ਦਲ-ਬਦਲੂਆਂ ਕਾਰਣ ਅਕਾਲੀ ਤੇ ਭਾਜਪਾ ’ਚ ਹੋਰ ਵਧ ਸਕਦੀ ਹੈ ਤਲਖੀ

Wednesday, Sep 30, 2020 - 09:28 PM (IST)

ਦਲ-ਬਦਲੂਆਂ ਕਾਰਣ ਅਕਾਲੀ ਤੇ ਭਾਜਪਾ ’ਚ ਹੋਰ ਵਧ ਸਕਦੀ ਹੈ ਤਲਖੀ

ਲੁਧਿਆਣਾ, (ਹਿਤੇਸ਼)– ਅਕਾਲੀ ਦਲ ਵਲੋਂ ਖੇਤੀ ਬਿੱਲ ਦੇ ਵਿਰੋਧ ਵਿਚ ਭਾਜਪਾ ਨਾਲ ਰਿਸ਼ਤਾ ਤੋੜਨ ਦੇ ਬਾਅਦ ਦੋਵੇਂ ਪਾਰਟੀਆਂ ਦੇ ਨੇਤਾ ਇਕ-ਦੂਜੇ ਖਿਲਾਫ ਜ਼ਹਿਰ ਉਗਲ ਰਹੇ ਹਨ, ਜਿਨ੍ਹਾਂ ਦੀ ਤਲਖੀ ਆਉਣ ਵਾਲੇ ਦਿਨਾਂ ਵਿਚ ਦਲ-ਬਦਲੂਆਂ ਦੀ ਵਜ੍ਹਾ ਕਾਰਣ ਹੋਰ ਵਧ ਸਕਦੀ ਹੈ।
ਇਸ ਮਾਮਲੇ ਵਿਚ ਸੁਖਬੀਰ ਬਾਦਲ ਨੇ ਸਾਫ ਕਰ ਦਿੱਤਾ ਹੈ ਕਿ ਅਕਾਲੀ ਦਲ ਲਈ ਸਰਕਾਰ ਜਾਂ ਮੰਤਰੀ ਅਹੁਦੇ ਨਾਲੋਂ ਕਿਸਾਨਾਂ ਦੇ ਹਿੱਤ ਜ਼ਿਆਦਾ ਮਹੱਤਵਪੂਰਨ ਹਨ ਜਦਕਿ ਭਾਜਪਾ ਵਲੋਂ ਖੇਤੀ ਬਿੱਲਾਂ ਸਬੰਧੀ ਵਿਸ਼ਵਾਸ ਵਿਚ ਲੈਣ ਦੀ ਬਜਾਏ ਉਨ੍ਹਾਂ ਦੇ ਵਿਰੋਧ ਨੂੰ ਨਜ਼ਰਅੰਦਾਜ਼ ਕੀਤਾ ਗਿਆ।
ਇਸ ਦੇ ਜਵਾਬ ਵਿਚ ਭਾਜਪਾ ਵਲੋਂ ਸਾਰੇ ਫੈਸਲੇ ਅਕਾਲੀ ਦਲ ਦੀ ਸਹਿਮਤੀ ਨਾਲ ਹੋਣ ਦਾ ਦਾਅਵਾ ਕਰਦਿਆਂ ਬਾਦਲ ਪਰਿਵਾਰ ਵਲੋਂ ਬਿੱਲਾਂ ਨੂੰ ਜਾਇਜ਼ ਠਹਿਰਾਉਣ ਦੇ ਸਬੂਤ ਪੇਸ਼ ਕੀਤੇ ਜਾ ਰਹੇ ਹਨ। ਇਸ ਦੌਰਾਨ ਇਕ ਦੂਜੇ ਦੀਆਂ ਪਾਰਟੀਆਂ ਦੇ ਨੇਤਾਵਾਂ ਨੂੰ ਸ਼ਾਮਲ ਕਰਨ ਸਬੰਧੀ ਅਕਾਲੀ-ਭਾਜਪਾ ਦੇ ਵਿਚਕਾਰ ਖਿਚੋਤਾਣ ਵਧਣ ਲੱਗੀ ਹੈ, ਜਿਸ ਦੀ ਸ਼ੁਰੂਆਤ ਮੰਗਲਵਾਰ ਨੂੰ ਗੁਰਦਾਸਪੁਰ ਵਿਖੇ ਸੁਖਬੀਰ ਬਾਦਲ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਲੁਧਿਆਣਾ ਵਿਚ ਕੀਤੀ ਗਈ।
ਇਨ੍ਹਾਂ ਦੋਵਾਂ ਨੇ ਇਕ-ਦੂਜੇ ਦੀਆਂ ਪਾਰਟੀਆਂ ਦੇ ਨੇਤਾਵਾਂ ਵਲੋਂ ਸ਼ਾਮਲ ਕਰਨ ਲਈ ਸੰਪਰਕ ਕਰਨ ਦਾ ਦਾਅਵਾ ਕੀਤਾ ਹੈ, ਜਿਸ ਵਿਚ ਮੁੱਖ ਤੌਰ ’ਤੇ ਇਹ ਦੇਖਣ ਨੂੰ ਮਿਲ ਰਿਹਾ ਹੈ ਕਿ ਸ਼ਹਿਰਾਂ ਵਿਚ ਸਰਗਰਮ ਅਕਾਲੀ ਦਲ ਦੇ ਹਿੰਦੂ ਨੇਤਾਵਾਂ ਦਾ ਝੁਕਾਅ ਭਾਜਪਾ ਵੱਲ ਹੋ ਸਕਦਾ ਹੈ। ਇਸੇ ਤਰ੍ਹਾਂ ਪਿੰਡਾਂ ਵਿਚ ਲੰਮੇ ਸਮੇਂ ਤੋਂ ਭਾਜਪਾ ਲਈ ਕੰਮ ਕਰ ਰਹੇ ਸਿੱਖ ਚਿਹਰਿਆਂ ਨੂੰ ਅਕਾਲੀ ਦਲ ਦੇ ਨਾਲ ਜਾਣ ਦਾ ਵਿਕਲਪ ਮਿਲ ਗਿਆ ਹੈ।


author

Bharat Thapa

Content Editor

Related News