ਕਸ਼ਮੀਰ ਤੋਂ ਇਲਾਵਾ ਇਸ ਸਾਲ ਬਾਜ਼ਾਰ 'ਚ ਆ ਸਕਦੈ ਅੰਮ੍ਰਿਤਸਰ ਦਾ ਸੇਬ

Saturday, Apr 08, 2023 - 10:12 PM (IST)

ਅੰਮ੍ਰਿਤਸਰ : ਆਮ ਤੌਰ 'ਤੇ ਬਾਜ਼ਾਰ 'ਚ ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ ਸੇਬ ਖ਼ਰੀਦਣ ਨੂੰ ਮਿਲਦੇ ਹਨ ਪਰ ਇਸ ਵਾਰ ਅੰਮ੍ਰਿਤਸਰ ਦੇ ਸੇਬ ਵੀ ਦੇਖਣ ਨੂੰ ਮਿਲ ਸਕਦੇ ਹਨ। ਯੂਨੀਵਰਸਿਟੀ ਕੈਂਪਸ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੇਤੀਬਾੜੀ ਵਿਭਾਗ ਵੱਲੋਂ ਤਿਆਰ ਕੀਤੇ 50 ਬੂਟਿਆਂ ਦੇ ਬਗੀਚੇ ’ਤੇ ਫੁੱਲ ਅਤੇ ਫ਼ਲ ਆਉਣੇ ਸ਼ੁਰੂ ਹੋ ਗਏ ਹਨ। ਜੇ ਸਭ ਕੁਝ ਠੀਕ ਰਿਹਾ ਤਾਂ ਸਾਰੇ ਬੂਟਿਆਂ ਤੋਂ ਚੰਗੀ ਫ਼ਸਲ ਆਵੇਗੀ। ਸਾਰੇ 50 ਬੂਟੇ ਵਧੀਆ ਕੰਮ ਕਰ ਰਹੇ ਹਨ। ਹੁਣ ਇਸ ਦੇ ਟਿਸ਼ੂ ਨੂੰ ਤਿਆਰ ਕਰਨ ਦਾ ਕੰਮ ਚੱਲ ਰਿਹਾ ਹੈ ਤਾਂ ਜੋ ਜਲਦੀ ਹੀ ਇਸ ਨੂੰ ਕਿਸਾਨਾਂ ਤੱਕ ਪਹੁੰਚਾਇਆ ਜਾ ਸਕੇ। ਇਹ ਪ੍ਰਾਜੈਕਟ ਸੈਂਟਰ ਫਾਰ ਐਗਰੀਕਲਚਰ ਰਿਸਰਚ ਇਨੋਵੇਸ਼ਨ ਅਧੀਨ ਚੱਲ ਰਿਹਾ ਹੈ।

ਇਹ ਵੀ ਪੜ੍ਹੋ : ਪੁਲਸ ਵੱਲੋਂ ਚੋਰ ਗਿਰੋਹ ਦਾ ਪਰਦਾਫਾਸ਼, ਚੋਰੀ ਦੇ 12 ਮੋਟਰਸਾਈਕਲ, 10 ਤੋਲੇ ਸੋਨਾ ਤੇ ਨਸ਼ੇ ਸਣੇ 3 ਕਾਬੂ

ਖੇਤੀਬਾੜੀ ਵਿਭਾਗ ਦੇ ਮੁਖੀ ਅਤੇ ਬਾਇਓਟੈਕਨਾਲੋਜੀ ਦੇ ਪ੍ਰੋ. ਡਾ. ਪ੍ਰਤਾਪ ਕੁਮਾਰ ਨੇ ਦੱਸਿਆ ਕਿ ਪਿਛਲੇ ਡੇਢ ਸਾਲ ਤੋਂ ਖੋਜ ਚੱਲ ਰਹੀ ਹੈ ਕਿ ਕੀ ਪੰਜਾਬ ਵਿੱਚ ਸੇਬ ਪੈਦਾ ਹੋ ਸਕਦੇ ਹਨ? ਉਨ੍ਹਾਂ ਦੱਸਿਆ ਕਿ ਸੇਬ ਦੇ ਬੂਟੇ ਨੂੰ ਲੈਬਾਰਟਰੀ ਖੇਤਰ ਵਿੱਚ ਸੱਤ ਡਿਗਰੀ ਤੋਂ ਘੱਟ ਤਾਪਮਾਨ ਵਿੱਚ 200 ਘੰਟੇ ਤੱਕ ਸੁਰੱਖਿਅਤ ਰੱਖਣਾ ਪੈਂਦਾ ਹੈ। ਇਸ ਤੋਂ ਬਾਅਦ ਬੂਟਿਆਂ ਨੂੰ ਇੱਥੋਂ ਕੱਢ ਕੇ ਜ਼ਮੀਨ ਵਿੱਚ ਲਾਇਆ ਜਾਂਦਾ ਹੈ। ਡਾ: ਪ੍ਰਤਾਪ ਕੁਮਾਰ ਨੇ ਦੱਸਿਆ ਕਿ ਹੁਣ ਇਸ ਦੇ ਟਿਸ਼ੂ 'ਤੇ ਕੰਮ ਚੱਲ ਰਿਹਾ ਹੈ। ਬੂਟੇ ਦੀ ਜੜ੍ਹ ਤਿਆਰ ਕੀਤੀ ਜਾ ਰਹੀ ਹੈ ਕਿਉਂਕਿ ਅੰਮ੍ਰਿਤਸਰ ਅਤੇ ਪੰਜਾਬ ਵਿੱਚ ਗਰਮੀ ਜ਼ਿਆਦਾ ਪੈਂਦੀ ਹੈ। ਅਜਿਹੇ 'ਚ ਮੌਸਮ ਦੇ ਹਿਸਾਬ ਨਾਲ ਬੂਟੇ ਦੀਆਂ ਜੜ੍ਹਾਂ ਬਣਾਈਆਂ ਜਾ ਰਹੀਆਂ ਹਨ ਤਾਂ ਜੋ ਸੇਬ ਦਾ ਬੂਟਾ ਇੱਥੋਂ ਦੀ ਮਿੱਟੀ 'ਚ ਵੀ ਆਸਾਨੀ ਨਾਲ ਉੱਗ ਸਕੇ।

