ਅੰਮ੍ਰਿਤਸਰ-ਖੇਮਕਰਨ ਟਰੈਕ ਨੂੰ ਹਾਈਟੈੱਕ ਬਣਾਉਣ ਲਈ ਕਰੋੜਾਂ ਦੀ ਲਾਗਤ ਨਾਲ ਪ੍ਰੋਜੈਕਟ ਸ਼ੁਰੂ
Tuesday, Oct 03, 2017 - 07:12 AM (IST)

ਤਰਨਤਾਰਨ, (ਰਮਨ)- ਅੰਮ੍ਰਿਤਸਰ-ਖੇਮਕਰਨ ਟਰੈਕ ਨੂੰ ਹਾਈਟੈੱਕ ਬਣਾਉਣ ਲਈ ਰੇਲਵੇ ਮੰਤਰਾਲੇ ਵੱਲੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਪ੍ਰੋਜੈਕਟ ਸ਼ੁਰੂ ਕਰਵਾਇਆ ਗਿਆ, ਜਿਸ ਦਾ ਪਹਿਲਾ ਪੜਾਅ 2 ਮਹੀਨਿਆਂ 'ਚ ਮੁਕੰਮਲ ਕਰਨ ਦਾ ਸਮਾਂ ਮਿੱਥਿਆ ਗਿਆ ਹੈ।
ਜਾਣਕਾਰੀ ਮੁਤਾਬਿਕ 3 ਸਾਲ ਪਹਿਲਾਂ ਰੇਲਵੇ ਵੱਲੋਂ ਅੰਮ੍ਰਿਤਸਰ ਤੋਂ ਤਰਨਤਾਰਨ ਤੱਕ (23 ਕਿਲੋਮੀਟਰ) ਰੇਲਵੇ ਟਰੈਕ ਦਾ ਆਧੁਨਿਕੀਕਰਨ ਕਰਦਿਆਂ ਰੇਲਵੇ ਟਰੈਕ ਨੂੰ ਹਾਈ ਸਪੀਡ ਨਾਲ ਜੋੜਿਆ ਗਿਆ, ਜਿਸ ਤੋਂ ਬਾਅਦ ਇੱਥੇ ਚੱਲਣ ਵਾਲੀ ਡੀ. ਐੱਮ. ਯੂ. ਰੇਲਗੱਡੀ ਦੀ ਸਪੀਡ 45 ਕਿਲੋਮੀਟਰ ਤੋਂ ਵਧਾ ਕੇ 60 ਕਿਲੋਮੀਟਰ ਰੱਖੀ ਗਈ। ਇਹ ਸਪੀਡ ਅੰਮ੍ਰਿਤਸਰ ਤੋਂ ਤਰਨਤਾਰਨ ਤੱਕ ਹੀ ਵਧਾਈ ਗਈ ਸੀ।
ਰੇਲਵੇ ਟਰੈਕ ਦੇ ਬਾਕੀ ਹਿੱਸੇ ਨੂੰ ਹਾਈ ਸਪੀਡ ਨਾਲ ਜੋੜਨ ਲਈ ਪਿੰਡ ਰੂੜੇਆਸਲ ਤੋਂ 20 ਕਿਲੋਮੀਟਰ ਤੱਕ ਰੇਲਵੇ ਟਰੈਕ ਨੂੰ ਬਦਲਣ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ। ਰੇਲਵੇ ਟਰੈਕ ਨੂੰ ਬਦਲਣ ਦਾ ਇਹ ਕੰਮ 2 ਮਹੀਨਿਆਂ 'ਚ ਪੂਰਾ ਕਰਨ ਦਾ ਸਮਾਂ ਮਿੱਥਿਆ ਗਿਆ ਹੈ। ਤਰਨਤਾਰਨ ਤੋਂ ਖੇਮਕਰਨ ਤੱਕ 54.4 ਕਿਲੋਮੀਟਰ ਤੱਕ ਦੇ ਰੇਲਵੇ ਟਰੈਕ ਨੂੰ ਮੁਕੰਮਲ ਤੌਰ 'ਤੇ ਬਦਲਣ ਤੋਂ ਬਾਅਦ ਇਥੇ 110 ਕਿਲੋਮੀਟਰ ਪ੍ਰਤੀ ਘੰਟਾ ਬਿਆਸ ਦੇ ਲਈ ਡੀ. ਐੱਮ. ਯੂ. ਗੱਡੀ ਚਲਾਈ ਗਈ ਸੀ।
ਰੂੜੇਆਸਲ ਤੋਂ ਪੱਟੀ ਰੇਲਵੇ ਸਟੇਸ਼ਨ ਤੱਕ ਰੇਲਵੇ ਟਰੈਕ ਨੂੰ ਬਣਾਉਣ ਲਈ ਵਿਭਾਗ ਵੱਲੋਂ ਮਨਜ਼ੂਰੀ ਦਿੱਤੀ ਗਈ ਸੀ। ਇਕ ਹਫ਼ਤਾ ਪਹਿਲਾਂ ਸ਼ੁਰੂ ਹੋਏ ਕੰਮ ਨੂੰ ਮੁਕੰਮਲ ਕਰਨ ਲਈ ਰੇਲਵੇ ਵਿਭਾਗ ਦੇ ਤਕਨੀਕੀ ਮਾਹਿਰਾਂ ਵੱਲੋਂ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਾ ਚੁੱਕੀ ਹੈ। ਰੇਲਵੇ ਵਿਭਾਗ ਦੇ ਪਰਮਾਨੈਂਟ ਵੇਅ ਇੰਸਪੈਕਟਰ (ਪੀ. ਡਬਲਿਯੂ. ਆਈ.) ਪ੍ਰਵੀਨ ਕੁਮਾਰ ਨੇ ਦੱਸਿਆ ਕਿ ਰੇਲਵੇ ਟਰੈਕ ਨੂੰ ਬਦਲਣ ਲਈ ਤੇਜ਼ੀ ਨਾਲ ਕੰਮ ਮੁਕੰਮਲ ਕੀਤਾ ਜਾ ਰਿਹਾ ਹੈ। ਐੱਸ. ਐੱਸ. ਓ. ਰਵੀਸ਼ੇਰ ਸਿੰਘ ਨੇ ਦੱਸਿਆ ਕਿ ਰੇਲਵੇ ਟਰੈਕ ਨੂੰ ਹਾਈਟੈੱਕ ਬਣਾਉਣ ਲਈ ਜੋ ਕੰਮ ਚੱਲ ਰਿਹਾ ਹੈ, ਉਸ ਵਿਚ ਰੇਲ ਸੇਵਾ ਪ੍ਰਭਾਵਿਤ ਨਾ ਹੋਵੇ, ਇਸ ਦੇ ਲਈ ਸਮੇਂ-ਸਮੇਂ 'ਤੇ ਵਿਭਾਗ ਵੱਲੋਂ ਦਿਸ਼ਾ-ਨਿਰਦੇਸ਼ ਦਿੱਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਰੇਲ ਸੇਵਾ ਨੂੰ ਬਿਹਤਰ ਬਣਾਉਣ ਲਈ ਵਿਭਾਗ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ।