ਪ੍ਰਿਅੰਕਾ ਦੀ ਆਮਦ ਨੇ ਲਿਆਂਦਾ ਭੂਚਾਲ, ਖੂਬ ਟਵੀਟੋ-ਟਵੀਟੀ ਹੋਏ ਸਿਆਸੀ ਆਗੂ

01/24/2019 7:03:10 PM

ਜਲੰਧਰ (ਜਸਬੀਰ ਵਾਟਾਂ ਵਾਲੀ) ਨਹਿਰੂ ਗਾਂਧੀ ਪਰਿਵਾਰ ਦੀ ਪੰਜਵੀਂ ਪੀੜ੍ਹੀ ਅਤੇ ਇੰਦਰਾਂ ਗਾਂਧੀ ਦੀ ਲਾਡਲੀ ਪੋਤੀ ਨੇ ਜਦੋਂ ਅਚਾਨਕ ਹੀ ਸਿਆਸਤ ਵਿਚ ਐਂਟਰੀ ਕੀਤੀ ਤਾਂ ਸਿਆਸੀ ਹਲਕਿਆਂ ਵਿਚ ਭੂਚਾਲ ਪੈਦਾ ਹੋ ਗਿਆ। ਰਾਹੁਲ ਗਾਂਧੀ ਦੇ ਇਸ ਫੈਸਲੇ ਤੋਂ ਬਾਅਦ ਸੈਂਕੜੇ ਦੇ ਕਰੀਬ ਸਿਆਸੀ ਲੀਡਰਾਂ ਅਤੇ ਰਾਜਨੀਤਕ ਮਾਹਰਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ। ਇਹ ਭੂਚਾਲ ਇਕੱਲੇ ਸਿਆਸੀ ਹਲਕਿਆਂ ਵਿਚ ਹੀ ਨਹੀਂ ਆਇਆ, ਸਗੋਂ ਭਾਰਤ ਦਾ ਸਮੁੱਚਾ ਮੀਡੀਆ ਹੀ ਰਾਹੁਲ ਗਾਂਧੀ ਦੇ ਇਸ ਐਲਾਨ ਤੋਂ ਬਾਅਦ ਪੱਭਾਂ ਭਾਰ ਹੋ ਗਿਆ। 

ਪ੍ਰਿਅੰਕਾ ਦੇ ਸਿਆਸਤ ਵਿਚ ਆਉਣ ਤੋਂ ਬਾਅਦ ਜਿੱਥੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਪੁੱਠੀਆਂ ਛਾਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ, ਉੱਥੇ ਹੀ ਭਾਜਪਾ ਦੇ ਮੁੱਖ ਆਗੂਆਂ ਨੇ ਵੀ ਟਵਿਟਰ ਉੱਤੇ ‘ਸ਼ਬਦ ਬਾਣ’ ਛੱਡਣੇ ਸ਼ੁਰੂ ਕਰ ਦਿੱਤੇ । ਟਵੀਟੋ-ਟਵੀਟੀ ਦੀ ਇਸ ਖੇਡ ’ਚ ਪੀ. ਐੱਮ. ਮੋਦੀ ਵੀ ਪਿੱਛੇ ਨਾ ਰਹੇ ਅਤੇ ਇਸ ਸਬੰਧੀ ਪ੍ਰਤੀਕਿਰਿਆ ਦਿੰਦੇ ਹੋਏ ਕਾਂਗਰਸ ਦੇ ਇਸ ਫੈਸਲੇ ਨੂੰ ‘ਪਰਿਵਾਰਵਾਦ ਦੀ ਰਾਜਨੀਤੀ’ ਕਰਾਰ ਦਿੱਤਾ। ਭਾਜਪਾ ਦੇ ਮੁੱਖ ਬੁਲਾਰੇ ਸੰਬਿਤ ਪਾਤਰਾ ਨੇ ਕਾਂਗਰਸ ਦੇ ਇਸ ਫੈਸਲੇ ਨੂੰ ਰਾਹੁਲ ਗਾਂਧੀ ਦੀ ਨਾਕਾਮੀ ਨਾਲ ਜੋੜ ਕੇ ਪੇਸ਼ ਕੀਤਾ। ਇਸ ਦੇ ਉਲਟ ਬੀ. ਜੇ. ਪੀ ਦੀ ਹਮਖਿਆਲ ਸ਼ਿਵਸੇਨਾ ਨੇ ਕਿਹਾ ਕਿ ਕਾਂਗਰਸ ਨੇ ਇਹ ਫੈਸਲਾ ਕਾਫੀ ਲੇਟ ਲਿਆ ਹੈ। ਇਕ ਰਿਪੋਰਟ ਮੁਤਾਬਕ ਲਗਭਗ ਸਾਰੇ ਮੁੱਖ ਆਗੂਆਂ ਨੇ ਵੱਖ-ਵੱਖ ਮੀਡੀਆ ਰਾਹੀਂ ਆਪਣੀ ਪ੍ਰਤੀਕਿਰਿਆ ਦਿੱਤੀ। ਪਰੰਪਰਗਤ ਮੀਡੀਆ ਨੇ ਵੀ ਇਸ ਮਾਮਲੇ ਸਬੰਧੀ ਕਾਫੀ ਦਿਲਚਸਪੀ ਦਿਖਾਈ ਅਤੇ ਪ੍ਰਿਅੰਕਾ ਦਾ ਸਿਆਸਤ ਵਿਚ ਆਮਦ ਲਗਭਗ ਅਖਬਾਰਾਂ ਦੀ ਮੁੱਖ ਸੁਰਖੀ ਬਣੀ। ਕਿਸੇ ਨੇ ਇਸ ਨੂੰ ਰਾਹੁਲ ਵੱਲੋਂ 2019 ਦੀਆਂ ਚੋਣਾਂ ਤੋਂ ਪਹਿਲਾਂ ਖੇਡਿਆ ਗਿਆ ਮਾਸਟਰ ਸਟ੍ਰੋਕ ਦੱਸਿਆ ਅਤੇ ‘ਕਿਸੇ ਨੇ ਇੰਦਰਾ ਇਜ਼ ਕਮ ਬੈਕ’ ਵੀ ਕਹਿ ਕੇ ਪ੍ਰਚਾਰਿਆ। ਇਸ ਦੇ ਨਾਲ-ਨਾਲ ਮੀਡੀਆ ਨੇ ਇਸ ਨੂੰ ‘ਕਾਂਗਰਸ ਦਾ ਬ੍ਰਹਮਅਸਤਰ’ ਕਹਿ ਕੇ ਵੀ ਸੰਬੋਧਨ ਕੀਤਾ। 

