ਫਿਰਕੂ ਤਣਾਅ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਨੂੰ ਨੱਥ ਪਾਈ ਜਾਵੇ : ਸੁਖਬੀਰ

Friday, Nov 24, 2017 - 12:46 AM (IST)

ਫਿਰਕੂ ਤਣਾਅ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਨੂੰ ਨੱਥ ਪਾਈ ਜਾਵੇ : ਸੁਖਬੀਰ

ਚੰਡੀਗੜ੍ਹ  (ਪਰਾਸ਼ਰ) - ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਉਨ੍ਹਾਂ ਸ਼ਰਾਰਤੀ ਤੱਤਾਂ ਦੀਆਂ ਫਿਰਕੂ ਤਣਾਅ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਨੂੰ ਤੁਰੰਤ ਨੱਥ ਪਾਉਣ, ਜਿਹੜੇ ਕਿ ਦਿਆਲ ਸਿੰਘ ਈਵਨਿੰਗ ਕਾਲਜ ਦਾ ਨਾਂ ਵੰਦੇ ਮਾਤਰਮ ਕਾਲਜ ਰੱਖਣਾ ਚਾਹੁੰਦੇ ਹਨ। ਪ੍ਰਧਾਨ ਮੰਤਰੀ ਨੂੰ ਇਕ ਚਿੱਠੀ ਲਿਖਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਰਾਸ਼ਟਰ ਨਿਰਮਾਤਾ ਦਿਆਲ ਸਿੰਘ ਮਜੀਠੀਆ ਦੇ ਨਾਂ 'ਤੇ ਬਣੇ ਕਾਲਜ ਦਾ ਨਾਂ ਬਦਲਣ ਦਾ ਬੇਲੋੜਾ ਅਤੇ ਖਤਰਨਾਕ ਵਿਵਾਦ ਸਾਡੇ ਦੇਸ਼ ਦੀਆਂ ਲੋਕਤੰਤਰੀ ਅਤੇ ਧਰਮ ਨਿਰਪੱਖ ਕਦਰਾਂ ਕੀਮਤਾਂ ਉਤੇ ਬਦਨੁਮਾ ਧੱਬਾ ਲਾਏਗਾ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਅਜਿਹੀਆਂ ਅਣਗਿਣਤ ਸੰਸਥਾਵਾਂ ਹਨ, ਜਿਹੜੀਆਂ ਭਗਤ ਸਿੰਘ, ਮਹਾਤਮਾ ਗਾਂਧੀ ਅਤੇ ਹੋਰ ਹਸਤੀਆਂ ਦੇ ਨਾਂ ਉਤੇ ਚੱਲ ਰਹੀਆਂ ਹਨ ਅਤੇ ਕੋਈ ਵੀ ਉਨ੍ਹਾਂ ਦਾ ਨਾਂ ਬਦਲ ਕੇ ਵੰਦੇ ਮਾਤਰਮ ਰੱਖਣ ਬਾਰੇ ਨਹੀਂ ਸੋਚ ਸਕਦਾ। ਕੋਈ ਵਿਅਕਤੀ ਸਿਰਫ ਸ਼ਰਾਰਤ ਕਰਨ ਲਈ ਹੀ ਅਜਿਹੇ ਕਦਮ ਨੂੰ ਜਾਇਜ਼ ਠਹਿਰਾ ਸਕਦਾ ਹੈ।
ਬਾਦਲ ਨੇ ਕਿਹਾ ਕਿ ਦਿਆਲ ਸਿੰਘ ਇਕ ਬਹੁਤ ਹੀ ਮਹਾਨ ਦੇਸ਼-ਭਗਤ ਅਤੇ ਦਾਨੀ ਵਿਅਕਤੀ ਸਨ, ਜਿਨ੍ਹਾਂ ਨੇ 1895 ਵਿਚ ਇਕ ਐਜੂਕੇਸ਼ਨਲ ਟਰੱਸਟ ਦੀ ਸਥਾਪਨਾ ਲਈ ਆਪਣੀ ਅਸਟੇਟ ਦੇ ਦਿੱਤੀ ਸੀ। ਜ਼ਿਕਰਯੋਗ ਹੈ ਕਿ ਦਿਆਲ ਸਿੰਘ ਕਾਲਜ ਦੀ ਸਥਾਪਨਾ 1910 'ਚ ਲਾਹੌਰ ਵਿਚ ਹੋਈ ਸੀ। ਵੰਡ ਮਗਰੋਂ ਦਿਆਲ ਸਿੰਘ ਕਾਲਜ ਕਰਨਾਲ ਅਤੇ ਦਿੱਲੀ ਵਿਚ ਬਣ ਗਿਆ ਸੀ। 