ਟਰੱਕ ਤੇ ਕਾਰ ਵਿਚਾਲੇ ਵਾਪਰਿਆ ਭਿਆਨਕ ਹਾਦਸਾ, ਲਪੇਟ ’ਚ ਆਏ ਪ੍ਰਵਾਸੀ ਮਜ਼ਦੂਰ, 1 ਦੀ ਮੌਤ
Monday, Feb 13, 2023 - 02:10 AM (IST)
ਜਲੰਧਰ (ਜ. ਬ.)-ਥਾਣਾ ਮਕਸੂਦਾਂ ਅਧੀਨ ਆਉਂਦੇ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ’ਤੇ ਪੈਂਦੇ ਪਿੰਡ ਰਾਉਵਾਲੀ ਮੋੜ ’ਤੇ ਇਕ ਤੇਜ਼ ਰਫ਼ਤਾਰ ਕਾਰ ਨੇ ਸਾਈਡ ’ਤੇ ਖੜ੍ਹੇ ਪ੍ਰਵਾਸੀ ਮਜ਼ਦੂਰਾਂ ਨੂੰ ਟੱਕਰ ਮਾਰ ਦਿੱਤੀ ਤੇ ਇਸ ਟੱਕਰ ’ਚ ਇਕ ਮਜ਼ਦੂਰ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਿਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਜਲੰਧਰ ਦੇ ਇਕ ਨਿੱਜੀ ਹਸਪਤਾਲ ’ਚ ਰੱਖਿਆ ਗਿਆ ਹੈ ਤੇ ਇਕ ਹੋਰ ਜ਼ਖਮੀ ਨੂੰ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਇਸ ਟੱਕਰ ’ਚ ਕਾਰ ਚਾਲਕ ਵੀ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ, ਜਿਸ ਨੂੰ ਉਸ ਦੇ ਰਿਸ਼ਤੇਦਾਰਾਂ ਨੇ ਹਸਪਤਾਲ ’ਚ ਦਾਖਲ ਕਰਵਾਇਆ।
ਇਹ ਖ਼ਬਰ ਵੀ ਪੜ੍ਹੋ : MC ਸਟੈਨ ਬਣਿਆ ਬਿੱਗ ਬੌਸ 16 ਦਾ ਜੇਤੂ, ਸ਼ਿਵ ਠਾਕਰੇ ਦੂਜੇ ਨੰਬਰ ’ਤੇ ਰਿਹਾ
ਜਾਣਕਾਰੀ ਦਿੰਦਿਆਂ ਥਾਣਾ ਮਕਸੂਦਾਂ ਦੇ ਏ. ਐੱਸ. ਆਈ. ਗੁਰਜੀਤ ਸਿੰਘ ਨੇ ਦੱਸਿਆ ਕਿ ਪਿੰਡ ਰਾਉਵਾਲੀ ਮੋੜ ’ਤੇ ਇਕ ਅਣਪਛਾਤੇ ਟਰੱਕ ਨੇ ਮਾਈਕਰਾ ਕਾਰ ਨੂੰ ਸਾਈਡ ਮਾਰ ਦਿੱਤੀ। ਬਚਾਅ ਕਰਦੇ ਹੋਏ ਕਾਰ ਚਾਲਕ ਨੇ ਕਾਰ ਨੂੰ ਕੱਟ ਮਾਰਿਆ, ਜਿਸ ਕਾਰਨ ਇਹ ਪਲਟੀਆਂ ਖਾਂਦੀ ਹੋਈ ਸਾਈਡ ’ਤੇ ਖੜ੍ਹੇ ਪ੍ਰਵਾਸੀ ਮਜ਼ਦੂਰਾਂ ਨਾਲ ਟਕਰਾ ਗਈ, ਜਿਸ ਕਾਰਨ ਇਕ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ ਦੂਜਾ ਗੰਭੀਰ ਜ਼ਖਮੀ ਹੋ ਗਿਆ। ਕਾਰ ਪਲਟਣ ਕਾਰਨ ਕਾਰ ਚਾਲਕ ਬਿੰਨੀ ਪੁੱਤਰ ਮੋਹਨ ਲਾਲ ਵਾਸੀ ਗ੍ਰੇਟਰ ਕੈਲਾਸ਼ ਨਗਰ ਵੀ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖਮੀਆਂ ਨੂੰ ਇਲਾਜ ਲਈ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ਹਸਪਤਾਲ ਦੀ ਵੱਡੀ ਲਾਪਰਵਾਹੀ, ਜ਼ਿੰਦਾ ਮਰੀਜ਼ ਨੂੰ ਐਲਾਨ ਦਿੱਤਾ ਮ੍ਰਿਤਕ, ਭੜਕੇ ਰਿਸ਼ਤੇਦਾਰਾਂ ਨੇ ਲਾਇਆ ਧਰਨਾ (ਵੀਡੀਓ)
ਮ੍ਰਿਤਕ ਦੀ ਪਛਾਣ ਘੁੰਗਰੂ (45) ਜ਼ਿਲ੍ਹਾ ਪੂਨੀਆ ਬਿਹਾਰ ਵਜੋਂ ਹੋਈ ਹੈ। ਜ਼ਖਮੀ ਪ੍ਰਵਾਸੀ ਮਜ਼ਦੂਰ ਦੀ ਪਛਾਣ ਮਨੋਹਰ ਲਾਲ (55) ਪੁੱਤਰ ਸ਼ਰਨ ਦਾਸ ਵਾਸੀ ਰਾਏਪੁਰ-ਰਸੂਲਪੁਰ, ਜਲੰਧਰ ਵਜੋਂ ਹੋਈ ਹੈ। ਏ. ਐੱਸ. ਆਈ. ਗੁਰਜੀਤ ਸਿੰਘ ਨੇ ਦੱਸਿਆ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਲੈ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।