ਸਰਕਾਰੀ ਪੱਧਰ ''ਤੇ ਏਡਜ਼ ਦਿਵਸ ਰਿਹਾ ਪੂਰੀ ਤਰ੍ਹਾਂ ''ਫਿੱਕਾ''
Tuesday, Dec 05, 2017 - 12:12 AM (IST)
ਬਟਾਲਾ, (ਸੈਂਡੀ)– ਸਾਡੇ ਦੇਸ਼ ਦੀ ਵਿਡੰਬਨਾ ਦੇਖੋ ਕਿ ਇਥੇ ਕੌਮਾਂਤਰੀ ਏਡਜ਼ ਦਿਵਸ ਵਰਗੇ ਦਿਨ ਵੀ ਸਿਰਫ ਅਖ਼ਬਾਰਾਂ ਆਦਿ 'ਚ ਫੋਟੋਆਂ ਲਵਾਉਣ ਅਤੇ ਖਾਨਾਪੂਰਤੀ ਲਈ ਮਨਾਏ ਜਾਂਦੇ ਹਨ। ਇਨ੍ਹੀ ਦਿਨੀਂ ਮਨਾਏ ਜਾ ਰਹੇ ਕੌਮਾਂਤਰੀ ਏਡਜ਼ ਦਿਵਸ ਨੇ ਇਹ ਗੱਲ ਸਾਫ਼ ਕਰ ਦਿੱਤੀ ਹੈ ਕਿ ਅਸੀਂ ਏਡਜ਼ ਵਰਗੀਆਂ ਖਤਰਨਾਕ, ਜਾਨਲੇਵਾ ਬੀਮਾਰੀਆਂ ਪ੍ਰਤੀ ਕਿੰਨੇ ਕੁ ਗੰਭੀਰ ਅਤੇ ਸੰਜੀਦਾ ਹਾਂ। ਪਹਿਲਾਂ ਹੀ ਆਪਣੇ ਚੋਣ ਮੈਨੀਫੈਸਟੋ 'ਚ ਕੀਤੇ ਵੱਡੇ ਵਾਅਦਿਆਂ ਨੂੰ ਲੈ ਕੇ ਬੁਰੀ ਤਰ੍ਹਾਂ ਉਲਝੀ ਪਈ ਪੰਜਾਬ ਸਰਕਾਰ ਨੇ ਏਡਜ਼ ਦਿਵਸ 'ਤੇ ਕਿਸੇ ਪੱਖੋਂ ਵੀ ਬਹੁਤੀ ਦਿਲਚਸਪੀ ਨਹੀਂ ਦਿਖਾਈ, ਜਿਸ ਕਾਰਨ ਐਤਕੀ ਦਾ ਇਹ ਦਿਵਸ ਪੂਰੀ ਤਰ੍ਹਾਂ ਫਿੱਕਾ ਹੋ ਕੇ ਰਹਿ ਗਿਆ। ਜਦਕਿ ਹੇਠ ਲਿਖੇ ਅੰਕੜੇ ਸਰਕਾਰਾਂ ਵੱਲ ਮੂੰਹ ਚਿੜ੍ਹਾਉਂਦੇ ਹੋਏ ਇਹ ਕਹਿ ਰਹੇ ਹਨ ਕਿ ਅਜਿਹੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਣਾ ਸਮੇਂ ਦੀ ਪੁਰਜ਼ੋਰ ਮੰਗ ਹੈ।
ਸਕੂਲਾਂ, ਕਾਲਜਾਂ ਅਤੇ ਕਲੱਬਾਂ ਨੇ ਵੀ ਨਹੀਂ ਦਿਖਾਈ ਕੋਈ ਦਿਲਚਸਪੀ
