ਸ਼ਨੀ-ਮੰਗਲ ਦਾ ਸੁਮੇਲ ਸਰਹੱਦੀ ਖੇਤਰਾਂ ''ਚ ਤਣਾਅ ਨੂੰ ਵਧਾਏਗਾ
Sunday, Feb 18, 2018 - 06:58 AM (IST)

ਜਲੰਧਰ (ਧਵਨ) - ਭਾਜਪਾ ਨੂੰ ਚਮਕ ਦੇਣ ਵਾਲੀ ਸੂਰਜ ਦੀ 6 ਸਾਲਾਂ ਦੀ ਮਹਾਦਸ਼ਾ ਦੀ ਸਮਾਪਤੀ ਹੁਣ ਅਪ੍ਰੈਲ 2018 'ਚ ਖਤਮ ਹੋਣ ਜਾ ਰਹੀ ਹੈ, ਜਿਸ ਤੋਂ ਬਾਅਦ ਭਾਜਪਾ ਨੂੰ ਚੰਦਰਮਾ ਦੀ 10 ਸਾਲਾਂ ਦੀ ਮਹਾਦਸ਼ਾ ਸ਼ੁਰੂ ਹੋਵੇਗੀ। ਜੋਤਿਸ਼ ਸੰਜੇ ਚੌਧਰੀ ਅਨੁਸਾਰ ਚੰਦਰਮਾ ਨੀਚ ਰਾਸ਼ੀ 'ਚ 6ਵੇਂ ਘਰ 'ਚ ਬੈਠਾ ਹੈ ਅਤੇ 12ਵੇਂ ਘਰ ਤੋਂ ਸ਼ੁੱਕਰ ਉਸ ਨੂੰ ਦੇਖ ਰਿਹਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਭਾਜਪਾ ਅਤੇ ਕੇਂਦਰ ਸਰਕਾਰ ਦੀ ਲੋਕਪ੍ਰਿਯਤਾ 'ਚ ਅਪ੍ਰੈਲ ਤੋਂ ਬਾਅਦ ਤੇਜ਼ੀ ਨਾਲ ਗਿਰਾਵਟ ਆਏਗੀ। ਭਾਜਪਾ ਸ਼ਨੀ ਦੀ ਸਾੜਸਤੀ ਦੇ ਆਖਰੀ ਪੜਾਅ ਤੋਂ ਲੰਘ ਰਹੀ ਹੈ। ਚੰਦਰਮਾ ਦੀ ਨੀਚ ਰਾਸ਼ੀ ਦੀ ਮਹਾਦਸ਼ਾ ਸ਼ੁਰੂ ਹੋਣ 'ਤੇ ਕੁਝ ਭਾਜਪਾ ਨੇਤਾਵਾਂ ਦੇ ਸੈਕਸ ਸਕੈਂਡਲ ਸਾਹਮਣੇ ਆ ਸਕਦੇ ਹਨ। ਦੂਜੇ ਪਾਸੇ ਮੁੱਖ ਵਿਰੋਧੀ ਪਾਰਟੀ ਕਾਂਗਰਸ ਨੂੰ ਬ੍ਰਹਿਸਪਤੀ ਮਹਾਦਸ਼ਾ 'ਚ ਸ਼ੁਕਰ ਦੀ ਅੰਤਰਦਸ਼ਾ ਜਨਵਰੀ 2018 ਤੋਂ ਸ਼ੁਰੂ ਹੋ ਚੁੱਕੀ ਹੈ। ਇਹ 2019 ਦੇ ਅਖੀਰ ਤਕ ਚੱਲੇਗੀ, ਜਿਸ ਕਾਰਨ ਕਾਂਗਰਸ ਜਨਤਾ 'ਚ ਆਪਣਾ ਗੁਆਚਿਆ ਹੋਇਆ ਜਨ ਆਧਾਰ ਵਾਪਸ ਪਾਏਗੀ। ਸਿਰਫ ਕਾਂਗਰਸ ਦੀ ਕੁੰਡਲੀ 'ਚ ਸ਼ਨੀ ਦਾ 10ਵੇਂ ਘਰ ਤੋਂ ਸੰਚਾਰ ਹੋਣ ਕਾਰਨ ਚੋਟੀ ਦੀ ਕਾਂਗਰਸ ਲੀਡਰਸ਼ਿਪ ਦੀ ਸਿਹਤ ਨੂੰ ਲੈ ਕੇ ਚਿੰਤਾਵਾਂ ਪੈਦਾ ਹੋ ਸਕਦੀਆਂ ਹਨ।
