ਪ੍ਰਸ਼ਾਸਕ ਦੇ ਦਰਬਾਰ ’ਚ ਲਾਈ ਸੀ ਗੁਹਾਰ, ਅੱਜ ਡੰਪਿੰਗ ਗਰਾਊਂਡ ’ਚ ਪਧਾਰੇਗੀ ‘ਸਰਕਾਰ’

Tuesday, Jul 31, 2018 - 05:50 AM (IST)

ਪ੍ਰਸ਼ਾਸਕ ਦੇ ਦਰਬਾਰ ’ਚ ਲਾਈ ਸੀ ਗੁਹਾਰ, ਅੱਜ ਡੰਪਿੰਗ ਗਰਾਊਂਡ ’ਚ ਪਧਾਰੇਗੀ ‘ਸਰਕਾਰ’

ਚੰਡੀਗਡ਼੍ਹ, (ਰਾਏ)- ਡੰਪਿੰਗ ਗਰਾਊਂਡ ਸੰਯੁਕਤ ਸੰਘਰਸ਼ ਕਮੇਟੀ ਦਾ ਪ੍ਰਤੀਨਿਧੀ ਮੰਡਲ ਪ੍ਰਸ਼ਾਸਕ  ਦੇ ਪਹਿਲੇ ਓਪਨ ਹਾਊਸ ’ਚ ਉਨ੍ਹਾਂ ਨੂੰ ਮਿਲਿਆ ਸੀ।  ਇਸ ਦੌਰਾਨ ਪ੍ਰਤੀਨਿਧੀ ਮੰਡਲ ਨੇ ਪ੍ਰਸ਼ਾਸਕ ਨੂੰ ਡੱਡੂਮਾਜਰਾ ਡੰਪਿੰਗ ਗਰਾਊਂਡ ਦਾ ਦੌਰਾ ਕਰਨ ਦੀ ਅਪੀਲ ਕੀਤੀ ਸੀ। ਇਸਨੂੰ ਸਵੀਕਾਰ ਕਰਦੇ ਹੋਏ ਪ੍ਰਸ਼ਾਸਕ ਮੰਗਲਵਾਰ ਨੂੰ ਅਧਿਕਾਰੀਆਂ ਨਾਲ ਡੰਪਿੰਗ ਗਰਾਊਂਡ ਦਾ ਦੌਰਾ ਕਰਨਗੇ। ਉਥੇ ਹੀ, ਪ੍ਰਸ਼ਾਸਕ ਦੇ ਦੌਰੇ ਤੋਂ ਪਹਿਲਾਂ ਨਗਰ ਨਿਗਮ ਨੇ ਡੱਡੂਮਾਜਰਾ ਦੇ ਡੰਪਿੰਗ ਗਰਾਊਂਡ ਅਤੇ ਗਰੀਨ ਟੇਕ ਗਾਰਬੇਜ ਪ੍ਰੋਸੈਸਿੰਗ ਪਲਾਂਟ ਦੀ ਜੰਮ ਕੇ ਸਫਾਈ ਕਰਵਾਈ। 
ਪਿਛਲੇ ਕਈ ਦਿਨਾਂ ਤੋਂ ਲੋਕ ਡੱਡੂਮਾਜਰਾ ਕਾਲੋਨੀ ’ਚ ਪਾਮ ਪਾਰਕ ਦੇ ਬਿਲਕੁਲ ਸਾਹਮਣੇ ਭਰੇ ਸੀਵਰੇਜ ਦੇ ਗੰਦੇ ਪਾਣੀ ਨੂੰ ਸਾਫ਼ ਕਰਨ ਦੀ ਮੰਗ ਕਰ ਰਹੇ ਸਨ। ਉਨ੍ਹਾਂ ਦੀ ਤਾਂ ਨਹੀਂ ਸੁਣੀ ਗਈ ਪਰ ਪ੍ਰਸ਼ਾਸਕ ਦੇ ਆਉਣ ਦੀ ਭਿਣਕ ਨਾਲ ਇਹ ਵੀ ਸਾਫ਼ ਹੋ ਗਿਆ। ਡੱਡੂਮਾਜਰਾ ਕਾਲੋਨੀ  ਦੇ ਪ੍ਰਵੇਸ਼ ਦੁਆਰ ’ਤੇ ਕਈ ਦਿਨਾਂ ਤੋਂ ਕੂਡ਼ੇ ਨਾਲ ਭਰਿਆ ਇਕ ਡਸਟਬਿਨ ਜਿਸਨੂੰ ਨਿਗਮ ਨੇ ਨਹੀਂ ਚੁੱਕਿਆ ਸੀ, ਸੋਮਵਾਰ ਨੂੰ ਇਸਦੀ ਵੀ ਸਫਾਈ ਕਰ ਦਿੱਤੀ ਗਈ ਅਤੇ ਉਸਦੇ ਆਸ-ਪਾਸ ਡੀ. ਡੀ. ਟੀ. ਦਾ ਛਿੜਕਾਅ ਕਰ ਦਿੱਤਾ ਗਿਆ। 