ਇਹ ਵੀ ਪੜ੍ਹੋ : ਜਲੰਧਰ ਲੋਕ ਸਭਾ ਜ਼ਿਮਨੀ ਚੋਣ: 10 ਥਾਣਿਆਂ ਨੂੰ ਮਿਲੇ ਨਵੇਂ ਐੱਸ.ਐੱਚ.ਓ

ਡਾ: ਪ੍ਰਤਾਪ ਕੁਮਾਰ ਨੇ ਦੱਸਿਆ ਕਿ ਇਸ ਸਮੇਂ ਜੀ.ਐੱਨ.ਡੀ.ਯੂ ਵਿੱਚ ਅੰਨਾ ਕਿਸਮ ਦੇ ਸੇਬ ਤਿਆਰ ਕੀਤੇ ਗਏ ਹਨ। ਇਸ ਕਿਸਮ ਦਾ ਸੇਬ ਬਾਜ਼ਾਰ ਵਿੱਚ 200 ਰੁਪਏ ਪ੍ਰਤੀ ਕਿਲੋ ਵਿਕਦਾ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਕਿਸਮਾਂ ਜਿਵੇਂ ਹਰਮਨ-99, ਗੇਲ ਗਾਲਾ, ਪਿੰਕ ਲੇਡੀ, ਸਮਰ ਕੁਈਨ ਆਦਿ 'ਤੇ ਖੋਜ ਚੱਲ ਰਹੀ ਹੈ ਅਤੇ ਇਨ੍ਹਾਂ ਦਾ ਰੂਟ ਸਟਾਕ ਤਿਆਰ ਕੀਤਾ ਜਾ ਰਿਹਾ ਹੈ। ਰੂਟ ਲਈ ਕਈ ਮਾਪਦੰਡਾਂ ਨੂੰ ਧਿਆਨ ਵਿਚ ਰੱਖਿਆ ਜਾ ਰਿਹਾ ਹੈ, ਤਾਂ ਜੋ ਇਸ ਨੂੰ ਇੱਥੋਂ ਦੇ ਮੌਸਮ ਅਨੁਸਾਰ ਢਾਲਿਆ ਜਾ ਸਕੇ।

ਇਕ ਰੁੱਖ 'ਤੇ ਪੰਜ ਸਾਲ ਬਾਅਦ 50 ਤੋਂ 80 ਕਿਲੋ ਤੱਕ ਮਿਲਦਾ ਹੈ ਝਾੜ
ਡਾ: ਪ੍ਰਤਾਪ ਕੁਮਾਰ ਨੇ ਦੱਸਿਆ ਕਿ ਇਕ ਏਕੜ ਜ਼ਮੀਨ ਵਿੱਚ 100 ਦੇ ਕਰੀਬ ਸੇਬ ਦੇ ਬੂਟੇ ਲਗਾਏ ਜਾ ਸਕਦੇ ਹਨ। ਇੱਕ ਰੁੱਖ ਪੰਜ ਸਾਲਾਂ ਬਾਅਦ 50 ਤੋਂ 80 ਕਿਲੋ ਸੇਬ ਪੈਦਾ ਕਰਦਾ ਹੈ। ਅਜਿਹੇ 'ਚ ਜੇਕਰ ਛੋਟੇ ਕਿਸਾਨ ਆਪਣੀਆਂ ਜ਼ਮੀਨਾਂ 'ਤੇ ਸੇਬਾਂ ਦੀ ਖੇਤੀ ਕਰਨ ਤਾਂ ਉਨ੍ਹਾਂ ਨੂੰ ਕਾਫੀ ਫਾਇਦਾ ਹੋਵੇਗਾ। ਅਗਲੇ ਸਾਲ ਤੋਂ ਜੀ.ਐੱਨ.ਡੀ.ਯੂ ਵੀ ਕਿਸਾਨਾਂ ਨੂੰ ਸੇਬ ਦੇ ਪੌਦਿਆਂ ਦੇ ਟਿਸ਼ੂ ਦੇਣਾ ਸ਼ੁਰੂ ਕਰ ਦੇਵੇਗਾ। ਇਸ ਤੋਂ ਇਲਾਵਾ ਜੇਕਰ ਕੋਈ ਕਿਸਾਨ ਇਸ ਖੇਤੀ ਬਾਰੇ ਕਿਸੇ ਕਿਸਮ ਦੀ ਜਾਣਕਾਰੀ ਲੈਣਾ ਚਾਹੁੰਦਾ ਹੈ ਤਾਂ ਉਸ ਨੂੰ ਪੂਰੀ ਸਿਖਲਾਈ ਦਿੱਤੀ ਜਾਵੇਗੀ।


Mandeep Singh

Content Editor

Related News