ਹੜ੍ਹ ਪ੍ਰਭਾਵਿਤ ਖੇਤਰਾਂ ਲਈ ਰਾਹਤ ਭਰੀ ਖ਼ਬਰ, SDM ਨੇ ਦਿੱਤੀ ਪੂਰੀ ਜਾਣਕਾਰੀ
Monday, Sep 08, 2025 - 12:37 PM (IST)

ਜਲਾਲਾਬਾਦ (ਆਦਰਸ਼ ) : ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਕਰੀਬ 25 ਪਿੰਡ ਪਿਛਲੇ ਕਈ ਦਿਨਾਂ ਤੋਂ ਸਤੁਲਜ ’ਚ ਵੱਧ ਰਹੇ ਪਾਣੀ ਦੇ ਪੱਧਰ ਕਾਰਨ ਹੜ੍ਹਾਂ ਦੀ ਮਾਰ ਨੂੰ ਸਹਿਣ ਕਰ ਰਹੇ ਹਨ। ਜਲਾਲਾਬਾਦ ਦੇ ਐੱਸ. ਡੀ. ਐੱਮ ਕਵੰਰਜੀਤ ਸਿੰਘ ਮਾਨ ਹੜ੍ਹਾਂ ਦੀ ਨਾਜ਼ੁਕ ਸਥਿਤੀ ’ਚ ਪ੍ਰਸ਼ਾਸਨ ਅਧਿਕਾਰੀਆਂ ਨਾਲ ਤਨਦੇਹੀ ਨਾਲ ਡਿਊਟੀ ਨਿਭਾ ਰਹੇ ਹਨ। ਸਰਕਾਰੀ ਸਕੂਲ ਬੱਘੇ ਕੇ ਵਿਖੇ ਬਣੇ ਰਾਹਤ ਸੈਂਟਰ ਵਿਖੇ ਜਾਣਕਾਰੀ ਦਿੰਦੇ ਹੋਏ ਐੱਸ. ਡੀ. ਐੱਮ. ਕਵੰਰਜੀਤ ਸਿੰਘ ਮਾਨ ਨੇ ਕਿਹਾ ਕਿ ਪਿੰਡ ਪੀਰੇ ਕੇ ਉਤਾੜ ਤੋਂ ਢਾਣੀ ਬਚਨ ਸਿੰਘ ਵਾਲੀ ਦੇ ਕਰੀਬ 25 ਪਿੰਡ ਹੜ੍ਹਾਂ ਦੇ ਪਾਣੀ ਦੇ ਨਾਲ ਪ੍ਰਭਾਵਿਤ ਹੋਏ ਹਨ ਅਤੇ ਜਿਨ੍ਹਾਂ ਵਲੋਂ ਲਗਾਤਾਰ ਪਿੰਡਾਂ ’ਚ ਟੀਮਾਂ ਦੇ ਨਾਲ ਉਹ ਖ਼ੁਦ ਲੋੜਵੰਦ ਘਰਾਂ ਤੱਕ ਰਾਸ਼ਨ, ਪਸ਼ੂ ਚਾਰਾ, ਫੀਡ ਆਦਿ ਬੁਨਿਆਦੀ ਸਹੂਲਤਾਂ ਦਾ ਸਮਾਨ ਪਹੁੰਚਾ ਰਹੇ ਹਨ।
ਐੱਸ. ਡੀ. ਐੱਮ. ਜਲਾਲਾਬਾਦ ਨੇ ਕਿਹਾ ਕਿ ਅੱਜ ਪਾਣੀ ਦਾ ਪੱਧਰ ਕਾਫੀ ਘੱਟਿਆ ਹੈ ਅਤੇ ਆਉਣ ਵਾਲੇ ਦਿਨਾਂ ’ਚ ਮੌਸਮ ਸਾਫ਼ ਹੁੰਦਾ ਹੈ ਤਾਂ ਪਾਣੀ ਘੱਟਣ ਦੇ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਐੱਸ. ਡੀ. ਐੱਮ. ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੁਕਮ ਹਨ ਕਿ ਪਾਣੀ ਦਾ ਫਲੋਅ ਘੱਟ ਤੋਂ ਬਾਅਦ ਨੁਕਸਾਨ ਦੀ ਗਿਰਦਵਾਰੀ ਕੀਤੀ ਜਾਵੇਗੀ। ਇਸ ਮੌਕੇ ਸਰਪੰਚ ਯੂਨੀਅਨ ਦੇ ਪ੍ਰਧਾਨ ਗਣੇਸ਼ ਸਿੰਘ ਧਰਮੂਵਾਲਾ ਨੇ ਕਿਹਾ ਕਿ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੁੱਖ ਦੀ ਘੜੀ ’ਚ ਹਰ ਪੱਖੋਂ ਮਦਦ ਕਰ ਰਹੇ ਹਨ।