ਸਿਰਫ ਵੀ. ਆਈ. ਪੀ. ਦੇ ਦੌਰੇ ’ਤੇ ਹੀ ਲਈ ਜਾਂਦੀ ਹੈ ਸਾਰ
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਡੰਪਿੰਗ ਗਰਾਊਂਡ ਦੀ ਬਦਬੂ ਅਤੇ ਉਥੋਂ ਆਉਣ ਵਾਲੇ ਗੰਦੇ ਪਾਣੀ ਨਾਲ ਉਨ੍ਹਾਂ ਦਾ ਜਿਊਣਾ ਮੁਸ਼ਕਲ ਹੋ ਗਿਆ ਹੈ। ਪ੍ਰਸ਼ਾਸਕ ਦੇ ਦੌਰੇ ਨਾਲ ਸਭ ਇਕ ਦਿਨ ’ਚ ਚਮਕ ਗਿਆ। ਸਡ਼ਕ ’ਤੇ ਵਗ ਰਿਹਾ ਸੀਵਰੇਜ ਦਾ ਗੰਦਾ ਪਾਣੀ ਵੀ ਸਾਫ਼ ਕਰ ਦਿੱਤਾ ਗਿਆ ਹੈ। ਡੰਪਿੰਗ ਗਰਾਊਂਡ ਦੀ ਸਡ਼ਕ ਦੇ ਆਸ-ਪਾਸ ਕੂਡ਼ੇ ਨੂੰ ਚੁੱਕਵਾ ਦਿੱਤਾ ਗਿਆ ਅਤੇ ਐਂਟਰੀ ਗੇਟ ਨੂੰ ਵੀ ਦੇਰ ਸ਼ਾਮ ਤੱਕ ਪੇਂਟ ਨਾਲ ਚਮਕਾਇਆ ਜਾ ਰਿਹਾ ਸੀ।  ਗਰਾਊਂਡ ਦੀ ਬਦਬੂ ਤੋਂ ਲੋਕਾਂ ਨੂੰ ਨਿਜ਼ਾਤ ਦਿਵਾਉਣ ਦੇ ਹੱਲ ਤਾਂ ਅੱਜ ਤੱਕ ਨਹੀਂ ਹੋਏ ਪਰ ਪ੍ਰਸ਼ਾਸਕ ਨੂੰ ਇਸ ਬਦਬੂ ਤੋਂ ਬਚਾਉਣ ਲਈ ਮਿੱਟੀ ਪਾ ਕੇ ਡੰਪਿੰਗ ਗਰਾਊਂਡ ਦੀ ਕੈਪਿੰਗ ਵੀ ਕੀਤੀ ਜਾ ਰਹੀ ਹੈ। ਡੰਪਿੰਗ ਗਰਾਊਂਡ ਜੁਆਇੰਟ ਐਕਸ਼ਨ ਕਮੇਟੀ ਦੇ ਚੇਅਰਮੈਨ ਦਿਆਲ ਕ੍ਰਿਸ਼ਣ ਦਾ ਕਹਿਣਾ ਹੈ ਕਿ ਜਦੋਂ ਕੋਈ ਉੱਚ ਅਧਿਕਾਰੀ ਆਉਂਦਾ ਹੈ ਤਾਂ ਡੰਪਿੰਗ ਗਰਾਊਂਡ ’ਚ ਸਾਫ਼-ਸਫਾਈ ਕਰਵਾ ਦਿੱਤੀ ਜਾਂਦੀ ਹੈ ਪਰ ਅਗਲੇ ਹੀ ਦਿਨ ਉਹੀ ਹਾਲਾਤ ਵਿਖਾਈ ਦਿੰਦੇ ਹਨ। ਇਸ ਤੋਂ ਸਾਬਤ ਹੁੰਦਾ ਹੈ ਕਿ ਨਗਰ ਨਿਗਮ ਨੂੰ ਡੱਡੂਮਾਜਰਾ  ਦੇ ਲੋਕਾਂ ਦੀ ਸਿਹਤ ਦੀ ਕੋਈ ਵੀ ਪ੍ਰਵਾਹ ਨਹੀਂ ਹੈ। 