18 ਮਾਰਚ 2018 ਤੋਂ ਵਿਕਰਮੀ ਸੰਮਤ 2075 ਦਾ ਸ਼ੁਭ ਆਰੰਭ ਹੋਵੇਗਾ। ਗ੍ਰਹਿ ਅਤੇ ਗੋਚਰ ਸਥਿਤੀ ਤੋਂ ਪਤਾ ਲੱਗਦਾ ਹੈ ਕਿ ਨਵੇਂ ਸੰਮਤ 2075 'ਚ ਰਾਜਾ ਦਾ ਅਹੁਦਾ ਸੂਰਜ ਅਤੇ ਮੰਤਰੀ ਅਹੁਦਾ ਸ਼ਨੀ ਨੂੰ ਮਿਲੇਗਾ ਕਿਉਂਕਿ ਦੋਵੇਂ ਗ੍ਰਹਿ ਇਕ ਦੂਜੇ ਦੇ ਵਿਰੋਧੀ ਹਨ। ਇਸ ਲਈ ਆਮ ਜਨਤਾ ਅਤੇ ਸ਼ਾਸਕ ਦਲ ਦੇ ਵਿਚਕਾਰ ਤਣਾਅ ਅਤੇ ਦੂਰੀ ਹੋਰ ਵਧੇਗੀ। ਮੰਤਰੀ ਦਾ ਅਹੁਦਾ ਸ਼ਨੀ ਨੂੰ ਮਿਲਣ ਨਾਲ ਇਹ ਵੀ ਪਤਾ ਲੱਗਦਾ ਹੈ ਕਿ ਅਫਸਰਸ਼ਾਹੀ ਵਲੋਂ ਜਨਤਾ ਵਿਰੁੱਧ ਨੀਤੀਆਂ ਬਣਾਈਆਂ ਜਾਣਗੀਆਂ। ਸੂਰਜ ਕਿਉਂਕਿ ਅਗਨੀ ਦਾ ਘੋਤਕ ਹੈ, ਇਸ ਲਈ ਜਨਤਾ 'ਚ ਕੇਂਦਰ ਸਰਕਾਰ ਪ੍ਰਤੀ ਗੁੱਸਾ ਅਤੇ ਬੇਚੈਨੀ ਵਧ ਸਕਦੀ ਹੈ। ਉਨ੍ਹਾਂ ਕਿਹਾ ਕਿ 8ਵੇਂ ਘਰ 'ਚ ਮੰਗਲ ਅਤੇ ਸ਼ਨੀ ਦੀ ਸਥਿਤੀ ਹੋਣ ਨਾਲ 7 ਮਾਰਚ ਤੋਂ ਲੈ ਕੇ 2 ਮਈ ਤਕ ਦਾ ਸਮਾਂ ਭਾਰਤ ਦੇ ਸਰਹੱਦੀ ਖੇਤਰਾਂ 'ਚ ਤਣਾਅ ਨੂੰ ਵਧਾਉਣ ਵਾਲਾ ਹੋਵੇਗਾ। ਭਾਰਤ-ਚੀਨ ਸਰਹੱਦ ਵਿਵਾਦ ਫਿਰ ਤੋਂ ਵਧ ਸਕਦਾ ਹੈ।
ਵਿਸ਼ਵ ਪੱਧਰ 'ਤੇ ਵੀ ਉੱਤਰ ਕੋਰੀਆ ਅਤੇ ਅਮਰੀਕਾ ਦੇ ਵਿਚਕਾਰ ਤਣਾਅ ਮੁੜ ਵਧਣ ਦੇ ਆਸਾਰ ਹਨ। ਮੰਗਲ-ਸ਼ਨੀ ਦਾ ਸੁਮੇਲ ਸਰਕਾਰ ਲਈ ਘਾਤਕ ਹੈ। ਉਨ੍ਹਾਂ ਕਿਹਾ ਕਿ ਸ਼ਨੀ 18 ਅਪ੍ਰੈਲ ਤੋਂ ਵਕਰੀ ਹੋਣਗੇ ਅਤੇ 6 ਸਤੰਬਰ ਤਕ ਇਸੇ ਸਥਿਤੀ 'ਚ ਰਹਿਣਗੇ। ਇਸ ਸਮੇਂ 'ਚ ਵਪਾਰਕ ਭਾਈਚਾਰੇ ਨੂੰ ਕੁਝ ਰਾਹਤ ਮਿਲਣ ਦੇ ਆਸਾਰ ਹਨ। ਮੌਜੂਦਾ ਸਮੇਂ 'ਚ ਭਾਰਤ ਨੂੰ ਚੰਦਰਮਾ 'ਚ ਰਾਹੂ ਦੀ ਅੰਤਰਦਸ਼ਾ ਅਗਸਤ 2018 ਤਕ ਰਹਿਣੀ ਹੈ, ਜੋ ਜਨਤਾ 'ਚ ਗੁੱਸੇ ਨੂੰ ਵਧਾਉਣ ਵਾਲੀ ਹੈ। ਅਗਲਾ ਸਮਾਂ ਚੰਦਰਮਾ 'ਚ ਬ੍ਰਹਿਸਪਤੀ ਦੀ ਅੰਤਰਦਸ਼ਾ ਦਾ ਹੋਵੇਗਾ ਜਿਸ 'ਚ ਜਨਤਾ ਨੂੰ ਰਾਹਤ ਦੇ ਆਸਾਰ ਹਨ। ਚੰਦਰਮਾ-ਬ੍ਰਹਿਸਪਤੀ ਸਮੇਂ 'ਚ ਰੀਅਲ ਅਸਟੇਟ ਸੈਕਟਰ 'ਚ ਵੀ ਉਛਾਲ ਆਏਗਾ।
ਬ੍ਰਹਿਸਪਤੀ ਦੀ ਤੇਜ਼ ਗਤੀ ਨਾਂਹਪੱਖੀ ਪ੍ਰਭਾਵ ਪੈਦਾ ਕਰੇਗੀ
ਬ੍ਰਹਿਸਪਤੀ ਆਪਣੀ ਸ਼ੱਤਰੂ ਰਾਸ਼ੀ ਤੁਲਾ 'ਚ ਵੱਕਰੀ ਰਹੇਗਾ ਅਤੇ 10 ਜੁਲਾਈ ਨੂੰ ਮੁੜ ਮਾਰਗੀ ਹੋਵੇਗਾ। 11 ਅਕਤੂਬਰ ਨੂੰ ਉਹ ਬ੍ਰਿਸ਼ਚਕ ਰਾਸ਼ੀ 'ਚ ਪ੍ਰਵੇਸ਼ ਕਰੇਗਾ। ਬ੍ਰਿਸ਼ਚਕ ਰਾਸ਼ੀ 'ਚ 6 ਮਹੀਨੇ 'ਚ ਰਹਿਣ ਤੋਂ ਬਾਅਦ ਬ੍ਰਹਿਸਪਤੀ 29 ਮਾਰਚ 2019 ਨੂੰ ਧਨ ਰਾਸ਼ੀ 'ਚ ਪ੍ਰਵੇਸ਼ ਕਰ ਜਾਵੇਗਾ। ਬ੍ਰਹਿਸਪਤੀ ਦੀ ਇੰਨੀ ਤੇਜ਼ ਗਤੀ ਨਾਲ ਨਾਂਹਪੱਖੀ ਪ੍ਰਭਾਵ ਜਨਤਾ ਨੂੰ ਝੱਲਣੇ ਪੈਣਗੇ। ਸ਼ਾਸਕਾਂ ਨੂੰ ਜਨਤਾ ਨਾਲ ਸਖਤ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। ਜਨਤਾ ਹਿੰਸਕ ਵੀ ਹੋ ਸਕਦੀ ਹੈ। ਦੇਸ਼ 'ਚ ਧਾਰਮਿਕ ਮਾਮਲਿਆਂ ਨੂੰ ਲੈ ਕੇ ਧਰੁਵੀਕਰਨ ਦੀ ਸਿਆਸਤ ਵਧੇਗੀ। ਲੋਕ ਸਭਾ ਦੀਆਂ ਆਮ ਚੋਣਾਂ ਨੂੰ ਕੁਝ ਮਹੀਨੇ ਪਹਿਲਾਂ ਕਰਵਾਉਣ ਦੀਆਂ ਕੋਸ਼ਿਸ਼ਾਂ ਤੇਜ਼ ਹੋ ਸਕਦੀਆਂ ਹਨ।