ਮੋਦੀ ਸਰਕਾਰ ਦੀਆਂ ਨਾਲਾਇਕੀਆਂ ਦਾ ਨਤੀਜਾ ਹਨ ਅੱਤਵਾਦੀ ਹਮਲੇ: ਅਰੁਨ ਵਾਲੀਆ

02/11/2018 2:14:53 PM

ਜਲੰਧਰ (ਚੋਪੜਾ)— ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੀਆਂ ਨਾਲਾਇਕੀਆਂ ਦਾ ਨਤੀਜਾ ਹੈ ਕਿ ਅੱਤਵਾਦੀ ਸਰਹੱਦ ਪਾਰ ਤੋਂ ਘੁਸਪੈਠ ਕਰਕੇ ਵਾਰ-ਵਾਰ ਜੰਮੂ ਵਿਚ ਆ ਕੇ ਫੌਜੀ ਕੈਂਪਾਂ 'ਤੇ ਹਮਲੇ ਕਰ ਕੇ ਸਾਡੇ ਜਵਾਨਾਂ ਨੂੰ ਸ਼ਹੀਦ ਕਰ ਰਹੇ ਹਨ। ਇਹ ਸ਼ਬਦ ਪੰਜਾਬ ਸੂਬਾ ਕਾਂਗਰਸ ਦੇ ਜਨਰਲ ਸਕੱਤਰ ਅਰੁਨ ਵਾਲੀਆ ਅਤੇ ਸੀਨੀਅਰ ਕਾਂਗਰਸੀ ਆਗੂ ਮਹੇਸ਼ ਗੁਪਤਾ ਨੇ ਕਹੇ। 
ਵਾਲੀਆ ਅਤੇ ਗੁਪਤਾ ਨੇ ਦੱਸਿਆ ਕਿ ਅੱਜ ਜੰਮੂ ਦੇ ਬਾਹਰੀ ਇਲਾਕੇ ਸੁੰਜੁਵਾ ਬ੍ਰਿਗੇਡ ਸਥਿਤ ਫੌਜੀ ਕੈਂਪ ਵਿਚ ਅੱਤਵਾਦੀ ਗਰੁੱਪ ਦੇ ਹਮਲੇ ਨੇ ਰਾਸ਼ਟਰੀ ਸੁਰੱਖਿਆ ਏਜੰਸੀਆਂ ਦੀਆਂ ਕਮੀਆਂ ਨੂੰ ਵੀ ਉਜਾਗਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੀ ਜਨਤਾ ਨੂੰ ਵੱਡੇ-ਵੱਡੇ ਸੁਪਨੇ ਦਿਖਾਏ ਸਨ। ਪਾਕਿਸਤਾਨ ਸਾਡੇ ਇਕ ਫੌਜੀ ਨੂੰ ਮਾਰੇਗਾ ਤਾਂ ਅਸੀਂ ਪਾਕਿਸਤਾਨ ਦੇ 10 ਫੌਜੀਆਂ ਦਾ ਸਿਰ ਕਲਮ ਕਰ ਦੇਵਾਂਗੇ, ਵਿਦੇਸ਼ਾਂ ਤੋਂ ਕਾਲਾ ਧਨ ਲਿਆ ਕੇ ਹਰੇਕ ਭਾਰਤੀ ਦੇ ਖਾਤੇ ਵਿਚ 15-15 ਲੱਖ ਰੁਪਏ ਆਉਣਗੇ, ਹਰ ਸਾਲ 2 ਕਰੋੜ ਨੌਜਵਾਨਾਂ ਨੂੰ ਨੌਕਰੀਆਂ ਦੇਣਗੇ, ਕਸ਼ਮੀਰ ਵਿਚ ਧਾਰਾ 370 ਨੂੰ ਹਟਾਉਣ ਸਣੇ ਹਰੇਕ ਵਾਅਦਾ ਸਿਰਫ ਚੋਣ ਜੁਮਲਾ ਹੀ ਸਾਬਤ ਹੋਇਆ।
ਵਾਲੀਆ ਅਤੇ ਗੁਪਤਾ ਨੇ ਕਿਹਾ ਕਿ ਦੇਸ਼ ਨੂੰ ਤਰੱਕੀ ਦੀ ਰਾਹ 'ਤੇ ਅੱਗੇ ਲਿਜਾਣ ਦੀ ਬਜਾਏ ਦੇਸ਼ ਵਾਸੀਆਂ 'ਤੇ ਨੋਟਬੰਦੀ ਅਤੇ ਜੀ. ਐੱਸ. ਟੀ. ਜਿਹੇ ਤਾਨਾਸ਼ਾਹੀ ਬਦਲਾਅ ਥੋਪ ਦਿੱਤੇ, ਜਿਸ ਨੇ ਵਪਾਰ, ਇੰਡਸਟਰੀ, ਮਜ਼ਦੂਰ, ਕਿਸਾਨ, ਦੁਕਾਨਦਾਰ ਸਣੇ ਹਰੇਕ ਵਰਗ ਦਾ ਜਿਊਣਾ ਮੁਸ਼ਕਲ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਜੀ. ਡੀ. ਪੀ. ਗ੍ਰੋਥ ਢਹਿ-ਢੇਰੀ ਹੋ ਗਈ ਹੈ। ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਤੇ ਮਹਿੰਗਾਈ ਨੇ ਹਰੇਕ ਘਰ ਦਾ ਬਜਟ ਹਿਲਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੁਖੀ ਜਨਤਾ 2019 ਦੀਆਂ ਲੋਕ ਸਭਾ ਚੋਣਾਂ ਉਡੀਕ ਰਹੀ ਹੈ ਤਾਂ ਜੋ ਵੋਟਾਂ ਦੀ ਸ਼ਕਤੀ ਨਾਲ ਉਹ ਕੇਂਦਰ ਦੀ ਸਰਕਾਰ ਨੂੰ ਤੁਰਦਾ ਕਰੇ।


Related News