ਥਰਮਲ ਪਲਾਂਟ ਬੰਦ ਕਰਨ ਦੇ ਵਿਰੋਧ ''ਚ ਟੈਕਨੀਕਲ ਸਰਵਿਸਜ਼ ਯੂਨੀਅਨ ਨੇ ਦਿੱਤਾ ਧਰਨਾ

Thursday, Jan 18, 2018 - 04:13 PM (IST)

ਸ੍ਰੀ ਅਨੰਦਪੁਰ ਸਾਹਿਬ (ਦਲਜੀਤ)— ਬਠਿੰਡਾ ਅਤੇ ਰੂਪਨਗਰ ਦੇ ਥਰਮਲ ਪਲਾਂਟ ਬੰਦ ਕਰਨ ਦੇ ਵਿਰੋਧ ਵਿੱਚ ਵੀਰਵਾਰ ਟੈਕਨੀਕਲ ਸਰਵਿਸਜ਼ ਯੂਨੀਅਨ ਦੀਆਂ ਦੋਵੇਂ ਜੱਥੇਬੰਦੀਆਂ ਵੱਲੋਂ ਸਾਂਝੇ ਤੌਰ 'ਤੇ ਧਰਨਾ ਦਿੱਤਾ ਗਿਆ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਦਿਆਂ ਜੱਥੇਬੰਦੀਆਂ ਦੇ ਆਗੂਆਂ ਨੇ ਸਰਕਾਰ ਦੇ ਇਸ ਗਲਤ ਫੈਸਲੇ ਦੀ ਪੁਰਜੋਰ ਨਿੰਦਾ ਕਰਦਿਆਂ ਤੁਰੰਤ ਇਹ ਫੈਸਲਾ ਵਾਪਸ ਲੈਣ ਦੀ ਮੰਗ ਕੀਤੀ । ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਨਾਲ ਹਜ਼ਾਰਾਂ ਲੋਕ ਬੇਰੋਜ਼ਗਾਰ ਹੋਣਗੇ ਅਤੇ ਹੋਰ ਮਿਹਨਤਕਸ਼ ਲੋਕਾਂ ਦਾ ਉੁਜਾੜਾ ਹੋਵੇਗਾ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਇਹ ਦੋਵੇਂ ਥਰਮਲ ਪਲਾਂਟ ਚਾਲੂ ਰੱਖੇ ਜਾਣ ਤਾਂ ਕਿ ਖਪਤਕਾਰਾਂ ਨੁੰ ਸਸਤੀ ਬਿਜਲੀ ਮੁਹੱਈਆ ਕਰਵਾਈ ਜਾ ਸਕੇ। 
ਧਰਨੇ ਨੂੰ ਬੀ. ਬੀ. ਐੱਮ. ਬੀ. ਵਰਕਰ ਯੂਨੀਅਨ ਅਤੇ ਜੰਗਲਾਤ ਵਰਕਰ ਯੂਨੀਅਨ ਵੱਲੋਂ ਵੀ ਆਪਣਾ ਸਮਰਥਨ ਦਿੱਤਾ ਗਿਆ ਅਤੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਪਾਵਰਕਾਮ ਅੰਦਰ ਰੈਗੂਲਰ ਭਰਤੀ ਕੀਤੀ ਜਾਵੇ, ਪਟਿਆਲਾ ਸਰਕਲ ਤੋਂ ਡਿਸਮਿਸ ਕੀਤੇ ਆਗੂਆਂ ਨੂੰ ਮੁੜ ਬਹਾਲ ਕਰਕੇ ਪੁਲਿਸ ਕੇਸ ਵਾਪਸ ਲਏ ਜਾਣ। ਇਸ ਧਰਨੇ 'ਚ ਹੋਰਨਾਂ ਤੋਂ ਇਲਾਵਾ ਸੂਬਾ ਕੈਸ਼ੀਅਰ ਸੰਤੋਖ ਸਿੰਘ, ਰਾਮ ਕਿਸ਼ਨ ਬੈਂਸ, ਪ੍ਰਧਾਨ ਤਰਸੇਮ ਲਾਲ, ਹਰਭਜਨ ਸਿੰਘ, ਗੁਰਦਿਆਲ ਸਿੰਘ ਮਾਵੀ, ਕਮਲ ਸਿੰਘ, ਕਰਨੈਲ ਸਿੰਘ, ਜਸਵਿੰਦਰ ਸਿੰਘ, ਹਰਮਿੰਦਰ ਸਿੰਘ, ਸਰਵਣ ਸਿੰਘ, ਬਲਵੰਤ ਸਿੰਘ, ਬਲਵਿੰਦਰ ਸਿੰਘ, ਬਿਸਾਖੀ ਰਾਮ ਆਦਿ ਵੀ ਹਾਜ਼ਰ ਸਨ।


Related News