ਟੈਂਪੂ ਡਰਾਈਵਰ ''ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਜ਼ਖ਼ਮੀ ਕਰ ਖੇਤਾਂ ’ਚ ਸੁੱਟਿਆ

Wednesday, Mar 12, 2025 - 05:16 AM (IST)

ਟੈਂਪੂ ਡਰਾਈਵਰ ''ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਜ਼ਖ਼ਮੀ ਕਰ ਖੇਤਾਂ ’ਚ ਸੁੱਟਿਆ

ਜਲੰਧਰ (ਸੁਨੀਲ) – ਰਾਏਪੁਰ-ਰਸੂਲਪੁਰ ਤੋਂ ਬੱਲਾਂ ਨੂੰ ਜਾਂਦੇ ਹੋਏ ਨਹਿਰ ਦੇ ਸੂਏ ਨਜ਼ਦੀਕ ਖੇਤਾਂ ਵਿਚ ਇਕ ਵਿਅਕਤੀ ਨੂੰ ਗੰਭੀਰ ਸੱਟਾਂ ਮਾਰ ਕੇ ਸੁੱਟਿਆ ਗਿਆ ਸੀ। ਸਵੇਰੇ ਲੱਗਭਗ 8 ਵਜੇ ਜਦੋਂ ਪਿੰਡ ਦੇ ਲੋਕਾਂ ਨੇ ਖੂਨ ਵਿਚ ਲੱਥਪਥ ਵਿਅਕਤੀ ਨੂੰ ਖੇਤਾਂ ਵਿਚ ਪਿਆ ਦੇਖਿਆ ਤਾਂ ਥਾਣਾ ਮਕਸੂਦਾਂ ਦੀ ਪੁਲਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ਤੋਂ ਬਾਅਦ ਏ. ਐੱਸ. ਆਈ. ਨਿਰੰਜਣ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਜਾਂਚ ਸ਼ੁਰੂ ਕੀਤੀ।

ਜ਼ਖ਼ਮੀ ਵਿਅਕਤੀ ਦੀ ਜਾਂਚ ਦੌਰਾਨ ਉਸ ਦਾ ਮੋਬਾਈਲ ਫੋਨ ਏ. ਐੱਸ. ਆਈ. ਨੂੰ ਮਿਲਿਆ, ਜਿਸ ਵਿਚੋਂ ਉਸ ਦੇ ਪਰਿਵਾਰਕ ਮੈਂਬਰਾਂ ਦਾ ਨੰਬਰ ਕੱਢ ਕੇ ਉਨ੍ਹਾਂ ਨੂੰ ਸੂਚਿਤ ਕੀਤਾ ਗਿਆ। ਜ਼ਖ਼ਮੀ ਵਿਅਕਤੀ ਦੀ ਪਛਾਣ ਫਕੀਰ ਚੰਦ ਨਿਵਾਸੀ ਸ਼ੇਰਗੜ੍ਹ, ਜ਼ਿਲਾ ਹੁਸ਼ਿਆਰਪੁਰ ਵਜੋਂ ਹੋਈ ਹੈ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਛੋਟੇ ਹਾਥੀ ਵਿਚ ਮੋਹਾਲੀ ਤੋਂ ਕਿਤਾਬਾਂ ਲੈ ਕੇ ਜਲੰਧਰ ਦੇ ਮਾਈ ਹੀਰਾਂ ਗੇਟ ਵਿਚ ਰਾਤ ਨੂੰ ਆਇਆ ਸੀ। ਰਾਤੀਂ ਲੱਗਭਗ 8.30 ਵਜੇ ਉਸ ਨਾਲ ਗੱਲ ਹੋਈ ਸੀ ਪਰ ਇਸ ਤੋਂ ਬਾਅਦ ਉਸ ਨੇ ਫੋਨ ਨਹੀਂ ਚੁੱਕਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜ਼ਖਮੀ ਡਰਾਈਵਰ ਦਾ (ਟੈਂਪੂ) ਛੋਟਾ ਹਾਥੀ ਗਾਇਬ ਹੈ।

ਏ. ਐੱਸ. ਆਈ. ਨਿਰੰਜਣ ਸਿੰਘ ਨੇ ਜ਼ਖ਼ਮੀ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ। ਉਨ੍ਹਾਂ ਦੱਸਿਆ ਕਿ ਜ਼ਖ਼ਮੀ ਨੂੰ ਡਾਕਟਰਾਂ ਨੇ ਅਨਫਿੱਟ ਕਰਾਰ ਦਿੱਤਾ ਹੈ ਅਤੇ ਹੋਸ਼ ਵਿਚ ਆਉਣ ਤੋਂ ਬਾਅਦ ਉਸ ਦੇ ਬਿਆਨਾਂ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।


author

Inder Prajapati

Content Editor

Related News