ਕਿਸਾਨ ਸਿਖਲਾਈ ਕੈਂਪਾਂ ਰਾਹੀਂ ਕਿਸਾਨਾਂ ਨੂੰ ਦਿੱਤੀ ਜਾਂਦੀ ਹੈ ਤਕਨੀਕੀ ਜਾਣਕਾਰੀ: ਡਿਪਟੀ ਕਮਿਸ਼ਨਰ

06/18/2017 3:53:07 PM

ਮਾਨਸਾ(ਜੱਸਲ)— ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦੇਣ ਲਈ ਅਤੇ ਖੇਤੀਬਾੜੀ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਭ ਵੱਧ ਤੋਂ ਵੱਧ ਕਿਸਾਨਾਂ ਤੱਕ ਪਹੁੰਚਾਉਣ ਲਈ ਕਿਸਾਨ ਸਿਖਲਾਈ ਕੈਂਪ ਲਗਾਏ  ਜਾਂਦੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਧਰਮ ਪਾਲ ਗੁਪਤਾ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਇਸ ਸਕੀਮ ਅਧੀਨ ਹਾੜ੍ਹੀ ਅਤੇ ਸਾਉਣੀ 'ਚ ਇਕ-ਇਕ ਕੈਂਪ ਜ਼ਿਲਾ ਪੱਧਰ, ਇਕ-ਇਕ ਕੈਂਪ ਬਲਾਕ ਪੱਧਰ ਅਤੇ ਪਿੰਡ ਪੱਧਰ 'ਤੇ ਕੈਂਪ ਲਗਾ ਕੇ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦਿੱਤੀ ਜਾਂਦੀ ਹੈ, ਤਾਂ ਜੋ ਕਿਸਾਨ ਸਕੀਮਾਂ ਦਾ ਲਾਭ ਉਠਾ ਕੇ ਵੱਧ ਤੋਂ ਵੱਧ ਝਾੜ ਪ੍ਰਾਪਤ ਕਰਨ ਲਈ ਪ੍ਰੇਰਿਤ ਹੋਣ। 
ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਗੁਰਾਦਿੱਤਾ ਸਿੰਘ ਨੇ ਦੱਸਿਆ ਕਿ ਮਈ ਮਹੀਨੇ ਦੌਰਾਨ ਪੰਜ ਬਲਾਕ ਪੱਧਰ ਅਤੇ 240 ਪਿੰਡ ਪੱਧਰ ਦੇ ਸਿਖਲਾਈ ਕੈਂਪ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਖੇਤੀਬਾੜੀ ਵਿਭਾਗ ਮਾਨਸਾ ਵੱਲੋਂ ਪਿੰਡ ਪੱਧਰ ਦੇ ਕਿਸਾਨ ਸਿਖਲਾਈ ਕੈਂਪ ਸਤੰਬਰ ਮਹੀਨੇ ਤੱਕ ਜਾਰੀ ਰਹਿਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ 'ਚ ਨਰਮੇ ਦੀ ਫ਼ਸਲ ਨੂੰ ਕਾਮਯਾਬ ਕਰਨ ਲਈ ਵੱਖ-ਵੱਖ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਮਈ ਮਹੀਨੇ ਸਕਾਊਟਾਂ ਅਤੇ ਸੁਪਰਵਾਈਜ਼ਰਾਂ ਦੀਆਂ 2 ਟਰੇਨਿੰਗਾਂ ਵੀ ਲਗਾਈਆਂ ਗਈਆਂ ਹਨ, ਜਿਸ 'ਚ ਖੇਤੀਬਾੜੀ ਵਿਗਿਆਨੀਆਂ ਨੇ ਸਕਾਊਟਾਂ ਨੂੰ ਨਰਮੇ ਦੀ ਫਸਲ 'ਤੇ ਕੀੜੇ-ਮਕੌੜਿਆਂ ਦਾ ਸਰਵੇਲੈਂਸ (ਪੈਸਟ ਸਰਵੇਲੈਂਸ) ਦੀਆਂ ਤਕਨੀਕਾਂ ਤੋਂ ਜਾਣੂ ਕਰਵਾਇਆ ਗਿਆ ਹੈ, ਤਾਂ ਜੋ ਇਹ ਸਕਾਊਂਟ ਆਪਣੇ-ਆਪਣੇ ਪਿੰਡਾਂ 'ਚ ਨਰਮੇ ਦੀ ਫਸਲ 'ਤੇ ਸਰਵੇ ਕਰ ਸਕਣ। ਉਨ੍ਹਾ ਦੱਸਿਆ ਕਿ ਇਸ ਤੋਂ ਇਲਾਵਾ ਖੇਤੀਬਾੜੀ ਮਹਿਕਮੇ ਵੱਲੋਂ ਰਿਮੋਟ ਸੈਂਸਿੰਗ ਤਕਨੀਕ ਰਾਹੀਂ ਵੱਖ ਵੱਖ ਪਿੰਡਾਂ 'ਚ ਮਿੱਟੀ ਦੇ ਸੈਂਪਲ ਲਏ ਜਾ ਰਹੇ ਹਨ, ਤਾਂ ਜੋ ਕਿਸਾਨਾਂ ਨੂੰ ਆਪਣੇ ਖੇਤ ਦੀ ਮਿੱਟੀ ਦੀ ਕਿਸਮ ਬਾਰੇ ਜਾਣਕਾਰੀ ਹੋ ਸਕੇ ਅਤੇ ਕਿਸਾਨ ਇਸ ਮੁਤਾਬਿਕ ਹੀ ਖਾਦਾਂ ਦੀ ਆਪਣੇ ਖੇਤ 'ਚ ਵਰਤੋਂ ਕਰਨ। 
ਮੁੱਖ ਖੇਤੀਬਾੜੀ ਅਫਸਰ ਨੇ ਹੋਰ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਸਾਉਣੀ ਅਤੇ ਹਾੜ੍ਹੀ ਦੌਰਾਨ ਕੁਆਲਟੀ ਕੰਟਰੋਲ ਮੁਹਿੰਮ ਵੀ ਚਲਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਨਾਲ ਕੀੜੇਮਾਰ ਦਵਾਈਆਂ, ਖਾਦਾਂ ਅਤੇ ਬੀਜਾਂ ਦੇ ਸੈਂਪਲ ਭਰ ਕੇ ਟੈਸਟ ਕਰਵਾਏ ਜਾਂਦੇ ਹਨ, ਤਾਂ ਜੋ ਕਿਸਾਨਾਂ ਨੂੰ ਮਿਆਰੀ ਖੇਤੀ ਸਮੱਗਰੀ ਉਪਲਬਧ ਕਰਵਾਈ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਸਾਲ ਹੁਣ ਤੱਕ 5 ਖਾਦਾਂ, 10 ਕੀੜੇਮਾਰ ਦਵਾਈਆਂ ਅਤੇ 75 ਬੀਜਾਂ ਦੇ ਸੈਂਪਲ ਲਏ ਗਏ ਹਨ।  ਉਨ੍ਹਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਕੈਂਪਾਂ ਰਾਹੀਂ ਸਲਾਹ ਦਿੱਤੀ ਜਾਂਦੀ ਹੈ ਕਿ ਸੋਇਲ ਹੈਲਥ ਕਾਰਡ 'ਚ ਕੀਤੀ ਗਈ ਸਿਫਾਰਸ਼ ਦੇ ਅਧਾਰ 'ਤੇ ਹੀ ਖਾਦਾਂ ਦੀ ਵਰਤੋਂ ਕਰਨ। ਉਨ੍ਹਾਂ ਦੱਸਿਆ ਕਿ ਜ਼ਿਲੇ 'ਚ ਭੋਂ ਪਰਖ ਪ੍ਰਯੋਗਸ਼ਾਲਾ ਮਾਨਸਾ ਅਤੇ ਬੁਢਲਾਡਾ ਵਿਖੇ ਕੰਮ ਕਰ ਰਹੀਆਂ ਹਨ ਅਤੇ ਸਾਲ 2017-18 ਦੌਰਾਨ 12562 ਮਿੱਟੀ ਦੇ ਸੈਂਪਲ ਵੱਖ-ਵੱਖ ਖੇਤਾਂ ਵਿਚੋਂ ਇੱਕਠੇ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਹ ਸੈਂਪਲ ਰਿਮੋਟ ਸੈਂਸਿੰਗ ਤਕਨੀਕ ਰਾਹੀਂ ਮੋਬਾਇਲ ਐਪਲੀਕੇਸ਼ਨ ਰਾਹੀਂ ਗਰੀਡ ਸਿਸਟਮ ਮੁਤਾਬਕ ਲਏ ਗਏ ਹਨ ਅਤੇ ਹੁਣ ਤੱਕ 1592 ਮਿੱਟੀ ਦੇ ਸੈਂਪਲ ਟੈਸਟ ਕਰਕੇ ਕਿਸਾਨਾਂ ਨੂੰ ਸੋਆਇਲ ਹੈਲਥ ਕਾਰਡ ਜਾਰੀ ਕੀਤੇ ਗਏ ਹਨ ਅਤੇ ਇਹ ਮੁਹਿੰਮ 30 ਜੂਨ ਤੱਕ ਜਾਰੀ ਰਹੇਗੀ।


Related News