ਸ਼ਨੀ ਦੇਵ ਮੰਦਰ ''ਚ ਨਿਸ਼ਾਨ ਸਾਹਿਬ ਦੀ ਜਗ੍ਹਾ ਨੂੰ ਲੈ ਕੇ ਦੋ ਧਿਰਾਂ ''ਚ ਛਿੜਿਆ ਵਿਵਾਦ

11/17/2017 5:10:59 AM

ਲੁਧਿਆਣਾ(ਰਾਮ)-ਤਾਜਪੁਰ ਰੋਡ 'ਤੇ ਬਣੇ ਸ਼ਨੀ ਦੇਵ ਮੰਦਰ ਅਤੇ ਉਥੇ ਲੱਗੇ ਨਿਸ਼ਾਨ ਸਾਹਿਬ ਦੀ ਜਗ੍ਹਾ 'ਤੇ ਅੱਜ ਕੁਝ ਲੋਕਾਂ ਦੀ ਫਿਰ ਝੜਪ ਹੋ ਗਈ। ਉਕਤ ਜਗ੍ਹਾ 'ਤੇ ਇਕ ਧਿਰ ਵਲੋਂ ਲੰਗਰ ਲਾਉਣ ਦਾ ਯਤਨ ਕੀਤਾ ਗਿਆ ਪਰ ਮੰਦਰ ਦੇ ਸੰਚਾਲਕ ਪੰਡਤ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਆਪਸ ਵਿਚ ਬਹਿਸਬਾਜ਼ੀ ਹੋ ਗਈ। ਗੱਲ ਇੰਨੀ ਵਧ ਗਈ ਸੀ ਕਿ ਮੰਦਰ ਦੇ ਆਲੇ-ਦੁਆਲੇ ਮੌਕੇ 'ਤੇ ਪੁੱਜੀ ਪੁਲਸ ਨੇ ਮੌਕਾ ਸੰਭਾਲਿਆ। ਮੰਦਰ ਦਾ ਸੰਚਾਲਨ ਕਰਨ ਵਾਲੇ ਮੁਕੇਸ਼ ਖੁਰਾਣਾ ਨੇ ਦੱਸਿਆ ਕਿ ਅੱਜ ਸੰਗਰਾਂਦ ਹੋਣ ਦਾ ਫਾਇਦਾ ਉਠਾਉਂਦੇ ਹੋਏ ਤਾਜਪੁਰ ਰੋਡ ਦੇ ਹੀ ਇਕ ਅਕਾਲੀ ਨੇਤਾ ਨੇ ਮੰਦਰ ਦੇ ਪੰਡਤ ਨਾਲ ਗਾਲੀ-ਗਲੋਚ ਕੀਤਾ ਅਤੇ ਜਬਰਨ ਉਸ ਜਗ੍ਹਾ 'ਤੇ ਲੰਗਰ ਲਾਉਣ ਦੀ ਕੋਸ਼ਿਸ਼ ਕੀਤੀ, ਉਥੇ ਦੂਜੇ ਪਾਸੇ ਰਣਧੀਰ ਸਿੰਘ ਲਾਡੀ ਨੇ ਕਿਹਾ ਕਿ ਉਹ ਹਰ ਸੰਗਰਾਂਦ ਮੌਕੇ ਇਥੇ ਲੰਗਰ ਲਾਉਂਦੇ ਹਨ ਅਤੇ ਪੁਰਾਣੇ ਹੋ ਚੁੱਕੇ ਨਿਸ਼ਾਨ ਸਾਹਿਬ ਨੂੰ ਵੀ ਜੰਗ ਲੱਗ ਗਿਆ ਸੀ, ਜਿਸ ਨੂੰ ਬਦਲਣ ਦਾ ਯਤਨ ਕੀਤਾ, ਜਿਸ 'ਤੇ ਦੂਜੀ ਧਿਰ ਨੇ ਇਤਰਾਜ਼ ਜਤਾਉਂਦੇ ਹੋਏ ਰੋਕ ਦਿੱਤਾ। ਉਨ੍ਹਾਂ ਕਿਹਾ ਕਿ ਜਗ੍ਹਾ ਅੱਧੀ ਮੰਦਰ ਦੇ ਕੋਲ ਹੈ ਅਤੇ ਅੱਧੀ ਗੁਰਦੁਆਰਾ ਸਾਹਿਬ ਨੂੰ ਦਿੱਤੀ ਗਈ ਹੈ। ਮੰਦਰ ਸੰਚਾਲਕਾਂ ਵੱਲੋਂ ਇਸ ਸਾਰੀ ਜਗ੍ਹਾ 'ਤੇ ਹੀ ਕਬਜ਼ਾ ਕੀਤਾ ਗਿਆ ਹੈ।
ਮੌਕੇ 'ਤੇ ਪੁੱਜੇ ਏ. ਸੀ. ਪੀ. ਹਲਕਾ ਪੂਰਬੀ ਪਵਨ ਜੀਤ ਸਿੰਘ ਨੇ ਦੋਵਾਂ ਧਿਰਾਂ ਦੀ ਗੱਲ ਨੂੰ ਸੁਣਿਆ ਅਤੇ ਉਨ੍ਹਾਂ ਨੇ ਦੋਵਾਂ ਧਿਰਾਂ ਨੂੰ ਆਪਣੇ-ਆਪਣੇ ਦਸਤਾਵੇਜ਼ ਲਿਆਉਣ ਨੂੰ ਕਿਹਾ ਤਾਂ ਕਿ ਸੱਚਾਈ ਸਾਹਮਣੇ ਆ ਸਕੇ। ਉਥੇ ਮੁਕੇਸ਼ ਖੁਰਾਣਾ ਨੇ ਦੱਸਿਆ ਕਿ ਸ਼ਨੀ ਮੰਦਰ 'ਚ ਇਥੇ ਕਈ ਸਾਲਾਂ ਤੋਂ ਸਮਾਗਮ ਕਰਵਾਇਆ ਜਾਂਦਾ ਹੈ ਪਰ ਹਰ ਵਾਰ ਝਗੜੇ ਦੀ ਨੀਅਤ ਨਾਲ ਇਥੇ 15-20 ਵਿਅਕਤੀ ਇਕੱਠੇ ਹੋ ਕੇ ਆ ਜਾਂਦੇ ਹਨ ਅਤੇ ਮੰਦਰ ਦੀ ਮਰਿਆਦਾ ਨੂੰ ਭੰਗ ਕਰਦੇ ਹਨ। ਮੁਕੇਸ਼ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਵੀ ਮੰਦਰ ਦੇ ਪੰਡਤ ਨੂੰ ਬੁਰਾ-ਭਲਾ ਕਿਹਾ ਗਿਆ, ਜਿਸ ਦੀ ਸ਼ਿਕਾਇਤ ਡਵੀਜ਼ਨ ਨੰ. 7 ਵਿਚ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਾਡਾ ਮਨ ਕਿਸੇ ਦੇ ਮਨ ਨੂੰ ਠੇਸ ਪਹੁੰਚਾਉਣ ਨਹੀਂ ਹੈ, ਧਰਮ ਤਾਂ ਸਾਰਿਆਂ ਲਈ ਇਕ ਸਮਾਨ ਹੈ।


Related News