ਮਸਤੇਵਾਲਾ ਗਰਿੱਡ ਨੂੰ ਲੱਗੀ ਭਿਆਨਕ ਅੱਗ, ਮੁਸ਼ੱਕਤ ਨਾਲ ਪਾਇਆ ਅੱਗ ’ਤੇ ਕਾਬੂ

Saturday, May 23, 2020 - 11:09 PM (IST)

ਮਸਤੇਵਾਲਾ ਗਰਿੱਡ ਨੂੰ ਲੱਗੀ ਭਿਆਨਕ ਅੱਗ, ਮੁਸ਼ੱਕਤ ਨਾਲ ਪਾਇਆ ਅੱਗ ’ਤੇ ਕਾਬੂ

ਜ਼ੀਰਾ/ਮੱਖੂ,(ਅਕਾਲੀਆਂਵਾਲਾ, ਵਾਹੀ)– ਤਹਿਸੀਲ ਦੇ ਪਿੰਡ ਮਸਤੇਵਾਲਾ ਵਿਖੇ ਸਥਿਤ 220-66 ਕੇ. ਵੀ. ਗਰਿੱਡ ਨੂੰ ਅੱਜ ਤੜਕ ਸਵੇਰ ਭਾਰੀ ਅੱਗ ਨੇ ਆਪਣੀ ਲਪੇਟ ’ਚ ਲੈ ਲਿਆ। ਲਗਭਗ ਤਿੰਨ ਘੰਟੇ ਤੱਕ ਜਾਰੀ ਰਹੀ। ਇਸ ਅੱਗ ’ਤੇ ਬੜੀ ਮੁਸ਼ੱਕਤ ਬਾਅਦ ਕਾਬੂ ਪਾਇਆ ਗਿਆ। ਪਿੰਡ ਦੇ ਵਸਨੀਕ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਉਹ ਰੋਜ਼ ਵਾਂਗ ਆਪਣੇ ਕੋਠੇ ਦੀ ਛੱਤ ਉਪਰ ਸੁੱਤਾ ਪਿਆ ਸੀ ਅਤੇ ਤੜਕਸਾਰ ਜਦ ਉਹ ਚਾਰ ਵਜੇ ਉੱਠਿਆ ਤਾਂ ਇਕ ਦਮ ਇਸ ਗਰਿੱਡ ਤੋਂ ਜ਼ਬਰਦਸਤ ਧਮਾਕੇ ਦੀ ਆਵਾਜ਼ ਆਈ ਉਪਰੰਤ ਅੱਗ ਦੀਆਂ ਲਪਟਾਂ ਨਿਕਲਣੀਆਂ ਸ਼ੁਰੂ ਹੋ ਗਈਆਂ, ਉਸ ਵੱਲੋਂ ਰੌਲਾ ਪੈ ਜਾਣ ’ਤੇ ਪਿੰਡਾਂ ਦੇ ਲੋਕ ਵੱਡੀ ਗਿਣਤੀ ’ਚ ਇਕੱਤਰ ਹੋ ਗਏ। ਅੱਗ ਇੰਨੀ ਭਿਆਨਕ ਸੀ ਕਿ ਗਰਿੱਡ ’ਚੋਂ ਨਿਕਲਦੇ ਧੂੰਏਂ ਦੇ ਕਾਰਨ ਅੰਬਰਾਂ ਧੂੰਏਂ ਦੇ ਬੱਦਲ ਬਣ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪਾਵਰਕਾਮ ਦੇ ਅਧਿਕਾਰੀਆਂ ਜਿਨਾਂ ’ਚ ਚੀਫ ਸੁਰਿੰਦਰ ਕੁਮਾਰ, ਐੱਸ. ਈ. ਫਿਰੋਜ਼ਪਰ ਦਮਨਜੀਤ ਸਿੰਘ ਤੂਰ, ਐੱਸ. ਡੀ. ਐੱਮ. ਜ਼ੀਰਾ ਰਣਜੀਤ ਸਿੰਘ, ਹਰਬੀਰ ਇੰਦਰ ਸਿੰਘ ਜ਼ੀਰਾ ਯੂਥ ਆਗੂ, ਮੌਜੂਦਾ ਕਾਂਗਰਸੀ ਸਰਪੰਚ ਜਸਵੰਤ ਸਿੰਘ, ਕਾਰਜ ਸਿੰਘ ਆਹਲਾਂ ਸਰਕਲ ਪ੍ਰਧਾਨ, ਨੰਬਰਦਾਰ ਬਲਜੀਤ ਸਿੰਘ ਮਸਤੇਵਾਲਾ, ਯੂਥ ਆਗੂ ਬਖਸ਼ੀਸ਼ ਸਿੰਘ ਮਸਤੇ ਵਾਲਾ ਵਿਸ਼ੇਸ਼ ਤੌਰ ’ਤੇ ਪੁੱਜੇ।