ਸਿਆਸੀ ਮਾਹਰਾਂ ਨੇ ਵੀ ਪ੍ਰਿਅੰਕਾ ਗਾਂਧੀ ਦੀ ਆਮਦ ਨੂੰ ਲੈ ਕੇ ਖੂਬ ਸਰਗਰਮੀ ਦਿਖਾਈ। ਕਿਸੇ ਨੇ ਪ੍ਰਿਅੰਕਾ ਨੂੰ ਮਮਤਾ ਬੈਨਰਜੀ ਅਤੇ ਮਾਇਆਵਤੀ ਦਾ ਤੋੜ ਦੱਸਿਆ ਅਤੇ ਕਿਸੇ ਨੇ ਭਾਜਪਾ ਦਾ ਸੂਪੜਾ ਸਾਫ ਕਰਨ ਲਈ ਪੈਦਾ ਹੋਇਆ ‘ਦੁਰਗਾ ਦਾ ਅਵਤਾਰ’ ਕਿਹਾ। ਵਿਦੇਸ਼ੀ ਮੀਡੀਆ ਨੇ ਕਾਂਗਰਸ ਦੇ ਇਸ ਫੈਸਲੇ ਨੂੰ ਵੱਖਰੇ ਦ੍ਰਿਸ਼ਟੀਕੋਣ ਤੋਂ ਪੇਸ਼ ਕੀਤਾ ਅਤੇ ਕਿਹਾ ਕਿ  ‘ਭਾਰਤ ਦੇ ਸਭ ਪੁਰਾਣੇ ਸਿਆਸੀ ਘਰਾਣੇ ਨੇ ਪੈਦਾ ਕੀਤਾ ਇਕ ਹੋਰ ਸਿਆਸਤਦਾਨ’। ਮੀਡੀਆ ਉੱਤੇ ਪ੍ਰਤੀਕਿਰਿਆ ਦੇਣ ਵਿਚ ਪੰਜਾਬ ਅਤੇ ਦਿੱਲੀ ਦੇ ਮੰਤਰੀ ਵੀ ਇਸ ਟਵੀਟੋ-ਟਵੀਟੀ ਦੀ ਖੇਡ ਵਿਚ ਪਿੱਛੇ ਨਾ ਰਹੇ। ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਵਿਰੋਧੀਆਂ ਦੇ ਇਸ ਫੈਸਲੇ ਨੂੰ ‘ਡੁੱਬਦੇ ਨੂੰ ਤਿਣਕੇ' ਦਾ ਸਹਾਰਾ ਕਹਿ ਕੇ ਭੰਡਿਆ। ਇਸ ਦੇ ਉਲਟ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਨੇ ਇਸ ਸਬੰਧੀ ਟਵੀਟ ਕਰਦਿਆਂ ‘ਇਕ ਔਰ ਗਿਆਰਾਂ, ਭਾਜਪਾ ਨੌਂ ਦੋ ਗਿਆਰਾਂ’ ਕਹਿ ਕੇ  ਖੁਸ਼ੀ ਜ਼ਾਹਰ ਕੀਤੀ। ਦਿੱਲੀ ਕਾਂਗਰਸ ਪ੍ਰਧਾਨ ਸ਼ੀਲਾ ਦੀਕਸ਼ਤ ਨੇ ਇਸ ਨੂੰ 2019 ਦੀਆਂ ਲੋਕ ਸਭਾ ਚੋਣਾਂ ਪਲਟਣ ਵਾਲਾ ਫੈਸਲਾ ਕਰਾਰ ਦਿੱਤਾ।

