ਅਕਾਲੀ ਦਲ ਅੱਧਾ ਦਰਜਨ ਸੀਟਾਂ ਭਾਜਪਾ ਕਾਰਨ ਹਾਰਿਆ : ਮੰਨਣ

Friday, Dec 22, 2017 - 06:37 AM (IST)

ਅਕਾਲੀ ਦਲ ਅੱਧਾ ਦਰਜਨ ਸੀਟਾਂ ਭਾਜਪਾ ਕਾਰਨ ਹਾਰਿਆ : ਮੰਨਣ

ਜਲੰਧਰ, (ਬੁਲੰਦ)— ਸ਼੍ਰੋਮਣੀ ਅਕਾਲੀ ਦਲ ਜ਼ਿਲਾ ਸ਼ਹਿਰੀ ਪ੍ਰਧਾਨ ਕੁਲਵੰਤ ਸਿੰਘ ਮੰਨਣ ਨੇ ਨਿਗਮ ਚੋਣਾਂ ਵਿਚ ਅਕਾਲੀ ਦਲ ਦੀ ਹਾਰ ਲਈ ਭਾਜਪਾ ਦੇ ਜ਼ਿਲਾ ਪ੍ਰਧਾਨ ਰਮੇਸ਼ ਸ਼ਰਮਾ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਹੈ ਕਿ ਭਾਜਪਾ ਜ਼ਿਲਾ ਪ੍ਰਧਾਨ ਨੇ ਨਿਗਮ ਚੋਣਾਂ ਵਿਚ ਅਕਾਲੀ ਦਲ ਦਾ ਬਿਲਕੁਲ ਸਾਥ ਨਹੀਂ ਦਿੱਤਾ। ਭਾਜਪਾ ਨੇ ਸਿੱਧੇ ਤੌਰ 'ਤੇ 6 ਵਾਰਡਾਂ 'ਚ ਅਕਾਲੀ ਦਲ ਦਾ ਵਿਰੋਧ ਕੀਤਾ ਅਤੇ 4 ਵਾਰਡਾਂ ਵਿਚ ਖ਼ੁਦ ਭਾਜਪਾਈਆਂ ਨੇ ਅਕਾਲੀ ਦਲ ਦੇ ਸਾਹਮਣੇ ਆਜ਼ਾਦ ਉਮੀਦਵਾਰ ਉਤਾਰੇ। 
ਉਨ੍ਹਾਂ ਕਿਹਾ ਕਿ ਜੇਕਰ ਅਕਾਲੀ ਦਲ ਦਾ ਸਾਥ ਭਾਜਪਾ ਨੇ ਗੱਠਜੋੜ ਧਰਮ ਨਿਭਾਉਂਦੇ ਹੋਏ ਦਿੱਤਾ ਹੁੰਦਾ ਤਾਂ ਅੱਜ ਜਲੰਧਰ ਦੀ ਹਾਲਤ ਕੁੱਝ ਹੋਰ ਹੁੰਦੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਹੀ ਭਾਜਪਾ ਨਾਲ ਗੱਠਜੋੜ ਧਰਮ ਨਿਭਾਇਆ ਹੈ। ਉਨ੍ਹਾਂ ਦੱਸਿਆ ਕਿ ਨਿਗਮ ਚੋਣਾਂ ਵਿਚ ਜਦੋਂ ਵੀ ਉਨ੍ਹਾਂ ਨੇ ਭਾਜਪਾ ਦੇ ਜ਼ਿਲਾ ਪ੍ਰਧਾਨ ਨੂੰ ਮਿਲੇ ਕੇ ਅਕਾਲੀ ਉਮੀਦਵਾਰਾਂ ਦੇ ਸਾਹਮਣੇ ਆਜ਼ਾਦ ਖੜ੍ਹੇ ਭਾਜਪਾਈਆਂ ਨੂੰ ਬਿਠਾਉਣ ਨੂੰ ਕਿਹਾ ਤਾਂ ਭਾਜਪਾ ਪ੍ਰਧਾਨ ਦਾ ਕਹਿਣਾ ਸੀ ਕਿ ਅੰਮ੍ਰਿਤਸਰ ਵਿਚ ਭਾਜਪਾ ਦੇ ਸਾਹਮਣੇ ਅਕਾਲੀ ਦਲ ਦੇ ਉਮੀਦਵਾਰ ਖੜ੍ਹੇ ਹਨ ਤਾਂ ਜਲੰਧਰ ਵਿਚ ਭਾਜਪਾ ਨੂੰ ਕਿਉਂ ਰੋਕਿਆ ਜਾਵੇ। 
ਇਸ ਮੌਕੇ ਬਲਜੀਤ ਸਿੰਘ ਨੀਲਾਮਹਿਲ ਨੇ ਕਿਹਾ ਕਿ ਪਾਰਟੀ ਵਿਚ ਜਿਨ੍ਹਾਂ ਨੇਤਾਵਾਂ ਨੇ ਨਿਗਮ ਚੋਣਾਂ ਵਿਚ ਬਗਾਵਤ ਕੀਤੀ, ਉਨ੍ਹਾਂ ਬਾਰੇ ਸਾਰੀ ਰਿਪੋਰਟ ਹਾਈਕਮਾਨ ਨੂੰ ਸੌਂਪੀ ਜਾਵੇਗੀ। ਇਸ ਮੌਕੇ ਮੰਨਣ ਨੇ ਦੱਸਿਆ ਕਿ ਵਾਰਡ ਨੰ. 11, 15, 36, 44 ਅਤੇ 72 ਵਿਚ ਤਾਂ ਭਾਜਪਾ ਦੇ ਵਰਕਰ ਕਾਂਗਰਸੀ ਬੈਂਚਾਂ 'ਤੇ ਕੰਮ ਕਰਦੇ ਦਿਖਾਈ ਦਿੱਤੇ ਅਤੇ ਸ਼ਰੇਆਮ ਕਾਂਗਰਸੀਆਂ ਲਈ ਪ੍ਰਚਾਰ ਕਰਦੇ ਰਹੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵਾਰਡ ਪੱਧਰ 'ਤੇ ਮੀਟਿੰਗਾਂ ਨਵੇਂ ਸਾਲ ਤੋਂ ਸ਼ੁਰੂ ਕਰਨ ਜਾ ਰਿਹਾ ਹੈ ਅਤੇ ਇਸ ਤੋਂ ਬਾਅਦ ਜ਼ਿਲਾ ਇਕਾਈ ਦਾ ਗਠਨ ਕੀਤਾ ਜਾਵੇਗਾ। ਇਸ ਮੌਕੇ ਅਮਨਦੀਪ ਸਿੰਘ ਮੌਂਟੀ ਅਤੇ ਸਤਿੰਦਰ ਸਿੰਘ ਪੀਤਾ ਵੀ ਮੌਜੂਦ ਸਨ। 


Related News