ਖੂਹੀ ’ਚ ਉੱਤਰੇ ਪੰਜਾਬੀ ਨੌਜਵਾਨ ਤੇ 2 ਪ੍ਰਵਾਸੀਆਂ ਨਾਲ ਵਾਪਰੀ ਅਣਹੋਣੀ, ਇਕ-ਇਕ ਕਰਕੇ ਤਿੰਨਾਂ ਦੀ ਗਈ ਜਾਨ

Tuesday, Jul 11, 2023 - 08:49 PM (IST)

ਖੂਹੀ ’ਚ ਉੱਤਰੇ ਪੰਜਾਬੀ ਨੌਜਵਾਨ ਤੇ 2 ਪ੍ਰਵਾਸੀਆਂ ਨਾਲ ਵਾਪਰੀ ਅਣਹੋਣੀ, ਇਕ-ਇਕ ਕਰਕੇ ਤਿੰਨਾਂ ਦੀ ਗਈ ਜਾਨ

ਔੜ (ਛਿੰਜੀ ਲੜੋਆ) : ਪਿੰਡ ਬੁਰਜ ਟਹਿਲ ਦਾਸ ਵਿਖੇ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਥੇ ਖੂਹੀ ’ਚ ਉੱਤਰੇ ਦੋ ਪ੍ਰਵਾਸੀ ਮਜ਼ਦੂਰਾਂ ਅਤੇ ਇਕ ਪੰਜਾਬੀ ਨੌਜਵਾਨ ਦੀ ਇਕੱਠਿਆਂ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ਤੋਂ ਇਕੱਠੀ ਕੀਤੀ ਜਾਣਕਾਰੀ ਅਨੁਸਾਰ ਮ੍ਰਿਤਕ ਪੰਜਾਬੀ ਨੌਜਵਾਨ ਪਰਮਜੀਤ ਸਿੰਘ (35) ਪੁੱਤਰ ਦਲਬਾਰਾ ਸਿੰਘ ਵਾਸੀ ਬੁਰਜ ਟਹਿਲਦਾਸ, ਜੋ ਆਪਣੇ ਘਰ ਨੌਕਰੀ ਕਰਦੇ ਪ੍ਰਵਾਸੀ ਮਜ਼ਦੂਰ ਜਨਾਰਦਨ ਨਾਲ ਪਿੰਡ ਗੜ੍ਹਪਧਾਣਾ ਦੀ ਖੜਕੂਵਾਲ ਵਿਖੇ ਠੇਕੇ ’ਤੇ ਲਈ ਪੰਚਾਇਤੀ ਜ਼ਮੀਨ ’ਚ ਲੱਗੀ ਮੋਟਰ ਤੋਂ ਖੇਤਾਂ ਨੂੰ ਪਾਣੀ ਲਾਉਣ ਲਈ ਗਿਆ।

ਇਹ ਖ਼ਬਰ ਵੀ ਪੜ੍ਹੋ : ਰਾਹਤ ਭਰੀ ਖ਼ਬਰ : ਭਾਖੜਾ ਤੇ ਪੌਂਗ ਡੈਮ ਤੋਂ ਨਹੀਂ ਛੱਡਿਆ ਜਾਵੇਗਾ ਪਾਣੀ, ਸਮਰੱਥਾ ਤੋਂ ਬਹੁਤ ਹੇਠਾਂ ਹੈ ਪਾਣੀ ਦਾ ਪੱਧਰ

ਜਦੋਂ ਬਟਨ ਦੱਬਣ ’ਤੇ ਮੋਟਰ ਨਹੀਂ ਚੱਲੀ ਤਾਂ ਪ੍ਰਵਾਸੀ ਨੌਕਰ ਜਨਾਰਦਨ 10 ਫੁੱਟ ਡੂੰਘੀ ਖੂਹੀ ’ਚ ਉਤਰ ਕੇ ਮੋਟਰ ਦੀ ਹਵਾ ਕੱਢਣ ਲਈ ਗਿਆ ਤਾਂ ਉਹ ਬੇਹੋਸ਼ ਹੋ ਗਿਆ, ਜਿਸ ਨੂੰ ਦੇਖਣ ਵਾਸਤੇ ਖੂਹੀ ਕੋਲ ਹੀ ਝੋਨਾ ਲਗਾਉਂਦੇ ਹੋਏ ਮਜ਼ਦੂਰ ਜੋ ਰੋਟੀ ਖਾ ਰਹੇ ਸਨ, ’ਚੋਂ ਇਕ ਸ਼੍ਰੀ ਚੰਦਰ ਖੂਹੀ ’ਚ ਉਤਰ ਗਿਆ ਅਤੇ ਉਹ ਵੀ ਬੇਹੋਸ਼ ਹੋ ਗਿਆ। ਉਨ੍ਹਾਂ ਨੂੰ ਬਚਾਉਣ ਲਈ ਜਦੋਂ ਪਰਮਜੀਤ ਸਿੰਘ ਖੂਹੀ ਵਿਚ ਉਤਰਿਆ ਤਾਂ ਉਹ ਵੀ ਬੇਹੋਸ਼ ਹੋ ਗਿਆ, ਜਿਨ੍ਹਾਂ ਨੂੰ ਦੇਖਦਿਆਂ ਰੋਟੀ ਖਾ ਰਹੇ ਪ੍ਰਵਾਸੀ ਮਜ਼ਦੂਰਾਂ ਨੇ ਹਾਲ-ਦੁਹਾਈ ਪਾਈ ਅਤੇ ਪਿੰਡ ਵਾਸੀਆਂ ਦੇ ਇਕੱਠੇ ਹੋਣ ਉਪਰੰਤ ਤਿੰਨਾਂ ਨੂੰ ਬਾਹਰ ਕੱਢਿਆ, ਉਦੋਂ ਤੱਕ ਬਹੁਤ ਦੇਰ ਹੋਣ ਕਾਰਨ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਔੜ ਦੇ ਐੱਸ. ਐੱਚ. ਓ. ਬਖਸ਼ੀਸ਼ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ, ਜਿਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਦੇ ਬਿਆਨਾਂ ਦੇ ਆਧਾਰ ’ਤੇ 174 ਦੀ ਕਾਰਵਾਈ ਅਮਲ ’ਚ ਲਿਆਂਦੀ ਅਤੇ ਪ੍ਰਵਾਸੀ ਮਜ਼ਦੂਰ ਦੇ ਹੋਰ ਪਰਿਵਾਰਕ ਮੈਂਬਰਾਂ ਦੀ ਉਡੀਕ ਕੀਤੀ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਹੜ੍ਹਾਂ ਦੇ ਹਾਲਾਤ ਦਰਮਿਆਨ ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ, ਲੋਕਾਂ ਨੂੰ ਕੀਤੀ ਇਹ ਅਪੀਲ


author

Manoj

Content Editor

Related News