ਕੋਰੋਨਾ ਮਹਾਮਾਰੀ ਦਾ ਭਿਆਨਕ ਰੂਪ ਆਉਣ ਲੱਗਾ ਸਾਹਮਣੇ
Sunday, Apr 25, 2021 - 03:58 PM (IST)
ਲੁਧਿਆਣਾ (ਸਹਿਗਲ) : ਕੋਰੋਨਾ ਵਾਇਰਸ ਦਾ ਭਿਆਨਕ ਰੂਪ ਹੌਲੀ-ਹੌਲੀ ਸਾਹਮਣੇ ਆਉਂਦਾ ਜਾ ਰਿਹਾ ਹੈ। ਜ਼ਿਲ੍ਹੇ ਵਿਚ ਸ਼ਨੀਵਾਰ 15 ਕੋਰੋਨਾ ਵਾਇਰਸ ਮਰੀਜ਼ਾਂ ਦੀ ਮੌਤ ਹੋ ਗਈ, ਜਦੋਂਕਿ 960 ਨਵੇਂ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਵਿਚ 861 ਲੁਧਿਆਣਾ ਦੇ, ਜਦੋਂਕਿ 99 ਦੂਜੇ ਜ਼ਿਲਿਆਂ ਜਾਂ ਸੂਬਿਆਂ ਨਾਲ ਸਬੰਧਤ ਹਨ। ਜਿਨ੍ਹਾਂ 15 ਮਰੀਜ਼ਾਂ ਦੀ ਮੌਤ ਹੋਈ ਹੈ, ਉਨ੍ਹਾਂ ’ਚੋਂ 10 ਜ਼ਿਲ੍ਹੇ ਦੇ, ਜਦੋਂਕਿ 5 ਦੂਜੇ ਜ਼ਿਲ੍ਹਿਆਂ ਅਤੇ ਸੂਬਿਆਂ ਨਾਲ ਸਬੰਧਤ ਸਨ, ਜਿਨ੍ਹਾਂ ’ਚ ਚੇਨਈ, ਉੱਤਰ ਪ੍ਰਦੇਸ਼, ਜਲੰਧਰ, ਸੰਗਰੂਰ ਦੇ ਮਰੀਜ਼ ਸ਼ਾਮਲ ਹਨ। ਦਯਾਨੰਦ ਮੈਡੀਕਲ ਹਸਪਤਾਲ ’ਚ ਮਰੀਜ਼ਾਂ ਦੀ ਗਿਣਤੀ ਵਧਣ ਕਾਰਨ ਸਾਰੇ ਬੈੱਡ ਫੁੱਲ ਹਨ, ਜਿਸ ਕਾਰਨ ਹਸਪਤਾਲ ’ਚ ਦਾਖਲਾ ਬੰਦ ਕਰ ਦਿੱਤਾ ਗਿਆ ਹੈ। ਅਜਿਹਾ ਹੀ ਆਲਮ ਕੁਝ ਹੋਰ ਹਸਪਤਾਲਾਂ ’ਚ ਦੇਖਣ ਨੂੰ ਮਿਲ ਰਿਹਾ ਹੈ। ਜੇਕਰ ਮਰੀਜ਼ਾਂ ਦੀ ਗਿਣਤੀ ਹੋਰ ਵਧਦੀ ਹੈ ਤਾਂ ਹਸਪਤਾਲ ਪ੍ਰਬੰਧਕਾਂ ਦਾ ਮੰਨਣਾ ਹੈ ਕਿ ਮਜਬੂਰੀ ਵੱਸ ਉਨ੍ਹਾਂ ਨੂੰ ਵੀ ਦਾਖਲਾ ਬੰਦ ਕਰਨਾ ਪਵੇਗਾ। ਉਸ ਤੋਂ ਇਲਾਵਾ ਆਕਸੀਜਨ ਦੀ ਥੁੜ੍ਹ ਸਹਾਮਣੇ ਆਉਣ ਲੱਗੀ ਹੈ। ਮਹਾਨਗਰ ’ਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 48,214 ਹੋ ਗਈ ਹੈ। ਇਨ੍ਹਾਂ ’ਚੋਂ 1290 