ਮੋਹਾਲੀ : ਬੇਰੋਜ਼ਗਾਰ ਅਧਿਆਪਕਾਂ ਨੇ ਖੁਦ ''ਤੇ ਪੈਟਰੋਲ ਛਿੜਕਿਆ, ਤਸਵੀਰਾਂ ''ਚ ਦੇਖੋ ਕਿਵੇਂ ਮਚੀ ਹਾਹਾਕਾਰ

Saturday, Aug 05, 2017 - 01:19 PM (IST)

ਮੋਹਾਲੀ (ਨਿਆਮੀਆ) : ਇੱਥੇ ਗੁਰਦੁਆਰਾ ਸਿੰਘ ਸ਼ਹੀਦਾਂ ਨੇੜੇ ਪਿਛਲੇ 52 ਦਿਨਾਂ ਤੋਂ ਸੋਹਾਣਾ ਦੀ ਪਾਣੀ ਵਾਲੀ ਟੈਂਕੀ 'ਤੇ ਚੜ੍ਹੇ ਬੇਰੋਜ਼ਗਾਰ ਈ. ਟੀ. ਟੀ. ਟੈੱਟ. ਪਾਸ ਅਧਿਆਪਕਾਂ ਨੇ ਖੁਦ 'ਤੇ ਪੈਟਰੋਲ ਪਾ ਕੇ ਆਤਮਦਾਹ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਹਾਹਾਕਾਰ ਮਚ ਗਈ ਅਤੇ ਮਾਹੌਲ ਤਣਾਅਪੂਰਨ ਹੋ ਗਿਆ। ਇਸ ਤੋਂ ਇਲਾਵਾ ਕੁਝ ਅਧਿਆਪਕਾਂ ਨੇ ਆਪਣੇ ਗਲੇ 'ਚ ਰੱਸੇ ਪਾ ਕੇ ਲਟਕਣ ਦੀ ਕੋਸ਼ਿਸ਼ ਵੀ ਕੀਤੀ। ਫਿਲਹਾਲ ਮੌਕੇ 'ਤੇ ਆਈ. ਜੀ.,  ਡੀ. ਸੀ. ਅਤੇ ਐੱਸ. ਐੱਸ. ਪੀ. ਮੌਕੇ 'ਤੇ ਪਹੁੰਚ ਚੁੱਕੇ ਹਨ। ਇਨ੍ਹਾਂ ਅਧਿਆਪਕਾਂ ਦੀ ਮੰਗ ਹੈ ਕਿ ਬੀਤੇ ਦਿਨ ਹੋਈ ਕੈਬਨਿਟ ਮੀਟਿੰਗ 'ਚ ਸਰਕਾਰ ਨੇ ਵੇਟਿੰਗ ਲਿਸਟ ਵਾਲੇ ਟੈੱਟ ਪਾਸ ਅਧਿਆਪਕਾਂ ਦੀਆਂ 1300 ਦੇ ਕਰੀਬ ਸੀਟਾਂ ਪਾਸ ਕਰ ਦਿੱਤੀਆਂ ਪਰ ਉਨ੍ਹਾਂ ਲਈ ਸਰਕਾਰ ਨੇ ਕੁਝ ਨਹੀਂ ਸੋਚਿਆ। ਇਨ੍ਹਾਂ ਅਧਿਆਪਕਾਂ ਨੇ ਧਮਕੀ ਦਿੱਤੀ ਹੈ ਕਿ ਜੇਕਰ ਪੁਲਸ ਇੱਥੋਂ ਨਾ ਹਟੀ ਤਾਂ ਸਾਰੇ ਅਧਿਆਪਕ ਇਕ-ਇਕ ਕਰਕੇ ਆਪਣੀ ਜਾਨ ਦੇ ਦੇਣਗੇ। ਇਸ ਸਬੰਧੀ ਬੋਲਦਿਆਂ ਡਿਪਟੀ ਕਮਿਸ਼ਨਰ ਮੋਹਾਲੀ ਮੈਡਮ ਗੁਰਪ੍ਰੀਤ ਨੇ ਕਿਹਾ ਕਿ ਉਨ੍ਹਾਂ ਨੇ ਅਧਿਆਪਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੈਬਨਿਟ ਦਾ ਫੈਸਲਾ ਮੰਨ ਕੇ ਟੈਂਕੀ ਤੋਂ ਹੇਠਾਂ ਆ ਜਾਣ ਅਤੇ ਜੇਕਰ ਉਨ੍ਹਾਂ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਦੁਬਾਰਾ ਸਿੱਖਿਆ ਵਿਭਾਗ ਨਾਲ ਇਨ੍ਹਾਂ ਅਧਿਆਪਕਾਂ ਦੀ ਮੀਟਿੰਗ ਕਰਵਾ ਦੇਣਗੇ। 


Related News