ਸਕੂਲਾਂ, ਕਾਲਜਾਂ ਅਤੇ ਕਲੱਬਾਂ ਆਦਿ ਨੇ ਬੜੀ ਛੋਟੀ ਗਿਣਤੀ ਵਿਚ ਬੱਚੇ ਜਾਂ ਅਧਿਆਪਕ ਇਕੱਠੇ ਕਰ ਕੇ ਏਡਜ਼ ਦਿਵਸ ਮਨਾਉਣ ਦੀ ਰਵਾਇਤ ਤਾਂ ਬਾਖੂਬੀ ਨਿਭਾ ਦਿੱਤੀ ਪਰ ਚਾਹੀਦਾ ਸੀ ਕਿ ਅਜਿਹੀਆਂ ਸੰਸਥਾਵਾਂ ਜਿਹੜੀਆਂ ਦੇਸ਼ ਲਈ ਪਨੀਰੀ ਪੈਦਾ ਕਰ ਰਹੀਆਂ ਹਨ, ਬੱਚਿਆਂ ਤੋਂ ਲੈ ਕੇ ਵੱਡਿਆਂ ਨੂੰ ਨਾ ਸਿਰਫ਼ ਇਸ ਜਾਨਲੇਵਾ ਬੀਮਾਰੀ ਤੋਂ ਜੰਗੀ ਪੱਧਰ 'ਤੇ ਜਾਗਰੂਕ ਕਰਵਾਉਂਦੇ, ਬਲਕਿ ਸਮਰੱਥਾ ਅਨੁਸਾਰ ਕੈਂਪਾਂ ਦਾ ਆਯੋਜਨ ਕਰ ਕੇ ਵੱਧ ਤੋਂ ਵੱਧ ਉਨ੍ਹਾਂ ਲੋਕਾਂ ਦੇ ਖੂਨ ਦੇ ਟੈਸਟ ਕਰਵਾਉਂਦੇ ਜਿਹੜੇ ਅਜਿਹੇ ਟੈਸਟ ਕਰਵਾਉਣ ਵਿਚ ਅਸਮਰੱਥ ਸਨ ਜਾਂ ਫਿਰ ਏਡਜ਼ ਵਰਗੀ ਭਿਆਨਕ ਬੀਮਾਰੀ ਤੋਂ ਜਾਣੂ ਨਹੀਂ ਸਨ।
ਪੰਜਾਬ 'ਚ ਏਡਜ਼ ਪੀੜਤਾਂ ਦੀ ਗਿਣਤੀ 50 ਹਜ਼ਾਰ ਤਕ ਪੁੱਜੀ
ਜੇਕਰ ਸਮੁੱਚੇ ਸੂਬੇ ਵਿਚ ਏਡਜ਼ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਸਹਿਜੇ ਹੀ ਅੰਦਾਜ਼ਾ ਲਗਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਇਹ ਨਾ-ਮੁਰਾਦ ਬੀਮਾਰੀ ਲੋਕਾਂ ਨੂੰ ਘੁਣ ਵਾਂਗ ਖਾ ਜਾਵੇਗੀ। ਸੂਤਰਾਂ ਤੋਂ ਮਿਲੇ ਅੰਕੜਿਆਂ ਮੁਤਾਬਿਕ ਪੰਜਾਬ ਵਿਚ ਇਸ ਵਕਤ ਐੱਚ. ਆਈ. ਵੀ. ਦੇ ਸ਼ਿਕਾਰ ਲੋਕਾਂ ਦੀ ਗਿਣਤੀ 50 ਹਜ਼ਾਰ ਦੇ ਨੇੜੇ ਪੁੱਜਣ ਕੰਢੇ ਹੈ। ਭਾਵੇਂ ਏਡਜ਼ ਪੀੜਤ ਲੋਕਾਂ ਵਿਚ ਅੰਮ੍ਰਿਤਸਰ ਬਾਜ਼ੀ ਮਾਰ ਗਿਆ ਹੈ ਪਰ ਬਾਕੀ ਜ਼ਿਲੇ ਵੀ ਬਹੁਤੇ ਪਿੱਛੇ ਨਹੀਂ ਹਨ। ਤਾਜ਼ਾ ਸਰਕਾਰੀ ਅੰਕੜਿਆਂ ਮੁਤਾਬਿਕ ਕਰੀਬ 30 ਲੱਖ ਲੋਕਾਂ ਦੇ ਖੂਨ ਦੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਵੱਖ-ਵੱਖ ਜ਼ਿਲਿਆਂ ਵਿਚ ਏਡਜ਼ ਪੀੜਤਾਂ ਦੀ ਕੀ ਰੇਸ਼ੋ ਹੈ। ਜ਼ਿਲਾ ਅੰਮ੍ਰਿਤਸਰ ਵਿਚ ਜਾਂਚੇ ਗਏ 3, 87, 437 ਵਿਅਕਤੀਆਂ 'ਚੋਂ ਕਰੀਬ 1372 ਲੋਕਾਂ ਦੀ ਰੇਸ਼ੋ 3.19 ਬਣਦੀ ਹੈ। ਦੂਜੇ ਨੰਬਰ 'ਤੇ ਰਹੇ ਜਲੰਧਰ 'ਚ 2.84 ਫੀਸਦੀ ਹੈ। ਜਦ ਕਿ ਮੁਹਾਲੀ, ਸ੍ਰੀ ਮੁਕਤਬਰ ਸਾਹਿਬ ਅਤੇ ਫਾਜ਼ਿਲਕਾ ਵਿਚ ਏਡਜ਼ ਰੋਗੀਆਂ ਦੀ ਦਰ ਸਭ ਤੋਂ ਘੱਟ ਕ੍ਰਮਵਾਰ 0.49, 0.50 ਅਤੇ 0.52 ਫੀਸਦੀ ਹੈ, ਜ਼ਿਲਾ ਬਠਿੰਡਾ ਵਿਚ ਏਡਜ਼ ਰੋਗੀਆਂ ਦੀ ਦਰ 2.6 ਫੀਸਦੀ ਹੈ। ਮੋਗਾ ਜ਼ਿਲੇ ਵਿਚ ਵੀ ਏਡਜ਼ ਰੋਗੀਆਂ ਦੀ ਗਿਣਤੀ 1.61 ਫੀਸਦੀ ਹੈ। ਇਸ ਤੋਂ ਇਲਾਵਾ ਜ਼ਿਲਾ ਫਤਿਹਗੜ੍ਹ ਸਾਹਿਬ ਵਿਚ 0.81, ਫਿਰੋਜ਼ਪੁਰ ਵਿਚ 1.27, ਗੁਰਦਾਸਪੁਰ ਵਿਚ 1.46, ਹੁਸ਼ਿਆਪੁਰ ਵਿਚ 1.03, ਕਪੂਰਥਲਾ ਵਿਚ 1.10, ਲੁਧਿਆਣਾ ਵਿਚ 1.32, ਨਵਾਂਸ਼ਹਿਰ ਵਿਚ 1.31, ਪਠਾਨਕੋਟ ਵਿਚ 1.09, ਰੋਪੜ ਵਿਚ 0.96 ਅਤੇ ਸੰਗਰੂਰ ਵਿਚ 0.92 ਫੀਸਦੀ ਲੋਕ ਐੱਚ. ਆਈ. ਵੀ. ਦੇ ਸ਼ਿਕਾਰ ਹਨ। ਜ਼ਿਲਾ ਤਰਨਤਾਰਨ ਵਿਚ 1.97 ਫੀਸਦੀ ਲੋਕ ਐੱਚ. ਆਈ. ਵੀ. ਅਤੇ ਫਰੀਦਕੋਟ ਵਿਚ 1.96 ਫੀਸਦੀ ਲੋਕ ਇਸ ਰੋਗ ਦੀ ਜਕੜ ਵਿਚ ਹਨ। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਚੰਡੀਗੜ੍ਹ ਅਨੁਸਾਰ ਅਪ੍ਰੈਲ 2015 ਤੱਕ ਪੰਜਾਬ ਵਿਚ ਜਾਂਚ ਕੀਤੇ ਗਏ 28,16,731 ਵਿਅਕਤੀਆਂ ਵਿਚੋਂ 45,948 ਵਿਅਕਤੀ ਐੱਚ. ਆਈ. ਵੀ. ਨਾਲ ਪੀੜਤ ਸਨ। ਜਦਕਿ ਪੰਜਾਬ ਦੀ ਮੌਜੂਦਾ ਆਬਾਦੀ ਉਕਤ ਅੰਕੜਿਆਂ ਤੋਂ 10 ਗੁਣਾ ਵੱਧ ਭਾਵ ਕਰੀਬ ਪੌਣੇ 3 ਕਰੋੜ ਹੋਣ ਕਰ ਕੇ ਸਹਿਜੇ ਹੀ ਅੰਦਾਜ਼ਾ ਲੱਗ ਸਕਦਾ ਹੈ ਕਿ ਇਹ ਅੰਕੜੇ ਹੋਰ ਵੀ ਭਿਆਨਕ ਹੋ ਸਕਦੇ ਹਨ।
ਨਸ਼ੇੜੀਆਂ ਵੱਲੋਂ ਇਕੱਠੇ ਟੀਕੇ ਲਾਉਣ ਨਾਲ ਜ਼ਿਆਦਾ ਫੈਲ ਰਹੀ ਹੈ ਏਡਜ਼
ਮਾਹਿਰਾਂ ਮੁਤਾਬਿਕ ਚਾਹੇ ਏਡਜ਼ ਫੈਲਣ ਦੇ ਬਹੁਤ ਸਾਰੇ ਕਾਰਨ ਹਨ ਪਰ ਜਿਹੜਾ ਕਾਰਨ ਸਭ ਤੋਂ ਖਤਰਨਾਕ ਮੰਨਿਆ ਗਿਆ ਹੈ, ਉਹ ਹੈ ਨਸ਼ਾ ਕਰਨ ਵਾਲਿਆਂ ਵੱਲੋਂ ਇਕ-ਦੂਜੇ ਦੀਆਂ ਸੂਈਆਂ ਦੀ ਵਰਤੋਂ ਕਰਨਾ। ਡਾਕਟਰੀ ਮਾਹਿਰਾਂ ਅਨੁਸਾਰ ਐੱਚ. ਆਈ. ਵੀ. ਇਕ ਵਾਇਰਸ ਹੈ, ਜੋ ਮਨੁੱਖੀ ਸਰੀਰ ਦੇ ਅੰਦਰ ਦਾਖ਼ਲ ਹੋ ਕੇ ਸਰੀਰ ਦੀਆਂ ਬੀਮਾਰੀਆਂ ਨਾਲ ਲੜਨ ਦੀ ਸਮਰੱਥਾ ਖ਼ਤਮ ਕਰ ਦਿੰਦਾ ਹੈ, ਜੋ ਅੱਗੇ ਚੱਲ ਕੇ ਏਡਜ਼ ਦਾ ਕਾਰਨ ਬਣਦਾ ਹੈ। ਹੋਰਨਾਂ ਮੁੱਖ ਕਾਰਨਾਂ ਵਿਚ ਅਸੁਰੱਖਿਅਤ ਸਰੀਰਕ ਸਬੰਧਾਂ, ਐੱਚ. ਆਈ. ਵੀ. ਪ੍ਰਭਾਵਿਤ ਖੂਨ ਜਾਂ ਪ੍ਰਭਾਵਿਤ ਗਰਭਵਤੀ ਮਾਂ ਰਾਹੀਂ ਪੈਦਾ ਹੋਣ ਵਾਲੇ ਬੱਚੇ ਨੂੰ ਸੌਗਾਤ ਦੇ ਤੌਰ 'ਤੇ ਮਿਲ ਜਾਂਦੀ ਹੈ। ਅਜਿਹੇ ਵਿਚ ਸਰਕਾਰ ਦੇ ਨਾਲ-ਨਾਲ ਸਮੁੱਚੀ ਆਵਾਮ ਨੂੰ ਆਪਣੇ ਫਰਜ਼ 100 ਫੀਸਦੀ ਨਿਭਾਉਂਦੇ ਹੋਏ ਏਡਜ਼ ਤੋਂ ਨਿਜ਼ਾਤ ਦਿਵਾਉਣ ਲਈ ਆਪਣੇ-ਆਪਣੇ ਪੱਧਰ 'ਤੇ ਜ਼ੋਰਦਾਰ ਉਪਰਾਲੇ ਕਰਨੇ ਚਾਹੀਦੇ ਹਨ।