ਉੱਤਰ ਪ੍ਰਦੇਸ਼ ਸਿਆਸਤ ਵਿਚ ਵੀ ਹੋਈ ਵੱਡੀ ਹਲਚਲ

ਪ੍ਰਿਅੰਕਾ ਗਾਂਧੀ ਵੱਲੋਂ ਸਿਆਸਤ ਦੇ ਮੈਦਾਨ ਵਿਚ ਕੁੱਦਣ ਤੋਂ ਬਾਅਦ ਉੱਤਰ ਪ੍ਰਦੇਸ਼ ਦੀ ਸਿਆਸਤ ਵਿਚ ਵੱਡੀ ਹਲਚਲ ਦਿਖਾਈ ਦੇਣ ਲੱਗੀ। ਸੂਤਰਾਂ ਮੁਤਾਬਕ ਪ੍ਰਿਅੰਕਾ ਦੇ ਮੈਦਾਨ ਵਿਚ ਆਉਣ ਦੀ ਗੱਲ ਸੁਣਦਿਆਂ ਸਾਰ ਹੀ ਉੱਤਰ ਪ੍ਰਦੇਸ਼ ਦੇ ਕਈ ਧਾਕੜ ਸਿਆਸਤਦਾਨਾਂ ਨੇ ਕਾਂਗਰਸ ਨਾਲ ਸੰਪਰਕ ਸਾਧਣੇ ਸ਼ੁਰੂ ਕਰ ਦਿੱਤੇ। ਸੂਤਰਾਂ ਮੁਤਾਬਕ ਸਪਾ, ਬਸਪਾ ਅਤੇ ਭਾਜਪਾ ਤੋਂ ਖਫਾ ਜਾਂ ਟਿਕਟ ਦੀ ਦੌੜ ਵਿਚ ਪਿਛੇ ਰਹਿ ਗਏ ਉਮੀਦਵਾਰਾਂ ਨੇ ਕਾਂਗਰਸ ਦੇ ਖੇਮੇ ਵੱਲ ਵਹੀਰਾਂ ਘੱਤਣੀਆਂ ਸ਼ੁਰੂ ਕਰ ਦਿੱਤੀਆਂ ਹਨ। ਜ਼ਮੀਨੀ ਹਕੀਕਤ ’ਤੇ ਝਾਤੀ ਮਾਰੀਏ ਤਾਂ ਉੱਤਰ ਪ੍ਰਦੇਸ਼ ਵਿਚ ਕਾਂਗਰਸ ਕੋਲ ਕਦਾਵਰ ਸਿਆਸਤਦਾਨਾਂ ਦੀ ਵੱਡੀ ਘਾਟ ਹੈ। ਜੇਕਰ ਦੂਜੀਆਂ ਪਾਰਟੀਆਂ ਦੇ ਚੰਗੇ ਚਿਹਰੇ ਕਾਂਗਰਸ ਤੱਕ ਪਹੁੰਚ ਕਰਦੇ ਹਨ ਤਾਂ ਕਾਂਗਰਸ ਉਨ੍ਹਾਂ ਨੂੰ ਕਲਾਵੇ ਵਿਚ ਲੈਣ ਦਾ ਯਤਨ ਕਰੇਗੀ। ਕੁਝ ਦਿਨ ਪਹਿਲਾਂ ਗੁਲਾਮ ਨਬੀ ਆਜ਼ਾਦ ਨੇ ਇਸ ਸਬੰਧੀ ਖੁਲਾਸਾ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਦੀ ਪਾਰਟੀ ਕੋਲ ਉੱਤਰ ਪ੍ਰਦੇਸ਼ ਵਿਚ 30 ਦੇ ਕਰੀਬ ਸੀਟਾਂ ‘ਤੇ ਹੀ ਮਜਬੂਤ ਦਾਅਵੇਦਾਰੀ ਹੈ। ਅਜਿਹੇ ਵਿਚ ਪ੍ਰਿਅੰਕਾ ਗਾਂਧੀ ਉੱਤਰ ਪ੍ਰਦੇਸ਼ ਦੀ ਸਿਆਸਤ ਵਿਚ ਐਂਟਰੀ ਕਾਂਗਰਸ ਨੂੰ ਵੱਡਾ ਹੁਲਾਰਾ ਦੇ ਸਕਦੀ ਹੈ।


Related News