ਸਫੈਦ ਹਾਥੀ ਸਾਬਤ ਹੋ ਰਹੀ ਹੈ ਟੈਲੀਫੋਨ ਐਕਸਚੇਂਜ

Monday, Oct 23, 2017 - 08:00 AM (IST)

ਸਫੈਦ ਹਾਥੀ ਸਾਬਤ ਹੋ ਰਹੀ ਹੈ ਟੈਲੀਫੋਨ ਐਕਸਚੇਂਜ

ਨਿਹਾਲ ਸਿੰਘ ਵਾਲਾ/ਬਿਲਾਸਪੁਰ  (ਬਾਵਾ, ਜਗਸੀਰ) - ਭਾਰਤ ਸੰਚਾਰ ਨਿਗਮ ਲਿਮਟਿਡ ਵੱਲੋਂ ਬੇਸ਼ੱਕ ਦੇਸ਼ ਦੇ ਖਪਤਕਾਰਾਂ ਲਈ ਵੱਡੀਆਂ ਸਹੂਲਤਾਂ ਦੇਣ ਦੇ ਲੱਖ ਦਮਗਜੇ ਮਾਰੇ ਜਾਂਦੇ ਹਨ ਪਰ ਇਨ੍ਹਾਂ ਸਹੂਲਤਾਂ ਦੀ ਹਨੇਰੀ ਦਾ ਇਕ ਵੀ ਬੁੱਲਾਂ ਅਜੇ ਟੈਲੀਫੋਨ ਐਕਸਚੇਂਜ ਬਿਲਾਸਪੁਰ ਦੇ ਖਪਤਕਾਰਾਂ ਤੱਕ ਨਹੀਂ ਪਹੁੰਚਿਆ, ਜਿਸ ਕਾਰਨ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਾਈ ਗਈ ਇਮਾਰਤ ਅੱਜ ਵਿਭਾਗ ਦੇ ਅਧਿਕਾਰੀਆਂ ਦੀਆਂ ਗਲਤ ਨੀਤੀਆਂ ਕਾਰਨ ਸਫੈਦ ਹਾਥੀ ਬਣ ਚੁੱਕੀ ਹੈ। ਇਸ ਟੈਲੀਫੋਨ ਐਕਸਚੇਂਜ ਅਧੀਨ ਤਿੰਨ ਟੈਲੀਫੋਨ ਐਕਸਚੇਂਜਾਂ ਹਿੰਮਤਪੁਰਾ, ਬੌਡੇ ਅਤੇ ਬਿਲਾਸਪੁਰ ਤੋਂ ਇਲਾਵਾ 10 ਪਿੰਡ ਪੈਂਦੇ ਹਨ। ਟੈਲੀਫੋਨ ਐਕਸਚੇਂਜ ਬਿਲਾਸਪੁਰ ਦੀ ਸਮਰਥਾ ਕਿਸੇ ਸਮੇਂ 3000 ਕੁਨੈਕਸ਼ਨ ਦੀ ਸੀ, ਜੋ ਕਿ ਹੁਣ ਘੱਟ ਕੇ 500 ਤੱਕ ਪਹੁੰਚ ਗਈ ਹੈ। ਹਿੰਮਤਪੁਰਾ ਅਤੇ ਬੌਡੇ ਦੀ 900-900 ਕੁਨੈਕਸ਼ਨ ਦੀ ਹੈ। ਅੱਜ ਤੋਂ ਕਰੀਬ 15 ਸਾਲ ਪਹਿਲਾਂ ਬਿਲਾਸਪੁਰ ਟੈਲੀਫੋਨ ਐਕਸਚੇਂਜ ਦੇ ਖਪਤਕਾਰਾਂ ਦੀ ਗਿਣਤੀ 3000 ਦੇ ਕਰੀਬ ਸੀ ਅਤੇ ਟੈਲੀਫੋਨ ਸਹੂਲਤ ਲੈਣ ਲਈ ਖਪਤਕਾਰਾਂ ਨੂੰ ਲੰਮਾ ਸਮਾਂ ਉਡੀਕ ਕਰਨੀ ਪੈਂਦੀ ਸੀ ਪਰ ਮਹਿਕਮਾ ਖਪਤਕਾਰਾਂ ਦੀਆਂ ਲੋੜਾਂ 'ਤੇ ਖਰਾ ਨਹੀਂ ਉਤਰਿਆ ਅਤੇ ਖਰਾਬ ਟੈਲੀਫੋਨ ਠੀਕ ਕਰਵਾਉਣ ਲਈ ਖਪਤਕਾਰਾਂ ਨੂੰ ਕਈ-ਕਈ ਮਹੀਨੇ ਉਡੀਕ ਕਰਨੀ ਪੈਂਦੀ ਸੀ, ਜਿਸ ਕਾਰਨ ਜਿੱਥੇ ਵਿਭਾਗ ਨੇ ਪ੍ਰਾਈਵੇਟ ਕੰਪਨੀਆਂ ਦੀ ਹਨੇਰੀ ਅੱਗੇ ਗੋਡੇ ਟੇਕ ਦਿੱਤੇ, ਉੱਥੇ ਹੀ ਇਸ ਦੇ ਖਪਤਕਾਰਾਂ ਦੀ ਗਿਣਤੀ ਵਧਣ ਦੀ ਬਜਾਏ ਸੁੰਗੜ ਕੇ ਸਿਰਫ 400 ਦੇ ਕਰੀਬ ਰਹਿ ਗਈ ਹੈ।
ਅੱਜ ਬਿਲਾਸਪੁਰ ਚੜ੍ਹਦਾ ਅਤੇ ਲਹਿੰਦਾ 'ਚ ਕੁਨੈਕਸ਼ਨਾਂ ਦੀ ਗਿਣਤੀ ਕਰੀਬ 150, ਮਾਛੀਕੇ ਅਤੇ ਨਵਾਂ ਮਾਛੀਕੇ 55, ਰਾਮਾਂ 'ਚ 55, ਲੌਹਾਰਾ ਵਿਖੇ 50, ਭਾਗੀਕੇ 50, ਕੁੱਸਾ ਵਿਖੇ 8 ਹੈ। 900 ਸਮਰਥਾ ਵਾਲੀ ਟੈਲੀਫੋਨ ਐਕਸਚੇਂਜ ਹਿੰਮਤਪੁਰਾ 'ਚ ਟੈਲੀਫੋਨ ਕੁਨੈਕਸ਼ਨਾਂ ਦੀ ਗਿਣਤੀ 97 ਅਤੇ 900 ਵਾਲੀ ਹੀ ਬੌਡੇ ਦੀ ਐਕਸਚੇਂਜ 'ਚ ਹੁਣ 96 ਦੇ ਕਰੀਬ ਖਪਤਕਾਰ ਹਨ।
ਹੈਰਾਨੀ ਦੀ ਗੱਲ ਇਹ ਹੈ ਕਿ ਅੱਜ ਸਿਰਫ ਇੰਟਰਨੈੱਟ ਦੀ ਵਰਤੋਂ ਕਰਨ ਵਾਲੇ ਖਪਤਕਾਰ ਹੀ ਬੀ. ਐੱਸ. ਐੱਨ. ਐੱਲ. ਦੀ ਸਹੂਲਤ ਪ੍ਰਾਪਤ ਕਰ ਰਹੇ ਹਨ, ਜਦਕਿ ਟੈਲੀਫੋਨ ਦੀ ਵਰਤੋਂ ਵਾਲੇ ਖਪਤਕਾਰ ਇਸ ਤੋਂ ਪਾਸਾ ਵੱਟ ਰਹੇ ਹਨ ਹਾਲਾਂਕਿ ਟੈਲੀਫੋਨ ਐਕਸਚੇਂਜ 'ਚ ਇੰਟਰਨੈੱਟ ਦੀ ਸਹੂਲਤ ਵੀ ਆਖਰੀ ਸਾਹਾਂ 'ਤੇ ਹੈ ਅਤੇ ਜੇਕਰ ਮਹਿਕਮੇ ਨੇ ਇਸ ਦਾ ਵੀ ਜਲਦ ਕੋਈ ਹੱਲ ਨਾ ਕੱਢਿਆ ਤਾਂ ਖਪਤਕਾਰਾਂ ਦੀ ਗਿਣਤੀ ਜ਼ੀਰੋ 'ਤੇ ਪਹੁੰਚਣ ਨੂੰ ਵੀ ਦੇਰ ਨਹੀਂ ਲੱਗੇਗੀ।