ਨਿਗਮ ਦੇ ਕਰਮਚਾਰੀ ਹੀ ਸਫਾਈ ਮੁਹਿੰਮ ’ਚ ਲੱਗੇੇ
ਡੰਪਿੰਗ ਗਰਾਊਂਡ ਨਾਲ-ਨਾਲ ਸੋਮਵਾਰ ਨੂੰ ਗਾਰਬੇਜ ਪ੍ਰੋਸੈਸਿੰਗ ਪਲਾਂਟ ’ਚ ਵੀ ਜ਼ਬਰਦਸਤ ਸਫਾਈ ਮੁਹਿੰਮ ਚੱਲੀ। ਪਲਾਂਟ ’ਚ ਤਾਂ ਸਟਾਫ ਦੀ ਕਮੀ ਹੈ, ਇਸ ਲਈ ਉਸ ਅੰਦਰ ਵੀ ਨਿਗਮ ਦੇ ਕਰਮਚਾਰੀ ਹੀ ਸਫਾਈ ਮੁਹਿੰਮ ’ਚ ਲੱਗੇ ਸਨ। ਪਲਾਂਟ ਅੰਦਰ ਲਗਭਗ 15000 ਟਨ ਕੂਡ਼ਾ ਅਤੇ ਆਰ. ਡੀ. ਐੱਫ. ਜਮ੍ਹਾ ਹੈ। ਪ੍ਰਸ਼ਾਸਕ ਨੂੰ ਪਲਾਂਟ ਦਫ਼ਤਰ ਵੱਲ ਲਿਜਾਇਆ ਜਾਵੇਗਾ ਅਤੇ ਉਸ ਵੱਲ ਸਫਾਈ ਕਰ ਦਿੱਤੀ ਗਈ ਹੈ। ਪਲਾਂਟ ਅੰਦਰ ਬਿਨਾਂ ਨਿਪਟਾਰੇ ਦੇ ਜਮ੍ਹਾ ਕੂਡ਼ੇ ਨੂੰ ਪ੍ਰਸ਼ਾਸਕ ਦੀ ਨਜ਼ਰ ਤੋਂ ਬਚਾਉਣ ਦੀ ਵਿਵਸਥਾ ਕੀਤੀ ਜਾ ਰਹੀ ਹੈ।
ਪ੍ਰਸ਼ਾਸਕ ਨੂੰ ਹਕੀਕਤ ਹੀ ਵਿਖਾਈ ਜਾਵੇਗੀ : ਮੇਅਰ
ਦੇਵੇਸ਼ ਮੌਦਗਿਲ ਨੇ ਦੱਸਿਆ ਕਿ ਸ਼ਹਿਰ ਦੇ ਕੂਡ਼ੇ  ਦੇ ਨਿਪਟਾਰੇ ਲਈ ਨਿਗਮ ਵਿਕਲਪਿਕ ਵਿਵਸਥਾ ਕਰਨ ’ਤੇ ਵਿਚਾਰ ਕਰ ਰਿਹਾ ਹੈ, ਇਸ ਲਈ ਨਵੇਂ ਪਲਾਂਟ ਲਈ ਐਕਸਪ੍ਰੈਸ਼ਨ ਆਫ ਇੰਟਰਸਟ ਮੰਗਿਆ। ਚਾਰ ਕੰਪਨੀਆਂ ਨੇ ਆਪਣੀ ਪ੍ਰੈਜ਼ੈਂਟੇਸ਼ਨ ਦਿੱਤੀ ਸੀ। ਨਵੀਂ ਕੰਪਨੀ ਨੂੰ ਡੱਡੂਮਾਜਰਾ ’ਚ ਪਹਿਲਾਂ ਤੋਂਂ ਲੱਗੇ ਪਲਾਂਟ ਨਾਲ ਹੀ ਖਾਲੀ ਪਈ ਜਗ੍ਹਾ ਦਿੱਤੀ ਜਾ ਸਕਦੀ ਹੈ। ਦੌਰੇ ’ਚ ਪ੍ਰਸ਼ਾਸਕ ਨੂੰ ਹਕੀਕਤ ਹੀ ਵਿਖਾਈ ਜਾਵੇਗੀ।
 


Related News