ਇਨਸਾਫ ਪ੍ਰਾਪਤੀ ਦੀ ਲੜਾਈ ਅਕਾਲੀ ਦਲ ਕਿਸੇ ਕੀਮਤ 'ਤੇ ਨਹੀਂ ਛੱਡੇਗਾ

Wednesday, Feb 07, 2018 - 07:02 AM (IST)

ਇਨਸਾਫ ਪ੍ਰਾਪਤੀ ਦੀ ਲੜਾਈ ਅਕਾਲੀ ਦਲ ਕਿਸੇ ਕੀਮਤ 'ਤੇ ਨਹੀਂ ਛੱਡੇਗਾ

ਜਲੰਧਰ (ਚਾਵਲਾ) - ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦੇ ਕਥਿਤ ਕਬੂਲਨਾਮੇ ਦਾ ਇਕ ਵੀਡੀਓ ਸਾਹਮਣੇ ਲਿਆਉਣ ਵਾਲੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੁਣ ਇਸ ਮਸਲੇ ਨੂੰ ਲੋਕ ਲਹਿਰ ਦਾ ਰੂਪ ਦੇਣ ਦੇ ਰਾਹ ਤੁਰ ਪਈ ਹੈ। 1984 ਦੇ ਸਿੱਖ ਕਤਲੇਆਮ ਦੀ ਯਾਦਗਾਰ 'ਸੱਚ ਦੀ ਕੰਧ' 'ਤੇ ਅੱਜ ਪੀੜਤ ਪਰਿਵਾਰਾਂ ਦੀਆਂ ਵਿਧਵਾਵਾਂ ਨੂੰ ਲੈ ਕੇ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਕੈਂਡਲ ਮਾਰਚ ਕੱਢਿਆ। ਦਿੱਲੀ ਪੁਲਸ ਦੇ ਇਸ ਮਸਲੇ 'ਤੇ ਢਿੱਲੇ ਰਵੱਈਏ ਨੂੰ ਮੁੱਦਾ ਬਣਾਉਂਦੇ ਹੋਏ ਜੀ. ਕੇ. ਨੇ 7 ਫਰਵਰੀ ਨੂੰ ਦਿੱਲੀ ਪੁਲਸ ਹੈੱਡਕੁਆਰਟਰ ਦਾ ਘਿਰਾਓ ਕਰਨ ਦਾ ਵੀ ਐਲਾਨ ਕੀਤਾ।
ਜੀ. ਕੇ. ਨੇ ਕਿਹਾ ਕਿ ਜੇਕਰ ਇੰਨੇ ਸਬੂਤਾਂ ਦੇ ਬਾਅਦ ਵੀ ਦਿੱਲੀ ਪੁਲਸ ਨੂੰ ਟਾਈਟਲਰ ਕਾਤਲ ਨਜ਼ਰ ਨਹੀਂ ਆਉਂਦਾ ਤਾਂ ਇਹ ਭਾਰਤੀ ਪੁਲਸ ਵਿਵਸਥਾ ਲਈ ਸਵੈ-ਪੜਚੋਲ ਦਾ ਸਮਾਂ ਹੈ, ਕਿਉਂਕਿ ਇਕ ਪਾਸੇ ਭਾਰਤੀ ਪੁਲਸ ਕਾਲੇ ਹਿਰਨ ਦੇ ਸ਼ਿਕਾਰ 'ਚ ਵੱਡੇ ਫਿਲਮੀ ਅਦਾਕਾਰ ਨੂੰ ਜੇਲ ਭੇਜ ਦਿੰਦੀ ਹੈ ਤੇ ਦੂਜੇ ਪਾਸੇ 100 ਸਿੱਖਾਂ ਦੇ ਕਤਲ ਦਾ ਕਬੂਲਨਾਮਾ ਦੇਣ ਵਾਲੇ ਖਿਲਾਫ ਮੁਕੱਦਮਾ ਦਰਜ ਕਰਨ 'ਚ ਪੁਲਸ ਹਿਚਕਿਚਾ ਰਹੀ ਹੈ, ਜਦਕਿ ਕੱਲ ਮੈਂ ਆਪਣੇ ਵਲੋਂ ਥਾਣਾ ਗ੍ਰੇਟਰ ਕੈਲਾਸ਼ ਵਿਖੇ ਸ਼ਿਕਾਇਤ ਦੇ ਦਿੱਤੀ ਹੈ।
ਜੀ. ਕੇ. ਨੇ ਟਾਈਟਲਰ ਵਲੋਂ ਅੱਜ ਜਾਰੀ ਕੀਤੇ ਗਏ ਬਿਆਨ 'ਤੇ ਪ੍ਰਤੀਕਰਮ ਦਿੰਦੇ ਹੋਏ ਕਿਹਾ ਕਿ ਟਾਈਟਲਰ ਦੀਆਂ ਧਮਕੀਆਂ ਤੋਂ ਅਕਾਲੀ ਦਲ ਡਰਨ ਵਾਲਾ ਨਹੀਂ ਹੈ। ਕਦੇ ਰਾਹੁਲ ਗਾਂਧੀ ਦਾ ਵਕੀਲ ਮੈਨੂੰ ਨੋਟਿਸ ਭੇਜ ਕੇ ਧਮਕਾਉਂਦਾ ਹੈ ਤੇ ਹੁਣ ਟਾਈਟਲਰ ਮੇਰੇ 'ਤੇ ਅਪਰਾਧਿਕ ਮੁਕੱਦਮਾ ਦਰਜ ਕਰਾਉਣ ਦੀ ਧਮਕੀ ਦਿੰਦਾ ਹੈ। ਮੇਰੀ  ਜਾਨ ਬੇਸ਼ੱਕ ਚਲੀ ਜਾਵੇ ਪਰ ਇਨਸਾਫ ਪ੍ਰਾਪਤੀ ਦੀ ਇਹ ਲੜਾਈ ਕਿਸੇ ਕੀਮਤ 'ਤੇ ਅਕਾਲੀ ਦਲ ਨਹੀਂ ਛੱਡੇਗਾ।


Related News