ਸ਼੍ਰੋਮਣੀ ਕਮੇਟੀ ਦੇ ਸਮੁੱਚੇ ਸਕੂਲਾਂ-ਕਾਲਜਾਂ ਦੇ ਟੀਚਿੰਗ ਸਟਾਫ ਦੇ ਕਰਵਾਏ ਜਾਣਗੇ ਰਿਫਰੈਸ਼ਰ ਕੋਰਸ : ਪ੍ਰੋ. ਬਡੂੰਗਰ

11/06/2017 6:27:34 AM

ਫਤਿਹਗੜ੍ਹ ਸਾਹਿਬ/ਬੀਜਾ/ਅੰਮ੍ਰਿਤਸਰ  (ਜਗਦੇਵ/ ਵਿਪਨ/ ਦੀਪਕ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਪ੍ਰਬੰਧ ਅਧੀਨ ਚੱਲ ਰਹੀਆਂ ਵਿੱਦਿਅਕ ਸੰਸਥਾਵਾਂ ਦੇ ਕੰਮਾਂ ਨੂੰ ਹੋਰ ਸੁਚਾਰੂ ਤੇ ਚੁਸਤ-ਦਰੁਸਤ ਬਣਾਉਣ ਲਈ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਤਾਂ ਜੋ ਵਿੱਦਿਅਕ ਅਦਾਰਿਆਂ ਨੂੰ ਸਮੇਂ ਦੇ ਹਾਣ ਦੀਆਂ ਹੋਰ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾ ਸਕਣ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਕੌਂਟਾ ਵਿਖੇ ਸ਼੍ਰੋਮਣੀ ਕਮੇਟੀ ਦੇ ਵਿੱਦਿਅਕ ਪ੍ਰਬੰਧਾਂ ਸਬੰਧੀ ਮੀਟਿੰਗ ਕਰਨ ਉਪਰੰਤ ਕੀਤਾ।
ਪ੍ਰੋ. ਬਡੂੰਗਰ ਨੇ ਕਿਹਾ ਕਿ ਜਿਸ ਤਰ੍ਹਾਂ ਸ਼੍ਰੋਮਣੀ ਕਮੇਟੀ ਦੇ ਸੇਵਾਦਾਰਾਂ, ਰਾਗੀਆਂ, ਢਾਡੀਆਂ, ਗੰ੍ਰਥੀਆਂ ਤੇ ਕਥਾਵਾਚਕਾਂ ਦੇ ਬਹਾਦਰਗੜ੍ਹ ਪਟਿਆਲਾ ਵਿਖੇ ਰਿਫਰੈਸ਼ਰ ਕੋਰਸ ਕਰਵਾਏ ਜਾ ਰਹੇ ਹਨ, ਉਸੇ ਤਰ੍ਹਾਂ ਹੁਣ ਸ਼੍ਰੋਮਣੀ ਕਮੇਟੀ ਦੇ ਸਕੂਲਾਂ-ਕਾਲਜਾਂ ਦੇ ਟੀਚਿੰਗ ਸਟਾਫ ਦੇ ਅਧਿਆਪਕਾਂ, ਪ੍ਰੋਫੈਸਰਾਂ ਤੇ ਪ੍ਰਿੰਸੀਪਲਾਂ ਸਾਹਿਬਾਨ ਦੇ ਗਰੁੱਪਾਂ ਵਿਚ ਰਿਫਰੈਸ਼ਰ ਕੋਰਸ ਸ਼ੁਰੂ ਕੀਤੇ ਜਾਣਗੇ ਤਾਂ ਜੋ ਸਿੱਖਿਆ ਖੇਤਰ ਵਿਚ ਨਵੀਆਂ ਹੋ ਰਹੀਆਂ ਖੋਜਾਂ ਸਬੰਧੀ ਜਾਂ ਆ ਰਹੀ ਖੜੋਤ ਨੂੰ ਵਾਚ ਕੇ ਸੁਧਾਰ ਕੀਤਾ ਜਾ ਸਕੇ। ਇਸ ਦੇ ਨਾਲ ਹੀ ਸਕੂਲਾਂ-ਕਾਲਜਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਘਟਣ ਅਤੇ ਅਧਿਆਪਕਾਂ ਦੀ ਵਾਧ-ਘਾਟ ਦੇ ਕਾਰਨਾਂ ਦਾ ਅਕੈਡਮਿਕ ਆਡਿਟ ਕਰਵਾ ਕੇ ਇਸ ਦਾ ਪੂਰਾ ਵਿਸ਼ਲੇਸ਼ਣ ਕੀਤਾ ਜਾਵੇਗਾ। ਇਸ ਸਬੰਧੀ ਅਗਲੀ ਮੀਟਿੰਗ 25 ਨਵੰਬਰ ਨੂੰ ਰੱਖੀ ਹੈ ਤੇ ਵਿੱਦਿਅਕ ਅਦਾਰਿਆਂ ਸਬੰਧੀ ਅਗਲੀਆਂ ਸਾਰੀਆਂ ਮੀਟਿੰਗਾਂ ਡਾ. ਰੂਪ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਹੀ ਕਰਨਗੇ।
ਉਨ੍ਹਾਂ ਦੱਸਿਆ ਕਿ ਜਿਵੇਂ ਸ਼੍ਰੋਮਣੀ ਕਮੇਟੀ ਵੱਲੋਂ ਜਿੱਥੇ ਪਹਿਲਾਂ ਸਿੱਖਿਆਂ ਅਦਾਰਿਆਂ ਸਕੂਲਾਂ-ਕਾਲਜਾਂ ਦੀ ਬਿਹਤਰੀ ਲਈ ਅਕੈਡਮਿਕ ਆਡਿਟ ਕਰਨ ਲਈ 11 ਮੈਂਬਰੀ ਕਮੇਟੀ ਜਿਸ ਵਿਚ ਡਾ. ਰੂਪ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ, ਦਰਬਾਰਾ ਸਿੰਘ ਗੁਰੂ ਅਤੇ ਅਮਰਜੀਤ ਸਿੰਘ ਸਿੱਧੂ ਰਿਟਾ. ਆਈ. ਏ. ਐੱਸ., ਡਾ. ਜਤਿੰਦਰ ਸਿੰਘ ਸਿੱਧੂ ਡਾਇਰੈਕਟਰ ਸਿੱਖਿਆ ਸ਼੍ਰੋਮਣੀ ਕਮੇਟੀ, ਬੀਬੀ ਸਤਵੰਤ ਕੌਰ ਸਹਾਇਕ ਡਾਇਰੈਕਟਰ ਸਕੂਲਾਂ, ਡਾ. ਕੁਲਦੀਪ ਕੌਰ ਪ੍ਰਿੰਸੀਪਲ ਮਾਤਾ ਗੰਗਾ ਖਾਲਸਾ ਕਾਲਜ ਫਾਰ ਗਰਲਜ਼ ਮੰਜੀ ਸਾਹਿਬ ਕੌਂਟਾ, ਇੰਜੀ. ਕੁਲਬੀਰ ਸਿੰਘ ਸ਼ੇਰਗਿੱਲ, ਬੀਬੀ ਕੰਵਲਜੀਤ ਕੌਰ ਪਿੰ੍ਰਸੀਪਲ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਪਬਲਿਕ ਸਕੂਲ ਨਡਾਲਾ, ਬਲਿਹਾਰ ਸਿੰਘ ਪ੍ਰਿੰਸੀਪਲ ਗੁਰੂ ਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ ਖੰਨਾ, ਡਾ. ਧਰਮਿੰਦਰ ਸਿੰਘ ਉੱਭਾ ਪ੍ਰਿੰਸੀਪਲ ਖਾਲਸਾ ਕਾਲਜ ਪਟਿਆਲਾ ਅਤੇ ਇੰਦਰਜੀਤ ਸਿੰਘ ਗੋਗੋਆਣੀ 'ਤੇ ਆਧਾਰਿਤ ਕਮੇਟੀ ਬਣਾਈ ਗਈ ਹੈ, ਉੱਥੇ ਹੀ ਹੁਣ ਸ਼੍ਰੋਮਣੀ ਕਮੇਟੀ ਦੇ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ, ਡੈਂਟਲ ਕਾਲਜ ਤੇ ਯੂਨੀਵਰਸਿਟੀ ਲਈ ਚਾਰ ਮੈਂਬਰੀ ਕਮੇਟੀ ਬਣਾਈ ਗਈ ਹੈ, ਜਿਸ ਵਿਚ ਡਾ. ਕੇ. ਕੇ. ਤਲਵਾੜ ਸਾਬਕਾ ਡਾਇਰੈਕਟਰ ਪੀ. ਜੀ. ਆਈ. ਚੰਡੀਗੜ੍ਹ, ਡਾ. ਹਰਦਾਸ ਸਿੰਘ ਸੰਧੂ, ਡਾ. ਗੁਰਪ੍ਰੀਤ ਸਿੰਘ ਵਾਂਡਰ ਤੇ ਡਾ. ਸੁਧੀਰ ਵਰਮਾ ਅਤੇ ਪੰਜਵੇਂ ਮੈਂਬਰ ਡਾ. ਰੂਪ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਨੂੰ ਸ਼ਾਮਲ ਕੀਤਾ ਗਿਆ, ਜਦਕਿ ਇੰਜੀਨੀਅਰਿੰਗ ਤੇ ਪੋਲੀਟੈਕਨਿਕ ਕਾਲਜਾਂ ਦੇ ਕੰਮਾਂ ਨੂੰ ਵਧੀਆ ਬਣਾਉਣ ਲਈ ਮੌਜੂਦਾ ਟਰੱਸਟ ਦੇ ਸਕੱਤਰਾਂ ਸਮੇਤ ਦੋ ਰਿਟਾ. ਚੀਫ ਇੰਜੀਨੀਅਰ ਅਮਰਜੀਤ ਸਿੰਘ ਦੁੱਲਟ ਤੇ ਕੁਲਬੀਰ ਸਿੰਘ ਸ਼ੇਰਗਿੱਲ ਦੀ ਕਮੇਟੀ ਬਣਾਈ ਗਈ ਹੈ।
ਪ੍ਰੋ. ਬਡੂੰਗਰ ਨੇ ਦੱਸਿਆ ਕਿ ਇਸ ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਡਾਇਰੈਕਟਰ ਸਿੱਖਿਆ ਸ਼੍ਰੋਮਣੀ ਕਮੇਟੀ ਹਰ ਮਹੀਨੇ ਕਾਲਜਾਂ-ਸਕੂਲਾਂ ਦੇ ਪ੍ਰਿੰਸੀਪਲਾਂ ਨਾਲ ਮੀਟਿੰਗਾਂ ਕਰਨਗੇ ਤੇ ਤਿੰਨ ਮਹੀਨੇ ਬਾਅਦ ਸਕੱਤਰ ਰੂਪ ਸਿੰਘ ਮੀਟਿੰਗ ਕਰ ਕੇ ਲੋੜੀਂਦੀ ਕਾਰਵਾਈ ਦੀ ਰਿਪੋਰਟ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਸੌਂਪਣਗੇ ਤਾਂ ਜੋ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿਚ ਰਿਪੋਰਟ ਪੇਸ਼ ਕਰ ਕੇ ਯੋਗ ਉਪਰਾਲੇ ਕੀਤੇ ਜਾ ਸਕਣ।
ਇਸ ਮੌਕੇ ਸੰਤਾ ਸਿੰਘ ਉਮੈਦਪੁਰੀ, ਨਿੱਜੀ ਸਕੱਤਰ ਭਗਵੰਤ ਸਿੰਘ ਧੰਗੇੜਾ, ਜਸਵਿੰਦਰ ਸਿੰਘ ਮੈਨੇਜਰ ਗੁਰਦੁਆਰਾ ਮੰਜੀ ਸਾਹਿਬ ਕੌਂਟਾ, ਬਲਜਿੰਦਰ ਸਿੰਘ ਡਡਹੇੜੀ, ਪ੍ਰਿੰਸੀਪਲ ਸੁਖਦੇਵ ਸਿੰਘ ਪੰਜੋਖਰਾ ਸਾਹਿਬ ਸਮੇਤ ਹੋਰ ਸ਼ਖਸੀਅਤਾਂ ਵੀ ਹਾਜ਼ਰ ਸਨ।


Related News