ਸਮਾਜ ਵਿਰੋਧੀ ਤੱਤਾਂ ਨੂੰ ਨੱਥ ਨਾ ਪਾਈ ਤਾਂ ਪੰਜਾਬ ਮੁੜ ਝੁਲਸ ਸਕਦੈ ਅੱਤਵਾਦ ਦੀ ਭੱਠੀ ''ਚ
Wednesday, Nov 01, 2017 - 12:27 AM (IST)

ਫਿਰੋਜ਼ਪੁਰ(ਮਲਹੋਤਰਾ, ਜੈਨ)-ਅੰਮ੍ਰਿਤਸਰ ਵਿਚ ਹਿੰਦੂ ਆਗੂ ਵਿਪਨ ਸ਼ਰਮਾ ਦੀ ਸਮਾਜ ਵਿਰੋਧੀ ਤੱਤਾਂ ਵੱਲੋਂ ਸ਼ਰੇਆਮ ਗੋਲੀਆਂ ਮਾਰ ਕੇ ਕੀਤੀ ਗਈ ਹੱਤਿਆ ਤੋਂ ਬਾਅਦ ਰਾਸ਼ਟਰਵਾਦੀ ਤੇ ਹਿੰਦੂ ਸੰਸਥਾਵਾਂ 'ਚ ਰੋਸ ਦੀ ਲਹਿਰ ਹੈ ਅਤੇ ਪਿਛਲੇ ਦੋ ਸਾਲਾਂ ਵਿਚ ਇਸੇ ਤਰਜ਼ 'ਤੇ ਪੰਜਾਬ ਵਿਚ ਹੋ ਚੁੱਕੀਆਂ ਹੱਤਿਆਵਾਂ ਦੇ ਦੋਸ਼ੀਆਂ ਨੂੰ ਤੁਰੰਤ ਕਾਬੂ ਕਰ ਕੇ ਜੇਲਾਂ ਵਿਚ ਡੱਕਣ ਦੀ ਮੰਗ ਉੱਠ ਰਹੀ ਹੈ। ਸੰਸਥਾਵਾਂ ਦੇ ਆਗੂਆਂ ਨੇ ਕਾਨੂੰਨ ਪ੍ਰਣਾਲੀ 'ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਸੜਕਾਂ 'ਤੇ ਮੌਤ ਵੰਡ ਰਹੇ ਇਹੋ ਜਿਹੇ ਤੱਤਾਂ ਵਿਰੁੱਧ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਨਹੀਂ ਤਾਂ ਡੇਢ ਦਹਾਕੇ ਤੱਕ ਅੱਤਵਾਦ ਦਾ ਸੰਤਾਪ ਝੱਲ ਚੁੱਕੇ ਪੰਜਾਬ ਨੂੰ ਦੁਬਾਰਾ ਅੱਤਵਾਦ ਦੀ ਭੱਠੀ ਵਿਚ ਜਾਣ ਤੋਂ ਕੋਈ ਨਹੀਂ ਰੋਕ ਸਕੇਗਾ।
ਕਿੱਥੇ-ਕਿੱਥੇ ਚੱਲ ਰਹੀਆਂ ਹਨ ਸ਼ਾਖਾਵਾਂ : ਸ਼ਹਿਰ ਵਿਚ ਟਾਊਨ ਹਾਲ ਪਾਰਕ ਅਤੇ ਸ਼੍ਰੀ ਹੰਸਰਾਜ ਸਰਬ ਹਿੱਤਕਾਰੀ ਵਿੱਦਿਆ ਮੰਦਰ ਵਿਚ ਤੜਕੇ ਸ਼ਾਖਾਵਾਂ ਲੱਗਦੀਆਂ ਹਨ ਜਿਥੇ ਰੋਜ਼ਾਨਾ 20-25 ਕਾਰਜਕਰਤਾ ਪਹੁੰਚਦੇ ਹਨ। ਛਾਉਣੀ ਦੇ ਰਾਮ ਬਾਗ ਵਿਚ ਸਵੇਰੇ-ਸ਼ਾਮ 2 ਟਾਈਮ ਸ਼ਾਖਾ ਲੱਗਦੀ ਹੈ ਜਿਥੇ ਸਵੇਰ ਸਮੇਂ 15 ਤੋਂ 20 ਲੋਕ ਅਤੇ ਸ਼ਾਮ ਨੂੰ ਬੱਚਿਆਂ ਸਮੇਤ 30 ਤੋਂ 35 ਲੋਕ ਸ਼ਾਮਲ ਹੁੰਦੇ ਹਨ। ਪਿਛਲੇ ਸਾਲ ਆਰ. ਐੱਸ. ਐੱਸ. ਕਾਰਜਕਰਤਾ ਜਗਦੀਸ਼ ਗਗਨੇਜਾ 'ਤੇ ਹੋਏ ਹਮਲੇ ਤੋਂ ਬਾਅਦ ਇਨ੍ਹਾਂ ਸਥਾਨਾਂ 'ਤੇ ਪੁਲਸ ਦੀ ਸਕਿਓਰਿਟੀ ਦਾ ਪ੍ਰਬੰਧ ਕੀਤਾ ਗਿਆ ਸੀ ਪਰ ਬਾਅਦ ਵਿਚ ਸਕਿਓਰਿਟੀ ਹਟਾ ਲਈ ਗਈ। ਵਰਤਮਾਨ ਸਮੇਂ ਵਿਚ ਕਿਸੇ ਵੀ ਸ਼ਾਖਾ 'ਤੇ ਸਕਿਓਰਿਟੀ ਦਾ ਕੋਈ ਪ੍ਰਬੰਧ ਨਹੀਂ ਹੈ ਅਤੇ ਖੁੱਲ੍ਹੇ ਆਸਮਾਨ ਥੱਲੇ ਸ਼ਾਖਾਵਾਂ ਲੱਗਦੀਆਂ ਹਨ।
ਕੀ ਕਹਿੰਦੇ ਹਨ ਪੁਲਸ ਅਧਿਕਾਰੀ
ਇਸ ਬਾਰੇ ਐੱਸ. ਐੱਸ. ਪੀ. ਭੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਜ਼ਿਲੇ ਵਿਚ ਜਿੰਨੀਆਂ ਵੀ ਸ਼ਾਖਾਵਾਂ ਲੱਗਦੀਆਂ ਹਨ, ਉਨ੍ਹਾਂ ਦੀ ਸੁਰੱਖਿਆ ਲੰਬੇ ਸਮੇਂ ਤੋਂ ਜਾਰੀ ਹੈ ਪਰ ਕੁਝ ਸਮੇਂ ਦੌਰਾਨ ਹੋਈਆਂ ਘਟਨਾਵਾਂ ਨੂੰ ਦੇਖਦੇ ਹੋਏ ਸ਼ਾਖਾ ਸਥਾਨਾਂ ਦੀ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ। ਸਾਰੇ ਐੱਸ. ਐੱਚ. ਓ., ਡੀ. ਐੱਸ. ਪੀਜ਼ ਅਤੇ ਪੀ. ਸੀ. ਆਰ. ਦੀਆਂ ਟੀਮਾਂ ਨੂੰ ਸ਼ਾਖਾ ਲੱਗਣ 'ਤੇ ਸਮੇਂ ਦੌਰਾਨ ਪੂਰੀ ਤਰ੍ਹਾਂ ਐਲਰਟ ਰਹਿਣ ਦੇ ਆਦੇਸ਼ ਦਿੱਤੇ ਗਏ ਹਨ। ਕਿਸੇ ਵੀ ਸਮਾਜ ਵਿਰੋਧੀ ਤੱਤ ਨੂੰ ਸਿਰ ਚੁੱਕਣ ਨਹੀਂ ਦਿੱਤਾ ਜਾਵੇਗਾ।