ਬੇਖੌਫ ਦੌੜ ਰਹੀਆਂ ਨੇ ਸਰਹੱਦੀ ਇਲਾਕੇ ''ਚ ਕਾਲੇ ਸ਼ੀਸ਼ਿਆਂ ਵਾਲੀਆਂ ਕਾਰਾਂ

Monday, Oct 02, 2017 - 01:00 PM (IST)

ਬੇਖੌਫ ਦੌੜ ਰਹੀਆਂ ਨੇ ਸਰਹੱਦੀ ਇਲਾਕੇ ''ਚ ਕਾਲੇ ਸ਼ੀਸ਼ਿਆਂ ਵਾਲੀਆਂ ਕਾਰਾਂ

ਅਜਨਾਲਾ (ਫਰਿਆਦ) - ਸਰਹੱਦੀ ਤਹਿਸੀਲ ਅਜਨਾਲਾ ਦੇ ਵੱਖ-ਵੱਖ ਛੋਟੇ-ਵੱਡੇ ਸ਼ਹਿਰ ਰੂਪੀ ਕਸਬਿਆਂ 'ਚ ਪਿਛਲੇ ਲੰਮੇ ਸਮੇਂ ਤੋਂ ਲੁੱਟ-ਖੋਹ ਤੇ ਚੋਰੀਆਂ ਤੋਂ ਇਲਾਵਾ ਔਰਤਾਂ ਦੇ ਜਿਣਸੀ ਸ਼ੋਸ਼ਣ ਤੇ ਕਤਲ ਵਰਗੀਆਂ ਘਟਨਾਵਾਂ ਤੋਂ ਛੁੱਟ ਗੈਂਗਸਟਰਾਂ ਵੱਲੋਂ ਨਾਮਵਰ ਤੇ ਕਾਰੋਬਾਰੀ ਵਿਅਕਤੀਆਂ ਨੂੰ ਅਗਵਾ ਕਰਨ ਦੀਆਂ ਘਟਨਾਵਾਂ 'ਚ ਕਾਰਾਂ ਦੀ ਵਰਤੋਂ ਕੀਤੇ ਜਾਣ ਦੀਆਂ ਵਾਰਦਾਤਾਂ ਹੋਣ ਤੇ ਪਾਕਿ ਸਰਹੱਦ ਨਾਲ ਉਕਤ ਤਹਿਸੀਲ ਦਾ ਕਾਫੀ ਇਲਾਕਾ ਲੱਗਦਾ ਹੋਣ ਕਾਰਨ ਨਸ਼ੇ ਦੇ ਵੱਡੇ ਵਪਾਰੀਆਂ ਕੋਲੋਂ ਹੈਰੋਇਨ, ਸਮੈਕ ਆਦਿ ਵਰਗੇ ਨਸ਼ਿਆਂ ਦੀਆਂ ਵੱਡੀਆਂ ਖੇਪਾਂ ਫੜੇ ਜਾਣ ਦੀਆਂ ਖਬਰਾਂ ਅਕਸਰ ਸੁਣਨ ਤੇ ਪੜ੍ਹਨ ਨੂੰ ਮਿਲ ਰਹੀਆਂ ਹਨ ਪਰ ਅਜਿਹੇ 'ਚ ਕਾਲੇ ਸ਼ੀਸ਼ਿਆਂ ਵਾਲੀਆਂ ਕਾਰਾਂ ਤੇ ਹੋਰ ਵਾਹਨਾਂ ਦਾ ਸੜਕਾਂ 'ਤੇ ਬੇਖੌਫ ਦੌੜਨਾਂ ਸੰਬੰਧਿਤ ਪ੍ਰਸ਼ਾਸਨ ਦੀ ਨਾਲਾਇਕੀ ਦਾ ਸਬੂਤ ਮੰਨਿਆ ਜਾ ਸਕਦਾ ਹੈ ਜਾਂ ਫਿਰ ਕੁੰਭਕਰਨੀ ਨੀਂਦ ਸੁੱਤੇ ਹੋਣਾ।