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਜ਼ਿਲੇ ਤੋਂ ਇਲਾਵਾ 7727 ਪਾਜ਼ੇਟਿਵ ਮਰੀਜ਼ ਦੂਜੇ ਜ਼ਿਲ੍ਹਿਆਂ ਜਾਂ ਰਾਜਾਂ ਦੇ ਰਹਿਣ ਵਾਲੇ ਹਨ, ਜੋ ਜਾਂਚ ’ਚ ਪਾਜ਼ੇਟਿਵ ਆਏ ਹਨ। ਇਨ੍ਹਾਂ ’ਚੋਂ 664 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਜ਼ਿਲੇ ਦੇ ਪਾਜ਼ੇਟਿਵ ਮਰੀਜ਼ਾਂ ’ਚੋਂ 40304 ਮਰੀਜ਼ ਠੀਕ ਹੋ ਚੁੱਕੇ ਹਨ। ਮਰੀਜ਼ਾਂ ਦੀ ਗਿਣਤੀ ਵਧਣ ਕਾਰਨ ਐਕਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 6620 ਹੋ ਗਈ ਹੈ।
ਇਹ ਵੀ ਪੜ੍ਹੋ : ਕੋਰੋਨਾ ਦਾ ਕਹਿਰ, ਆਕਸੀਜਨ ਦੀ ਕਮੀ ਕਾਰਣ ਬਟਾਲਾ ਦੇ ਨੌਜਵਾਨ ਦੀ ਅੰਮ੍ਰਿਤਸਰ ’ਚ ਮੌਤ
ਪੰਜਾਬ ’ਚ ਆ ਰਹੇ ਹਨ ਦਿੱਲੀ ਅਤੇ ਹੋਰਨਾਂ ਰਾਜਾਂ ਤੋਂ ਮਰੀਜ਼
ਰਾਜ ਦੇ ਪ੍ਰਮੁੱਖ ਜ਼ਿਲ੍ਹਿਆਂ ’ਚ ਦਿੱਲੀ ਸਮੇਤ ਹੋਰਨਾਂ ਰਾਜਾਂ ਦੇ ਮਰੀਜ਼ਾਂ ਦਾ ਆਉਣਾ ਜਾਰੀ ਹੈ, ਜਿਸ ਕਾਰਨ ਸਥਾਨਕ ਮਰੀਜ਼ਾਂ ਦੀ ਭੱਜ-ਦੌੜ ਵਧ ਗਈ ਹੈ। ਮਰੀਜ਼ਾਂ ਦਾ ਆਉਣਾ ਜੇਕਰ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਆਉਣ ਵਾਲੇ ਦਿਨਾਂ ’ਚ ਸਥਿਤੀ ਹੋਰ ਖਰਾਬ ਹੋ ਸਕਦੀ ਹੈ। ਲੁਧਿਆਣਾ ਦੇ ਹਸਪਤਾਲਾਂ ’ਚ ਰਾਜ ਦੇ ਕਈ ਜ਼ਿਲ੍ਹਿਆਂ ਤੋਂ ਮਰੀਜ਼ ਆ ਰਹੇ ਹਨ। ਇਸ ਤੋਂ ਇਲਾਵਾ ਪੰਜਾਬ ਦੇ ਆਸ-ਪਾਸ ਲਗਦੇ ਸੂਬਿਆਂ ਵਿਚ ਹਿਮਾਚਲ, ਜੰਮੂ-ਕਸ਼ਮੀਰ, ਹਰਿਆਣਾ ਤੋਂ ਲਗਾਤਾਰ ਮਰੀਜ਼ ਆ ਰਹੇ ਹਨ। ਹੁਣ ਦਿੱਲੀ ਤੋਂ ਮਰੀਜ਼ਾਂ ਦੀ ਆਮਦ ਨੂੰ ਦੇਖਦੇ ਹੋਏ ਸਥਿਤੀ ਹੋਰ ਗੁੰਝਲਦਾਰ ਬਣ ਜਾਣ ਦੀ ਸੰਭਾਵਨਾ ਹੈ।
