚਾਈਨਾ ਡੋਰ ਦੀ ਵਿਕਰੀ 'ਤੇ ਇਸਤੇਮਾਲ ਸਬੰਧੀ ਹਰ ਸਾਲ ਜ਼ਿਲਾ ਪ੍ਰਸ਼ਾਸਨ ਵੱਲੋਂ ਸਰਕਾਰੀ, ਗੈਰ-ਸਰਕਾਰੀ, ਪ੍ਰਾਈਵੇਟ ਆਦਿ ਸੰਸਥਾਵਾਂ ਦੇ ਸਕੂਲਾਂ ਨੂੰ ਚਿੱਠੀਆਂ ਜਾਰੀ ਕਰ ਕੇ ਉਕਤ ਡੋਰ ਦੇ ਨੁਕਸਾਨ ਤੇ ਇਸਤੇਮਾਲ ਨਾ ਕਰਨ ਸਬੰਧੀ ਬੱਚਿਆਂ ਨੂੰ ਜਾਗਰੂਕ ਕਰਨ ਲਈ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਪਰ ਇਸ ਵਾਰ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੋਣ ਕਰ ਕੇ ਅਜਿਹਾ ਕੁਝ ਨਹੀਂ ਹੋਇਆ। ਸਕੂਲੀ ਬੱਚੇ ਅਜੇ ਵੀ ਵਧੇਰੇ ਚਾਈਨਾ ਡੋਰ ਦਾ ਹੀ ਇਸਤੇਮਾਲ ਕਰ ਰਹੇ ਹਨ।


Related News