ਕੇਬਲ ਕੱਟਣ ਕਾਰਨ ਪਿੰਡ ਮਾਛੀਕੇ, ਨਵਾਂ ਮਾਛੀਕੇ ਤੇ ਲੌਹਾਰਾ ਸੇਵਾਵਾਂ ਤੋਂ ਦੂਰ
ਪਿੰਡ ਬਿਲਾਸਪੁਰ ਵਿਖੇ ਜਨਵਰੀ ਮਹੀਨੇ ਟੈਲੀਫੋਨ ਕੇਬਲ ਕੱਟੇ ਜਾਣ ਕਾਰਨ ਪਿੰਡ ਮਾਛੀਕੇ, ਨਵਾਂ ਮਾਛੀਕੇ ਅਤੇ ਲੌਹਾਰਾ ਦੇ ਖਪਤਕਾਰ 10 ਮਹੀਨਿਆਂ ਤੋਂ ਸਹੂਲਤਾਂ ਤੋਂ ਵਾਂਝੇ ਹਨ। ਪਤਾ ਲੱਗਾ ਹੈ ਕਿ ਮਹਿਕਮੇ ਦੇ ਅਧਿਕਾਰੀ ਨਵੀਂ ਕੇਬਲ ਮੁਹੱਈਆ ਨਹੀਂ ਕਰਵਾ ਰਹੇ। ਦੁਖੀ ਖਪਤਕਾਰਾਂ ਨੇ ਕਿਹਾ ਕਿ ਜੇਕਰ ਇਸ ਮਸਲੇ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ ਉਹ ਖਪਤਕਾਰ ਫੋਰਮ 'ਚ ਜਾਣ ਲਈ ਮਜਬੂਰ ਹੋਣਗੇ।
ਜਦੋਂ 12 ਸਾਲਾਂ ਬਾਅਦ ਵੀ ਨਾ ਸੁਣੀ ਰੂੜੀ ਦੀ
ਕਹਿੰਦੇ ਹਨ ਕਿ 12 ਸਾਲ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ ਪਰ ਬੀ. ਐੱਸ. ਐੱਨ. ਐੱਲ. ਵਿਭਾਗ ਦੇ ਅਧਿਕਾਰੀਆਂ ਨੇ ਇਸ ਕਹਾਵਤ ਨੂੰ ਹੋਰ ਝੁਠਲਾਉਂਦਿਆਂ ਨਵੇਂ ਰਿਕਾਰਡ ਕਾਇਮ ਕੀਤੇ ਹਨ। ਮਹਿਮਕੇ ਦੇ ਸੂਤਰਾਂ ਅਨੁਸਾਰ ਮਹਿਮਕੇ ਨੇ ਪਿੰਡਾਂ 'ਚ ਜੋ ਟੈਲੀਫੋਨ ਕੇਬਲ ਪਾਈ ਸੀ, ਉਹ 25 ਸਾਲ ਤੋਂ ਵੀ ਵੱਧ ਪੁਰਾਣੀ ਹੈ, ਜੋ ਕਿ ਬਹੁਤ ਹੀ ਕੰਡਮ ਹੋ ਚੁੱਕੀ ਹੈ, ਜਿਸ ਕਾਰਨ ਇਕ ਵਾਰ ਖਰਾਬ ਹੋਣ ਵਾਲਾ ਟੈਲੀਫੋਨ ਕਈ-ਕਈ ਮਹੀਨੇ ਖਰਾਬ ਰਹਿੰਦਾ ਹੈ ਪਰ ਵਿਭਾਗ ਦੇ ਅਧਿਕਾਰੀਆਂ ਨੇ ਇਸ ਕੇਬਲ ਨੂੰ ਬਦਲਣ ਦੀ ਕੋਈ ਜ਼ਰੂਰਤ ਨਹੀਂ ਸਮਝੀ।
