ਅੱਤਵਾਦੀ ਸੰਗਠਨ ਜੈਸ਼ ਨੇ ਦਿੱਤੀ ਰੇਲਵੇ ਸਟੇਸ਼ਨਾਂ ਨੂੰ ਉਡਾਉਣ ਦੀ ਧਮਕੀ, ਆਈ ਅਲਰਟ ਜਾਰੀ

04/20/2019 1:27:22 AM

ਲੁਧਿਆਣਾ,(ਸਲੂਜਾ) : ਲੁਧਿਆਣਾ, ਅੰਮ੍ਰਿਤਸਰ ਤੇ ਜਲੰਧਰ ਸਮੇਤ ਪੰਜਾਬ ਦੇ ਵੱਡੇ ਰੇਲਵੇ ਸਟੇਸ਼ਨਾਂ ਨੂੰ ਅੱਤਵਾਦੀ ਸੰਗਠਨ ਜੈਸ਼ ਨੇ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਹੈ। ਧਮਕੀ ਭਰਿਆ ਪੱਤਰ ਫਿਰੋਜ਼ਪੁਰ ਮੰਡਲ ਦੇ ਸੀਨੀਅਰ ਅਧਿਕਾਰੀਆਂ ਨੂੰ ਮਿਲਿਆ ਹੈ। ਜਿਸ ਦੇ ਮੱਦੇਨਜ਼ਰ ਪੰਜਾਬ ਭਰ ਦੇ ਰੇਲਵੇ ਸਟੇਸ਼ਨਾਂ 'ਤੇ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਸਥਾਨਕ ਰੇਲਵੇ ਸਟੇਸ਼ਨ 'ਤੇ ਜੀ. ਆਰ. ਪੀ. ਆਰ. ਪੀ. ਐਫ. ਤੇ ਵਿਸ਼ੇਸ਼ ਚੈਕਿੰਗ ਟੀਮਾਂ ਨੇ ਸਰਚ ਅਭਿਆਨ ਚਲਾ ਕੇ ਚੱਪੇ-ਚੱਪੇ ਦੀ ਤਲਾਸ਼ੀ ਲਈ। ਇਸ ਚੈਕਿੰਗ ਦੌਰਾਨ ਡਾਗ ਸਕੂਐਡ ਨੂੰ ਵੀ ਸ਼ਾਮਲ ਕੀਤਾ ਗਿਆ।

PunjabKesari

ਰੇਲਵੇ ਸਟੇਸ਼ਨ ਦੇ ਸਾਰੇ ਪਲੇਟਫਾਰਮਾਂ, ਸਰਕੂਲਰ ਏਰੀਆ, ਸਕੂਟਰ ਤੇ ਕਾਰ ਪਾਰਕਿੰਗ  ਏਰੀਆ ਤੇ ਗੋਦਾਮਾਂ ਦੀ ਵੀ ਚੈਕਿੰਗ ਕੀਤੀ ਗਈ ਅਤੇ ਰੇਲ ਯਾਤਰੀਆਂ ਦੇ ਸਮਾਨ ਦੀ ਵੀ ਜਾਂਚ ਕੀਤੀ ਗਈ। ਡੀ. ਐਸ. ਪੀ. ਜੀ. ਆਰ. ਪੀ. ਪ੍ਰਦੀਪ ਸੰਧੂ, ਆਰ. ਪੀ. ਐਫ. ਜਲੰਧਰ ਸਟੇਸ਼ਨ ਕੈਂਟ ਦੇ ਇੰਸਪੈਕਟਰ ਵਿਸ਼ਰਾਮ ਮੀਨਾ ਤੇ ਲੁਧਿਆਣਾ ਜੀ. ਆਰ. ਪੀ. ਪੁਲਸ ਸਟੇਸ਼ਨ ਦੇ ਇੰਚਾਰਜ ਬਲਬੀਰ ਸਿੰਘ ਨੇ ਦੱਸਿਆ ਕਿ ਜੈਸ਼ ਅੱਤਵਾਦੀ ਸੰਗਠਨ ਵਲੋਂ ਮਿਲੇ ਧਮਕੀ ਭਰੇ ਪੱਤਰ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ। ਰੇਲਵੇ ਸਟੇਸ਼ਨ ਦੇ ਅੰਦਰ ਤੇ ਬਾਹਰ ਸੁਰੱਖਿਆ ਦੇ ਸਖਤ ਪ੍ਰੰਬਧ ਕਰਨ ਦੇ ਨਾਲ ਹੀ ਰੇਲ ਗੱਡੀਆਂ 'ਚ ਵੀ ਜੀ. ਆਰ. ਪੀ. ਤੇ ਆਰ. ਪੀ. ਐਫ ਜਵਾਨਾਂ ਦੀ ਤਾਇਨਾਤੀ ਪਹਿਲਾਂ ਤੋਂ ਵਧਾ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ ਹਰ ਸਮੇਂ ਚੌਕਸ ਰਹਿਣ ਨੂੰ ਕਿਹਾ ਗਿਆ  ਹੈ। ਉਨ੍ਹਾਂ ਦੱਸਿਆ ਕਿ ਸ਼ਤਾਬਦੀ ਤੇ ਸ਼ਾਨੇ ਪੰਜਾਬ ਸਮੇਤ 2  ਦਰਜ਼ਨ ਦੇ ਕਰੀਬ ਟਰੇਨਾਂ ਦੀ ਚੈਕਿੰਗ ਕਰਦੇ ਹੋਏ ਰੇਲ ਯਾਤਰੀਆਂ ਨੂੰ ਇਸ ਗੱਲ ਲਈ ਸੁਚੇਤ ਕੀਤਾ ਗਿਆ ਕਿ ਜੇਕਰ ਉਹ ਕੋਈ ਵੀ ਸ਼ੱਕੀ ਵਿਅਕਤੀ ਜਾਂ ਸ਼ੱਕੀ ਚੀਜ਼ ਨੂੰ ਦੇਖਣ ਤਾਂ ਬਿਨਾ ਕਿਸੇ ਦੇਰੀ ਦੇ ਪੁਲਸ ਨੂੰ ਸੂਚਿਤ ਕਰਦੇ ਹੋਏ ਸਹਿਯੋਗ ਕਰਨ ਤਾਂ ਜੋ ਅਮਨ ਕਾਨੂੰਨ ਤੇ ਸ਼ਾਂਤੀ ਬਰਕਰਾਰ ਰਹਿ ਸਕੇ।
PunjabKesari

 


Related News