1959 ਵਿਚ ਇਸ ਕਾਲਜ ਨੇ ਦਿੱਲੀ ਯੂਨੀਵਰਸਿਟੀ ਦੇ ਇਕ ਸਹਿਯੋਗੀ ਕਾਲਜ ਵਜੋਂ ਰਾਜਧਾਨੀ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਬਾਅਦ ਵਿਚ 1978 ਵਿਚ ਦਿੱਲੀ ਯੂਨੀਵਰਸਿਟੀ ਨੇ ਇਸ ਕਾਲਜ ਨੂੰ ਆਪਣੇ ਅਧੀਨ ਲੈ ਲਿਆ ਸੀ।
ਬਾਦਲ ਨੇ ਕਿਹਾ ਕਿ ਕਾਲਜ ਦੇ ਸਾਰੇ ਰਿਕਾਰਡ ਦਿਆਲ ਸਿੰਘ ਟਰੱਸਟ ਦੇ ਨਾਂ 'ਤੇ ਹਨ। ਇਸ ਤੋਂ ਬਾਅਦ 22 ਜੂਨ 1978 ਨੂੰ ਦਿਆਲ ਸਿੰਘ ਕਾਲਜ ਟਰੱਸਟ ਸੁਸਾਇਟੀ ਅਤੇ ਦਿੱਲੀ ਯੂਨੀਵਰਸਿਟੀ (ਪੁਆਇੰਟ 12) ਵਿਚਕਾਰ ਹੋਈ ਤਬਦੀਲੀ ਸੰਧੀ (ਟਰਾਂਸਫਰ ਡੀਡ) ਵਿਚ ਇਹ ਫੈਸਲਾ ਲਿਆ ਗਿਆ ਕਿ ਯੂਨੀਵਰਸਿਟੀ ਅਧੀਨ ਲਏ ਜਾਣ ਮਗਰੋਂ ਵੀ ਇਸ ਸੰਸਥਾ ਦਾ ਨਾਂ ਇਹੀ ਰਹੇਗਾ। ਉਨ੍ਹਾਂ ਕਿਹਾ ਕਿ ਗਵਰਨਿੰਗ ਬਾਡੀ ਵਲੋਂ ਦਿਆਲ ਸਿੰਘ ਕਾਲਜ ਦਾ ਨਾਂ ਬਦਲ ਕੇ ਵੰਦੇ ਮਾਤਰਮ ਰੱਖਣਾ ਇਸ ਕਲਾਜ਼ ਦੀ ਉਲੰਘਣਾ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਖੁਲਾਸਾ ਕੀਤਾ ਕਿ ਵੰਦੇ ਮਾਤਰਮ ਵਰਗੇ ਪਵਿੱਤਰ ਉਚਾਰਣ ਦੇ ਨਾਂ 'ਤੇ ਇਕ ਬੇਲੋੜਾ ਵਿਵਾਦ ਖੜ੍ਹਾ ਕੀਤਾ ਜਾ ਰਿਹਾ ਹੈ ਅਤੇ ਜਿਸ ਨਾਲ ਮੁਲਕ ਅੰਦਰ ਇਕ ਵੱਡਾ ਟਕਰਾਅ ਵਾਲਾ ਵਿਵਾਦ ਖੜ੍ਹਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਮੁੱਦੇ 'ਤੇ ਫਿਰਕੂ ਭਾਵਨਾਵਾਂ ਭੜਕਣੀਆਂ ਸ਼ੁਰੂ ਹੋ ਚੁੱਕੀਆਂ ਹਨ। ਇਨ੍ਹਾਂ ਨੂੰ ਇਥੇ ਹੀ ਦਬਾ ਦੇਣ ਦੀ ਲੋੜ ਹੈ। ਬਾਦਲ ਨੇ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਕਿ ਉਹ ਤੁਰੰਤ ਦਖ਼ਲ ਦੇ ਕੇ ਇਸ ਮੁੱਦੇ 'ਤੇ ਉੱਠ ਰਹੀ ਭੜਕਾਹਟ 'ਤੇ ਕਾਬੂ ਪਾਉਣ। ਉਨ੍ਹਾਂ ਕਿਹਾ ਕਿ ਤੁਹਾਡੇ ਵਲੋਂ ਦਿੱਤਾ ਦਖ਼ਲ ਹੀ ਮੁਲਕ ਅੰਦਰ ਫਿਰਕੂ ਸਦਭਾਵਨਾ ਅਤੇ ਸ਼ਾਂਤੀ ਨੂੰ ਮਜ਼ਬੂਤ ਕਰੇਗਾ।


Related News