...ਤੇ ਹੁਣ ਥੈਲੇਸੀਮੀਆ ਦਾ ਹੋਵੇਗਾ ''ਮੁਫਤ ਇਲਾਜ, ਪੀ. ਜੀ. ਆਈ. ਜਾਣ ਦੀ ਲੋੜ ਨਹੀਂ
Monday, Mar 02, 2020 - 03:39 PM (IST)
ਲੁਧਿਆਣਾ (ਰਾਜ) : ਪੰਜਾਬ ਸਰਕਾਰ ਵਲੋਂ ਥੈਲੇਸੀਮੀਆ ਦੇ ਇਲਾਜ ਨੂੰ ਮੁਫਤ ਕਰ ਦਿੱਤਾ ਗਿਆ ਹੈ। ਇਸ ਦੇ ਤਹਿਤ ਹੁਣ 10 ਹਜ਼ਾਰ ਦਾ 'ਹੀਮੋਫੀਲੀਆ ਇੰਜਕੈਸ਼ਨ' ਗਰਭਵਤੀ ਔਰਤਾਂ ਨੂੰ ਵੀ ਲੁਧਿਆਣਾ ਸਿਵਲ ਹਸਪਤਾਲ 'ਚ ਮੁਫਤ ਲਾਇਆ ਜਾਵੇਗਾ। ਇਸ ਬਾਰੇ ਜਾਣਕਾਰੀ ਦਿੰਦਿਆਂ ਡਾ. ਅਵਿਨਾਸ਼ ਜਿੰਦਲ ਨੇ ਦੱਸਿਆ ਕਿ ਹੀਮੋਫੀਲੀਆ 'ਚ ਫੈਕਟਰ-8 ਦਾ ਇੰਜੈਕਸ਼ਨ ਹੁਣ ਮਰੀਜ਼ਾਂ ਨੂੰ ਮੁਫਤ ਲਾਇਆ ਜਾਵੇਗਾ। ਇਸ ਦੀ ਬਾਜ਼ਾਰ 'ਚ ਕੀਮਤ 10 ਹਜ਼ਾਰ ਰੁਪਏ ਸੀ ਪਰ ਹੁਣ ਇਸ ਨੂੰ ਪੰਜਾਬ ਸਰਕਾਰ ਵਲੋਂ ਮੁਫਤ 'ਚ ਹਸਪਤਾਲ 'ਚ ਮੁਹੱਈਆ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਈ ਵਾਰ ਮਰੀਜ਼ ਨੂੰ ਫੈਕਟਰ-8 ਦੀ ਕਮੀ ਕਾਰਨ ਇਕ ਦੀ ਬਜਾਏ 3-4 ਡੋਜ਼ ਵੀ ਲਾਉਣੇ ਪੈਂਦੇ ਸੀ, ਜਿਸ ਨਾਲ ਮਰੀਜ਼ਾਂ ਦਾ ਕਾਫੀ ਜ਼ਿਆਦਾ ਖਰਚਾ ਹੋ ਜਾਂਦਾ ਸੀ ਪਰ ਹੁਣ ਇਸ ਨੂੰ ਪੂਰੀ ਤਰ੍ਹਾਂ ਮੁਫਤ ਕਰ ਦਿੱਤਾ ਗਿਆ ਹੈ।
ਨਹੀਂ ਜਾਣਾ ਪਵੇਗਾ ਪੀ. ਜੀ. ਆਈ.
ਹੀਮੋਫੀਲੀਆ ਅਤੇ ਥੈਲੈਸੀਮੀਆ ਦੇ ਇਲਾਜ ਲਈ ਪਹਿਲਾਂ ਮਰੀਜ਼ਾਂ ਨੂੰ ਪੀ. ਜੀ. ਆਈ. ਜਾਣਾ ਪੈਂਦਾ ਸੀ ਪਰ ਹੁਣ ਇਸ ਦਾ ਇਲਾਜ ਸ਼ਹਿਰ 'ਚ ਹੀ ਹੋ ਸਕੇਗਾ। ਇੰਨਾ ਹੀ ਨਹੀਂ, ਗਰਭਵਤੀ ਔਰਤਾਂ ਦਾ ਥੈਲੇਸੀਮੀਆ ਲਈ ਸਕਰੀਨਿੰਗ ਟੈਸਟ ਵੀ ਜ਼ਰੂਰੀ ਕਰ ਦਿੱਤਾ ਗਿਆ ਹੈ। ਇਹ ਟੈਸਟ ਵੀ ਹਸਪਤਾਲ 'ਚ ਮੁਫਤ 'ਚ ਕੀਤਾ ਜਾਵੇਗਾ ਅਤੇ ਸਾਰੀਆਂ ਗਰਭਵਤੀ ਔਰਤਾਂ ਲਈ ਇਹ ਟੈਸਟ ਗਰਭ ਅਵਸਥਾ 'ਚ ਇਕ ਵਾਰ ਜ਼ਰੂਰ ਕਰਾਇਆ ਜਾਵੇਗਾ।
ਡਾ. ਅਵਿਨਾਸ਼ ਜਿੰਦਲ ਨੇ ਦੱਸਿਆ ਕਿ ਮਦਰ ਚਾਈਲਡ ਹਸਪਤਾਲ 'ਚ ਥੈਲੇਸੀਮੀਆ ਅਤੇ ਹੀਮੋਫੀਲੀਆ ਡੇਅ ਕੇਅਰ ਲਈ ਰਜਿਸਟ੍ਰੇਸ਼ਨ ਕਾਊਂਟਰ ਵੀ ਬਣਾ ਦਿੱਤਾ ਗਿਆ ਹੈ । ਜਾਣਕਾਰੀ ਮੁਤਾਬਕ ਡੇਅ ਕੇਅਰ ਲਈ ਹੁਣ ਤੱਕ ਹੀਮੋਫੀਲੀਆ ਦੇ 24 ਅਤੇ ਥੈਲੇਸੀਮੀਆ ਦੇ 14 ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾ ਵੀ ਦਿੱਤੀ ਹੈ। ਡਾ. ਜਿੰਦਲ ਨੇ ਦੱਸਿਆ ਕਿ ਇਹ ਸਹੂਲਤ ਸਿਰਫ ਜ਼ਿਲਾ ਹਸਪਤਾਲ 'ਚ ਹੀ ਮੁਹੱਈਆ ਹੈ।