ਹਸਪਤਾਲਾਂ ’ਚ 1242 ਪਾਜ਼ੇਟਿਵ ਮਰੀਜ਼ ਦਾਖ਼ਲ
ਸਥਾਨਕ ਹਸਪਤਾਲਾਂ ’ਚ 1242 ਪੀੜਤ ਮਰੀਜ਼ ਦਾਖਲ ਹਨ। ਇਨ੍ਹਾਂ ’ਚੋਂ 96 ਮਰੀਜ਼ ਸਰਕਾਰੀ ਹਸਪਤਾਲਾਂ ਵਿਚ, ਜਦੋਂਕਿ 894 ਨਿੱਜੀ ਹਸਪਤਾਲਾਂ ’ਚ ਜ਼ੇਰੇ ਇਲਾਜ ਹਨ। ਇਸ ਤੋਂ ਇਲਾਵਾ 252 ਮਰੀਜ਼ ਬਾਹਰੀ ਜ਼ਿਲ੍ਹਿਆਂ ਅਤੇ ਰਾਜਾਂ ਦੇ ਰਹਿਣ ਵਾਲੇ ਹਨ, ਜੋ ਵੱਖ-ਵੱਖ ਹਸਪਤਾਲਾਂ ਵਿਚ ਦਾਖਲ ਹਨ। ਦਾਖਲ ਮਰੀਜ਼ਾਂ ਵਿਚ 26 ਦੀ ਹਾਲਤ ਕਾਫੀ ਗੰਭੀਰ ਦੱਸੀ ਜਾਂਦੀ ਹੈ। ਇਨ੍ਹਾਂ ਨੂੰ ਵੈਂਟੀਲੇਟਰ ਸਪੋਰਟ ’ਤੇ ਰੱਖਿਆ ਗਿਆ ਹੈ। ਇਨ੍ਹਾਂ ’ਚੋਂ 18 ਜ਼ਿਲ੍ਹੇ ਦੇ ਰਹਿਣ ਵਾਲੇ ਅਤੇ 5140 ਪਾਜ਼ੇਟਿਵ ਮਰੀਜ਼ ਹੋਮ ਆਈਸੋਲੇਸ਼ਨ ਵਿਚ ਰਹਿ ਰਹੇ ਹਨ, ਜਦੋਂਕਿ ਹੋਮ ਕੁਆਰੰਟਾਈਨ ਵਿਚ 7889 ਸ਼ੱਕੀ ਮਰੀਜ਼ ਰਹਿ ਰਹੇ ਹਨ।
ਇਹ ਵੀ ਪੜ੍ਹੋ : ਮੋਗਾ ਦੇ ਹਸਪਤਾਲਾਂ ’ਚ ਆਕਸੀਜਨ ਦਾ ਸਟਾਕ ਮੁੱਕਣ ਕਿਨਾਰੇ, ਵਾਪਰ ਸਕਦੀ ਮੰਦਭਾਗੀ ਘਟਨਾ
ਹੋਮ ਆਈਸੋਲੇਸ਼ਨ ’ਚ 820 ਮਰੀਜ਼ਾਂ ਨੂੰ ਭੇਜਿਆ, 720 ਕੁਆਰੰਟਾਈਨ ’ਚ
ਸਿਹਤ ਵਿਭਾਗ ਨੇ ਸਕ੍ਰੀਨਿੰਗ ਉਪਰੰਤ 820 ਮਰੀਜ਼ਾਂ ਨੂੰ ਹੋਮ ਆਈਸੋਲੇਸ਼ਨ ਵਿਚ ਭੇਜਿਆ ਹੈ, ਜਦੋਂਕਿ 720 ਸ਼ੱਕੀ ਮਰੀਜ਼ਾਂ ਨੂੰ ਹੋਮ ਕੁਆਰੰਟਾਈਨ ਵਿਚ ਰਹਿਣ ਲਈ ਕਿਹਾ ਗਿਆ ਹੈ। ਸਿਹਤ ਅਧਿਕਾਰੀਆਂ ਦੇ ਮੁਤਾਬਕ ਅੱਜ 973 ਮਰੀਜ਼ਾਂ ਦੀ ਸਕ੍ਰੀਨਿੰਗ ਕੀਤੀ ਗਈ, ਜਿਨ੍ਹਾਂ ’ਚੋਂ 720 ਨੂੰ ਕੁਆਰੰਟਾਈਨ ਵਿਚ ਭੇਜਣ ਦਾ ਫੈਸਲਾ ਕੀਤਾ ਗਿਆ।
483 ਮਰੀਜ਼ ਹੋਏ ਡਿਸਚਾਰਜ