ਦੇਖਣ 'ਚ ਪਾਇਆ ਜਾ ਰਿਹਾ ਹੈ ਕਿ ਕਈ ਵੀ. ਆਈ. ਪੀ. ਸਟਿੱਕਰ ਲੱਗੀਆਂ ਤੇ ਹੋਰ ਕਾਰਾਂ ਦੇ ਸ਼ੀਸ਼ੇ ਮਾਣਯੋਗ ਉੱਚ ਅਦਾਲਤਾਂ ਦੇ ਹੁਕਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਉਂਦਿਆਂ ਸੜਕਾਂ 'ਤੇ ਦੌੜ ਰਹੀਆਂ ਹਨ, ਜਦੋਂ ਕਿ ਸਰਹੱਦੀ ਤਹਿਸੀਲ ਅਜਨਾਲਾ ਪਾਕਿ ਸਰਹੱਦ ਨਾਲ ਲੱਗਦਾ ਸੰਵੇਦਨਸ਼ੀਲ ਇਲਾਕਾ ਹੈ। ਅਜਿਹੇ 'ਚ ਕਿਸੇ ਵੇਲੇ ਵੀ ਦੀਨਾਨਗਰ ਵਰਗਾ ਅੱਤਵਾਦੀ ਘਟਨਾਕ੍ਰਮ ਵਾਪਰਨ ਦੇ ਲੋਕਾਂ ਦੇ ਮਨਾਂ 'ਚ ਖਦਸ਼ੇ ਪਾਏ ਜਾ ਰਹੇ ਹਨ। ਇਥੇ ਹੀ ਬਸ ਨਹੀਂ, ਕਈ ਵਾਰ ਔਰਤਾਂ ਦੇ ਜਿਣਸੀ ਸ਼ੋਸ਼ਣ ਲਈ ਕਾਲੇ ਸ਼ੀਸ਼ੇ ਵਾਲੀਆਂ ਕਾਰਾਂ ਦੀ ਵਰਤੋਂ ਹੋ ਚੁੱਕੀ ਹੈ ਤੇ ਸਮਾਜ ਵਿਰੋਧੀ ਅਨਸਰਾਂ ਤੇ ਨਸ਼ੇ ਦੇ ਵਪਾਰੀਆਂ ਵੱਲੋਂ ਅਜਿਹੇ 'ਚ ਉਕਤ ਕਾਰਾਂ ਦਾ ਲਾਹਾ ਲਿਆ ਜਾਣਾ ਅੱਤਕਥਨੀ ਨਹੀਂ ਹੋਵੇਗਾ।
ਇਸ ਸਬੰਧੀ ਸਮਾਜ ਸੇਵਕ ਤੇ ਖੂਨਦਾਨੀ ਅਵਿਨਾਸ਼ ਮਸੀਹ, ਮਨਜਿੰਦਰ ਸਿੰਘ ਮਨੀ ਲਸ਼ਕਰੀ ਨੰਗਲ, ਰਾਣਾ ਦਹੂਰੀਆਂ, ਸਾਬਕਾ ਸਰਪੰਚ ਨੱਥਾ ਸਿੰਘ ਆਦਿ ਨੇ ਸੰਬੰਧਿਤ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਕਤ ਕਿਸਮ ਦੀਆਂ ਕਾਰਾਂ 'ਤੇ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਸਮਾਜ ਵਿਰੋਧੀ ਤੇ ਦੇਸ਼ ਵਿਰੋਧੀ ਅਨਸਰਾਂ ਵੱਲੋਂ ਕਿਸੇ ਕਿਸਮ ਦੀ ਮਾੜੀ ਘਟਨਾ ਨੂੰ ਅੰਜਾਮ ਨਾ ਦਿੱਤਾ ਜਾ ਸਕੇ।


Related News