ਇਸ ਮੌਕੇ ਐੱਸ. ਈ. ਦਮਨਜੀਤ ਸਿੰਘ ਤੂਰ ਅਤੇ ਐਕਸੀਅਨ ਅਜੇ ਕੁਮਾਰ ਨੇ ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵੱਖ-ਵੱਖ ਥਾਵਾਂ ਤੋਂ ਪੰਜ ਫਾਇਰ ਬ੍ਰਿਗੇਡਾਂ ਮੰਗਵਾਈਆਂ ਗਈਆਂ ਸਨ, ਜਿਸ ਨਾਲ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ ਅਤੇ ਅੱਠ ਘੰਟੇ ਬਾਅਦ ਇਸ ਬਿਜਲੀ ਘਰ ਤੋਂ ਸ਼ਹਿਰੀ ਅਤੇ ਖੇਤੀ ਖੇਤਰ ਨਾਲ ਸਬੰਧਤ ਬਿਜਲੀ ਦੀ ਸਪਲਾਈ ਵੀ ਚਾਲੂ ਕਰ ਦਿੱਤੀ ਗਈ ਹੈ, ਕਿਉਂਕਿ ਇਕ ਟਰਾਂਸਫਾਰਮਰ ਬਚ ਗਿਆ ਸੀ। ਉਨ੍ਹਾਂ ਦੱਸਿਆ ਕਿ ਅੱਗ ’ਤੇ ਕਾਬੂ ਪਾਉਣ ਦੇ ਲਈ ਜਿੱਥੇ ਇਲਾਕੇ ਦੇ ਲੋਕਾਂ ਨੇ ਭੂਮਿਕਾ ਨਿਭਾਈ ਉੱਥੇ ਪ੍ਰਸ਼ਾਸਨਿਕ ਅਧਿਕਾਰੀ ਵੀ ਇਸ ਕਾਰਜ ’ਚ ਜੁਟੇ ਰਹੇ। ਉਨ੍ਹਾਂ ਕਿਹਾ ਕਿ ਵੱਖ-ਵੱਖ ਥਾਵਾਂ ਤੋਂ ਅੱਗ ਬੁਝਾਊ ਗੱਡੀਆਂ ਦੀ ਸਹਾਇਤਾ ਲੈਣੀ ਪਈ। 28 ਏਕੜ ਦੇ ਕਰੀਬ ਬਣੇ ਇਸ ਗਰਿੱਡ ਦੀ ਸਥਾਪਨਾ 2009 ’ਚ ਹੋਈ ਸੀ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਦਾ ਨੀਂਹ ਪੱਥਰ ਰੱਖਿਆ ਸੀ ਪਿੰਡ ਦੇ ਨੰਬਰਦਾਰ ਸਾਬਕਾ ਸਰਪੰਚ ਬਲਜੀਤ ਸਿੰਘ ਮਸਤੇਵਾਲਾ ਨੇ ਕਿਹਾ ਕਿ ਪਾਵਰਕਾਮ ਦੇ ਅਧਿਕਾਰੀਆਂ ਨੇ ਜਿੱਥੇ ਅੱਗ ਬੁਝਾਉਣ ’ਚ ਸਫਲਤਾ ਹਾਸਲ ਕੀਤੀ ਹੈ, ਉੱਥੇ ਕੁਝ ਘੰਟਿਆਂ ਬਾਅਦ ਸਪਲਾਈ ਨੂੰ ਚਾਲੂ ਕਰਨ ’ਚ ਨਿਭਾਈ ਗਈ ਭੂਮਿਕਾ ਵੀ ਪ੍ਰਸੰਸਾਯੋਗ ਹੈ।


author

Bharat Thapa

Content Editor

Related News