ਨਹੀਂ ਹੈ ਕੋਈ ਕੇਬਲ ਜੁਆਇੰਟ ਆਪ੍ਰੇਟਰ
ਵਿਭਾਗ ਕੋਲ ਆਪਣਾ ਕੋਈ ਜੁਆਇੰਟ ਕੇਬਲ ਆਪ੍ਰੇਟਰ ਨਹੀਂ ਹੈ, ਜਿਸ ਕਾਰਨ ਇਹ ਕੰਮ ਅਨ ਟਰੇਡ ਆਮ ਮੁਲਾਜ਼ਮਾਂ ਨੂੰ ਹੀ ਕਰਨਾ ਪੈਂਦਾ ਹੈ।
2 ਕੱਚੇ ਮੁਲਾਜ਼ਮਾਂ ਦੇ ਸਹਾਰੇ ਕਾਰੋਬਾਰ
ਤਿੰਨ ਟੈਲੀਫੋਨ ਐਕਸਚੇਂਜਾਂ ਅਤੇ 8 ਪਿੰਡਾਂ ਲਈ ਸਿਰਫ 2 ਮੁਲਾਜ਼ਮ ਹੀ ਹਨ, ਜੋ ਕਿ 10 ਪਿੰਡਾਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਪਿੰਡਾਂ ਅੰਦਰ ਹੀ ਰਹਿੰਦੇ ਹਨ ਅਤੇ ਬਾਅਦ 'ਚ ਟੈਲੀਫੋਨ ਐਕਸਚੇਂਜ ਦੀ ਰਾਖੀ, ਜਿੰਦਰਾ ਹੀ ਕਰਦਾ ਹੈ, ਜਿਸ ਕਾਰਨ 10 ਪਿੰਡਾਂ ਦੇ ਖਪਤਕਾਰਾਂ ਨੂੰ ਆਪਣੀ ਸ਼ਿਕਾਇਤ ਦਰਜ ਕਰਵਾਉਣ ਲਈ ਵੀ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
2 ਐਕਸਚੇਂਜਾਂ ਦਾ ਨਹੀਂ ਕੋਈ ਵਾਲੀ-ਵਾਰਿਸ
900 ਕੁਨੈਕਸ਼ਨ ਦੀ ਸਮਰਥਾ ਵਾਲੀ ਟੈਲੀਫੋਨ ਐਕਸਚੇਂਜ ਹਿੰਮਤਪੁਰਾ ਅਤੇ ਇੰਨੇ ਹੀ ਕੁਨੈਕਸ਼ਨਾਂ ਦੀ ਸਮਰਥਾ ਵਾਲੀ ਐਕਸਚੇਂਜ ਬੌਡੇ ਵਿਖੇ ਕੋਈ ਵੀ ਮੁਲਾਜ਼ਮ ਨਹੀਂ ਹੈ, ਜਿਸ ਕਾਰਨ ਬਿਲਾਸਪੁਰ ਦੇ 2 ਕੱਚੇ ਮੁਲਾਜ਼ਮਾਂ ਨੂੰ ਹੀ ਇਨ੍ਹਾਂ ਦੀ ਦੇਖ-ਰੇਖ ਕਰਨੀ ਪੈ ਰਹੀ ਹੈ।


Related News