ਪੰਜਾਬ ਦੇ ਅਕਾਲੀਆਂ ਦੀ ਕਿਸਮਤ ਢਿੱਲੀ, ਨਹੀਂ ਜਾਣਗੇ ਦਿੱਲੀ
Thursday, Jan 23, 2020 - 11:57 PM (IST)
ਲੁਧਿਆਣਾ, (ਮੁੱਲਾਂਪੁਰੀ)- ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ’ਚ ਵਿਧਾਨ ਸਭਾ ਚੋਣਾਂ ਨਾ ਲਡ਼ਨ ਦਾ ਐਲਾਨ ਕਰ ਦਿੱਤਾ ਹੈ, ਜਿਸ ਨੂੰ ਲੈ ਕੇ ਦਿੱਲੀ ਜਾਣ ਵਾਲੀ ਅਕਾਲੀ ਦਲ ਦੀ ਫੌਜ ਸਾਬਕਾ ਮੰਤਰੀ, ਸਾਬਕਾ ਵਿਧਾਇਕ, ਮੌਜੂਦਾ ਵਿਧਾਇਕ, ਸ਼੍ਰੋਮਣੀ ਕਮੇਟੀ ਮੈਂਬਰ ਅਤੇ ਹੋਰਨਾਂ ਵਿੰਗਾਂ ਦੇ ਛੋਟੇ-ਵੱਡੇ ਆਗੂਆਂ ਦੀਆਂ ਦਿਲ ਦੀਆਂ ਦਿਲ ’ਚ ਰਹਿ ਗਈਆਂ ਹਨ ਕਿਉਂਕਿ 2015 ’ਚ ਦਿੱਲੀ ਵਿਖੇ ਹੋਈਆਂ ਚੋਣਾਂ ’ਚ ਪੰਜਾਬ ’ਚੋਂ ਸ਼੍ਰੋਮਣੀ ਅਕਾਲੀ ਦਲ ਦੀਆਂ ਫੌਜਾਂ ਆਪਣੇ ਹਿੱਸੇ ਆਉਂਦੀਆਂ ਚਾਰ ਸੀਟਾਂ ਹਰੀ ਨਗਰ, ਸ਼ਾਹਦਰਾ, ਰਾਜੌਰੀ ਗਾਰਡਨ ਅਤੇ ਕਾਲਕਾ ਦੇ ਚੱਪੇ-ਚੱਪੇ ’ਤੇ 15 ਦਿਨ ਵੋਟਰਾਂ ਨਾਲ ਰਾਬਤਾ ਅਤੇ ਦਿੱਲੀ ਬੈਠ ਕੇ ਮੌਜਾਂ ਮਾਣ ਕੇ ਢੋਲੇ ਦੀਆਂ ਲਾ ਕੇ ਆਏ ਸਨ ਪਰ ਪੱਲੇ ਚਾਰੇ ਸੀਟਾਂ ’ਤੇ ਹਾਰ ਹੀ ਪਈ ਸੀ।
ਇਸ ਵਾਰ ਸਰਕਾਰ ਤੋਂ ਵੱਖ ਹੋ ਕੇ ਸਿਆਸੀ ਖੇਤਰ ’ਚ ਵਿਚਰ ਰਹੇ ਅਕਾਲੀ ਦਲ ਦੇ ਨੇਤਾਵਾਂ ਦੀਆਂ ਦਿੱਲੀ ਜਾਣ ਦੀਆਂ ਉਮੀਦਾਂ ’ਤੇ ਪਾਰਟੀ ਨੇ ਦਿੱਲੀ ’ਚ ਚੋਣਾਂ ਨਾ ਲਡ਼ਨ ਦਾ ਐਲਾਨ ਕਰ ਕੇ ਪਾਣੀ ਫੇਰ ਦਿੱਤਾ, ਜਿਸ ਤੋਂ ਖਫਾ ਹੋਏ ਅਕਾਲੀ ਨੇਤਾ ਅਤੇ ਵਰਕਰ ਇਕ-ਦੂਜੇ ਦੇ ਮੂੰਹ ਵੱਲ ਵੇਖ ਰਹੇ ਹਨ ਕਿਉਂਕਿ ਦਿੱਲੀ ਚੋਣਾਂ ’ਚ ਵਰਕਰਾਂ ਦੇ ਜਾਣ ’ਤੇ ਦਿੱਲੀ ਅਕਾਲੀ ਦਲ ਪੰਜਾਬ ’ਚੋਂ ਗਏ ਅਕਾਲੀ ਵਰਕਰਾਂ ਦੀ ਖੂਬ ਖਾਤਰਦਾਰੀ ਅਤੇ ਹੋਟਲਾਂ ’ਚ ਠਹਿਰਾਉਣ ਦਾ ਪ੍ਰਬੰਧ ਕਰਦਾ ਸੀ ਪਰ ਇਸ ਵਾਰ ਅਕਾਲੀ ਨੇਤਾ ਅਤੇ ਵਰਕਰ ਦਿੱਲੀ ਤੋਂ ਦੂਰ ਹੀ ਰਹਿਣਗੇ।