ਹਾਫਿਜ਼ ਸਈਦ ਨੂੰ ਵਾਹਗਾ ਬਾਰਡਰ ਦੇ ਪਾਰ ਵੇਖੇ ਜਾਣ ਕਾਰਨ ਹਰਕਤ ''ਚ ਆਈ ਪੁਲਸ
Thursday, Sep 10, 2015 - 10:06 AM (IST)

ਕਪੂਰਥਲਾ (ਭੂਸ਼ਣ)-ਖੁਫੀਆ ਤੰਤਰ ਵੱਲੋਂ ਦੁਨੀਆ ਦੇ ਮੋਸਟ ਵਾਂਟਿਡ ਅੱਤਵਾਦੀਆਂ ''ਚ ਸ਼ੁਮਾਰ ਹੋਣ ਵਾਲੇ ਅੱਤਵਾਦੀ ਹਾਫਿਜ਼ ਸਈਅਦ ਨੂੰ ਵਾਹਗਾ ਬਾਰਡਰ ਦੇ ਪਾਰ ਵੇਖੇ ਜਾਣ ਦੀ ਸੂਚਨਾ ਮਗਰੋਂ ਕੀਤੇ ਗਏ ਰੈੱਡ ਅਲਰਟ ਤੋਂ ਬਾਅਦ ਪੰਜਾਬ ਪੁਲਸ ਨੇ ਪੂਰੇ ਸੂਬੇ ਵਿਚ ਸੁਰੱਖਿਆ ਦੇ ਸਖਤ ਪ੍ਰਬੰਧਾਂ ਨੂੰ ਅਮਲੀਜਾਮਾ ਪਵਾ ਦਿੱਤਾ ਹੈ। ਜ਼ਿਲਾ ਪੁਲਸ ਵੱਲੋਂ ਨਾਈਟ ਡੋਮੀਨੇਸ਼ਨ ਮੁਹਿੰਮ ਦੇ ਨਾਲ-ਨਾਲ ਭੀੜਭਾੜ ਵਾਲੀਆਂ ਥਾਵਾਂ ''ਤੇ ਸ਼ੱਕੀ ਵਿਅਕਤੀਆਂ ''ਤੇ ਨਜ਼ਰ ਰੱਖਣ ਲਈ ਸਾਦੀ ਵਰਦੀ ਵਿਚ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਤਾਂ ਕਿ ਕਿਸੇ ਵੀ ਤਰ੍ਹਾਂ ਦੇ ਹਾਲਾਤ ਨਾਲ ਨਜਿੱਠਿਆ ਜਾ ਸਕੇ।
ਜ਼ਿਕਰਯੋਗ ਹੈ ਕਿ ਦੇਸ਼ ਦੀਆਂ ਖੁਫੀਆ ਏਜੰਸੀਆਂ ਵੱਲੋਂ ਪਾਕਿਸਤਾਨ ਨਾਲ ਸੰਬੰਧਿਤ ਖਤਰਨਾਕ ਅੱਤਵਾਦੀ ਹਾਫਿਜ਼ ਸਈਅਦ ਨੂੰ ਵਾਹਗਾ ਬਾਰਡਰ ਤੋਂ ਕੁਝ ਕਿਲੋਮੀਟਰ ਦੂਰ ਪਾਕਿਸਤਾਨ ਦੇ ਖੇਤਰ ਵਿਚ ਵੇਖੇ ਜਾਣ ਦੀ ਦਿੱਤੀ ਸੂਚਨਾ ਤੋਂ ਬਾਅਦ ਸੂਬੇ ਭਰ ਵਿਚ ਨਾਈਟ ਡੋਮੀਨੇਸ਼ਨ ਮੁਹਿੰਮ ਨੂੰ ਤੇਜ਼ ਕਰਨ ਦੇ ਨਾਲ-ਨਾਲ ਭੀੜਭਾੜ ਵਾਲੀਆਂ ਥਾਵਾਂ ''ਤੇ ਸਖਤ ਚੈਕਿੰਗ ਮੁਹਿੰਮ ਤੇਜ਼ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ, ਜਿਸ ਨੂੰ ਲੈ ਕੇ ਕਪੂਰਥਲਾ ਪੁਲਸ ਨੇ ਜ਼ਿਲੇ ''ਚ ਪਹਿਲਾਂ ਤੋਂ ਹੀ ਚੱਲ ਰਹੀ ਨਾਈਟ ਡੋਮੀਨੇਸ਼ਨ ਮੁਹਿੰਮ ਨੂੰ ਹੋਰ ਤੇਜ਼ ਕਰਦੇ ਹੋਏ ਮੁੱਖ ਹਾਈਵੇ ਅਤੇ ਸੰਪਰਕ ਮਾਰਗਾਂ ''ਤੇ ਵੱਡੀ ਗਿਣਤੀ ''ਚ ਪੁਲਸ ਦੀਆਂ ਚੈਕਿੰਗ ਟੀਮਾਂ ਤਾਇਨਾਤ ਕਰ ਦਿੱਤੀਆਂ ਹਨ। ਬੈਰੀਕੇਡਸ ਲਗਾ ਕੇ ਸਾਰੇ ਸੰਵੇਦਨਸ਼ੀਨ ਪੁਆਇੰਟਾਂ ''ਤੇ ਚੈਕਿੰਗ ਕੰਮ ਨੂੰ ਹੋਰ ਤੇਜ਼ ਕੀਤਾ ਜਾ ਰਿਹਾ ਹੈ।
ਇਸ ਦੇ ਨਾਲ-ਨਾਲ ਰੇਲਵੇ ਸਟੇਸ਼ਨਾਂ, ਬੱਸ ਸਟੈਂਡਾਂ, ਧਾਰਮਿਕ ਅਸਥਾਨਾਂ ਤੇ ਬਾਜ਼ਾਰਾਂ ਵਿਚ ਵਿਸ਼ੇਸ਼ ਤੌਰ ''ਤੇ ਵਰਦੀ ਅਤੇ ਬਿਨਾਂ ਵਰਦੀ ਤੋਂ ਪੁਲਸ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ। ਵਰਣਯੋਗ ਹੈ ਕਿ ਦੀਨਾਨਗਰ ਵਿਚ ਪਿਛਲੇ ਦਿਨੀਂ ਪਾਕਿਸਤਾਨ ਤੋਂ ਆਏ ਅੱਤਵਾਦੀਆਂ ਦੇ ਤਾਰ ਭਾਰਤ ਦੇ ਕੱਟੜ ਦੁਸ਼ਮਣ ਹਾਫਿਜ਼ ਸਈਅਦ ਨਾਲ ਜੁੜੇ ਹੋਣ ਦਾ ਪੂਰਾ ਸ਼ੱਕ ਜਤਾਇਆ ਗਿਆ ਸੀ। ਹੁਣ ਖੁਫੀਆਤੰਤਰ ਦੀ ਇਸ ਨਵੀਂ ਸੂਚਨਾ ਨੂੰ ਪੂਰੀ ਗੰਭੀਰਤਾ ਨਾਲ ਲੈਂਦੇ ਹੋਏ ਦੀਨਾਨਗਰ ਅੱਤਵਾਦੀ ਹਮਲੇ ਤੋਂ ਬਾਅਦ ਪੰਜਾਬ ਪੁਲਸ ਪੂਰੀ ਸਾਵਧਾਨੀ ਨਾਲ ਆਉਣ ਵਾਲੇ ਤਿਉਹਾਰਾਂ ਦੇ ਸੀਜ਼ਨ ਸਬੰਧੀ ਸੁਰੱਖਿਆ ਪ੍ਰਬੰਧਾਂ ਨੂੰ ਨਵਾਂ ਰੂਪ ਦੇਣ ਵਿਚ ਜੁਟ ਗਈ ਹੈ।
ਇਸ ਨੂੰ ਲੈ ਕੇ ਸਾਰੇ ਥਾਣਿਆਂ ਅਤੇ ਵਿੰਗਾਂ ਨਾਲ ਸੰਬੰਧਿਤ ਪੁਲਸ ਟੀਮਾਂ ਨੂੰ ਅਲਰਟ ਕਰ ਦਿੱਤਾ ਗਿਆ ਹੈ। ਉਥੇ ਹੀ ਅੱਤਵਾਦ ਨਾਲ ਨਜਿੱਠਣ ਵਾਲੇ ਤਜਰਬੇਕਾਰ ਪੁਲਸ ਅਫਸਰਾਂ ਦੀਆਂ ਸੇਵਾਵਾਂ ਵੀ ਲਈਆਂ ਜਾ ਰਹੀਆਂ ਹਨ। ਇਸ ਸਬੰਧੀ ਸੀਨੀਅਰ ਪੁਲਸ ਅਫਸਰਾਂ ਦੀਆਂ ਮੀਟਿੰਗਾਂ ਦਾ ਦੌਰ ਤੇਜ਼ੀ ਨਾਲ ਜਾਰੀ ਹੈ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।