ਜ਼ਿਲ੍ਹੇ ’ਚ ਅੱਜ 483 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਡਿਸਚਾਰਜ ਕਰ ਦਿੱਤਾ ਗਿਆ ਪਰ ਮਰੀਜ਼ਾਂ ਦੀ ਆਮਦ ਇਸ ਤੋਂ ਕਿਤੇ ਜ਼ਿਆਦਾ ਰਹੀ।
ਇਹ ਵੀ ਪੜ੍ਹੋ : ਪੰਜਾਬ ’ਚ ਫਿਲਹਾਲ ਕੋਵਿਡ ਸਬੰਧੀ ਨਵੀਆਂ ਪਾਬੰਦੀਆਂ ਲਾਉਣ ਸਬੰਧੀ ਕੋਈ ਫੈਸਲਾ ਨਹੀਂ
ਹਸਪਤਾਲਾਂ ਦੀ ਓ. ਪੀ. ਡੀ. ਵਿਚ ਵੀ ਵਧਣ ਲੱਗੇ ਮਰੀਜ਼
ਹਸਪਤਾਲਾਂ ਦੀ ਓ. ਪੀ. ਡੀ. ਅਤੇ ਫਲੂ ਕਾਰਨਰ ’ਤੇ ਵੀ ਮਰੀਜ਼ਾਂ ਦੀ ਕਾਫੀ ਗਿਣਤੀ ਸਾਹਮਣੇ ਆ ਰਹੀ ਹੈ। ਅੱਜ 146 ਮਰੀਜ਼ ਓ. ਪੀ. ਡੀ. ਵਿਚ ਸਾਹਮਣੇ ਆਏ, ਜਦੋਂਕਿ 464 ਫਲੂ ਕਾਰਨਰ ’ਤੇ ਸਾਹਮਣੇ ਆਏ। ਇਸ ਤੋਂ ਇਲਾਵਾ 57 ਮਰੀਜ਼ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਉਣ ਕਾਰਨ ਪਾਜ਼ੇਟਿਵ ਹੋਏ। ਅੱਜ ਸਾਹਮਣੇ ਆਏ ਪਾਜ਼ੇਟਿਵ ਮਰੀਜ਼ਾਂ ਵਿਚ 7 ਹੈਲਥ ਕੇਅਰ ਵਰਕਰ ਵੀ ਸ਼ਾਮਲ ਹਨ।
180 ਮਰੀਜ਼ਾਂ ਦੇ ਕੰਟੈਕਟ ਅਜੇ ਵੀ ਲਾਪਤਾ
ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਏ 180 ਕੰਟੈਕਟ ਅਜੇ ਵੀ ਲਾਪਤਾ ਹਨ। ਕਈਆਂ ਦੇ ਨਾਂ-ਪਤੇ ਗਲਤ ਸਾਬਤ ਹੋ ਰਹੇ ਹਨ ਤਾਂ ਕਈਆਂ ਦੇ ਫੋਨ ਬੰਦ ਆ ਰਹੇ ਹਨ। ਇਨ੍ਹਾਂ ਵਿਚੋਂ ਕੁਝ ਲੋਕ ਜੇਕਰ ਪਾਜ਼ੇਟਿਵ ਹੁੰਦੇ ਹਨ ਤਾਂ ਅੱਗੇ ਵੀ ਵਾਇਰਸ ਫੈਲਾ ਸਕਦੇ ਹਨ।
ਇਹ ਵੀ ਪੜ੍ਹੋ : ਸਰਕਾਰ ਵੱਲੋਂ ਪਸ਼ੂ ਮੇਲਿਆਂ ਦੀ ਈ-ਆਕਸ਼ਨ ਦੇ ਰਹੀ ‘ਕੋਰੋਨਾ’ ਨੂੰ ਖੁੱਲ੍ਹਾ ਸੱਦਾ, ਆ ਸਕਦੈ ਕੋਰੋਨਾ ਦਾ ਹੜ੍ਹ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