ਅਧਿਆਪਕਾ ਕਤਲ ਮਾਮਲੇ 'ਚ ਬੋਲੇ SSP, ਕਿਹਾ '' ਕਾਨਟ੍ਰੈਕਟ ਕਿਲਿੰਗ ਦਾ ਸ਼ੱਕ''

12/08/2019 12:08:49 PM

ਮੋਹਾਲੀ (ਰਾਣਾ) - ਬੀਤੇ ਦਿਨੀਂ ਸੰਨੀ ਐਨਕਲੇਵ ਸਥਿਤ ਨਾਮੀ ਪ੍ਰਾਈਵੇਟ ਸਕੂਲ ਦੇ ਬਾਹਰ ਅਧਿਆਪਕ ਸਰਬਜੀਤ ਕੌਰ ਦੇ ਹੋਏ ਕਤਲ ਮਾਮਲੇ 'ਚ ਮੋਹਾਲੀ ਦੇ ਐੱਸ. ਐੱਸ. ਪੀ. ਕੁਲਦੀਪ ਸਿੰਘ ਚਾਹਲ ਨੇ ਕਾਨਫਰੰਸ ਕੀਤੀ। ਪੁਲਸ ਨੂੰ ਇਸ ਹੱਤਿਆ ਦੇ ਪਿੱਛੇ ਜਿਥੇ ਕਾਨਟ੍ਰੈਕਟ ਕਿਲਿੰਗ ਲੱਗ ਰਹੀ ਹੈ, ਉਥੇ ਹੀ ਮ੍ਰਿਤਕਾ ਦਾ ਪਤੀ ਲਾਪਤਾ ਹੀ ਹੋ ਗਿਆ, ਜਿਸ ਦੀ ਭਾਲ ਲਈ ਐੱਸ. ਐੱਸ. ਪੀ. ਵਲੋਂ ਟੀਮਾਂ ਬਣਾਈਆਂ ਗਈਆਂ ਹਨ, ਜੋ ਵੱਖ-ਵੱਖ ਥਾਵਾਂ ਦੀ ਛਾਪੇਮਾਰੀ ਕਰ ਰਹੀਆਂ ਹਨ। ਦੂਜੇ ਪਾਸੇ ਪੁਲਸ ਨੇ ਮ੍ਰਿਤਕਾ ਦੇ ਪਤੀ ਹਰਵਿੰਦਰ ਸਿੰਘ ਦੀ ਮਾਂ ਭਿੰਦਰ ਕੌਰ ਨੂੰ ਰਾਊਂਡਅੱਪ ਕਰ ਲਿਆ ਤਾਂ ਕਿ ਫਰਾਰ ਮੁਲਜ਼ਮ ਦਾ ਕੋਈ ਸੁਰਾਗ ਹੱਥ ਲੱਗ ਸਕੇ।

ਪੁੱਤਰ ਕਿੱਥੇ ਲੁਕਿਆ ਹੈ ਮਾਂ ਖੋਲ੍ਹੇਗੀ ਰਾਜ਼
ਪੁਲਸ ਮੁਤਾਬਕ ਫਰਾਰ ਹਰਵਿੰਦਰ ਜ਼ਿਆਦਾਤਰ ਆਪਣੀ ਮਾਂ ਦੇ ਨਾਲ ਟੱਚ 'ਚ ਸੀ। ਉਸ ਦੀ ਮਾਂ ਨੂੰ ਉਸ ਦੀ ਹਰ ਮੂਵਮੈਂਟ ਦੀ ਖਬਰ ਹੁੰਦੀ ਹੈ ਜਿਸ ਕਾਰਨ ਉਸ ਦੀ ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂਕਿ ਇਸ ਗੱਲ ਦਾ ਖੁਲਾਸਾ ਹੋ ਸਕੇ ਕਿ ਉਹ ਕਿਥੇ ਹੈ। ਹਰਵਿੰਦਰ ਦੇ ਕਿੰਨੇ ਅਕਾਊਂਟ ਹਨ ਅਤੇ ਉਸ ਕੋਲ ਕਿਸ-ਕਿਸ ਬੈਂਕ ਦਾ ਏ. ਟੀ. ਐੱਮ. ਹੈ, ਇਸ 'ਤੇ ਵੀ ਪੁਲਸ ਦੀ ਨਜ਼ਰ ਹੈ। ਪੁਲਸ ਨੂੰ ਸ਼ੁਰੂ ਤੋਂ ਹੀ ਅਧਿਆਪਕ ਦੀ ਮੌਤ ਕਾਨਟ੍ਰੈਕਟ ਕਿਲਿੰਗ ਲੱਗ ਰਹੀ ਹੈ, ਜਿਸ ਕਾਰਨ ਪੁਲਸ ਉਸ ਥਿਊਰੀ 'ਤੇ ਹੀ ਕੰਮ ਕਰ ਰਹੀ ਹੈ। ਪੁਲਸ ਵਲੋਂ ਪੰਜਾਬ ਅਤੇ ਹੋਰ ਰਾਜ ਦੇ ਕਾਨਟ੍ਰੈਕਟ ਕਿਲਿੰਗ ਕਰਨ ਵਾਲੇ ਮੁਲਜ਼ਮਾਂ ਦਾ ਰਿਕਾਰਡ ਖੰਗਾਲਿਆ ਜਾ ਰਿਹਾ ਹੈ ਅਤੇ ਛੋਟੇ ਮੁਲਜ਼ਮਾਂ ਨੂੰ ਵੀ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।  

ਪੂਰੇ ਏਰੀਏ ਦਾ ਡੰਪ ਡਾਟਾ ਜਾ ਰਿਹੈ ਖੰਗਾਲਿਆ
ਹੱਤਿਆ ਵਾਲੇ ਦਿਨ ਅਤੇ ਉਸ ਤੋਂ ਪਹਿਲਾਂ ਉਸ ਏਰੀਆ ਅਤੇ ਜਿੱਥੇ ਮ੍ਰਿਤਕਾ ਰਹਿੰਦੀ ਸੀ, ਉੱਥੇ ਦਾ ਪੂਰਾ ਡੰਪ ਡਾਟਾ ਪੁਲਸ ਖੰਗਾਲਣ 'ਚ ਲੱਗੀ ਹੋਈ ਹੈ। ਪੁਲਸ ਵਲੋਂ ਫਰਾਰ ਹਰਵਿੰਦਰ ਦੇ ਫੋਨ ਦੀ ਕਾਲ ਡਿਟੇਲ ਵੀ ਖੰਗਾਲੀ ਜਾ ਰਹੀ ਹੈ ਤਾਂਕਿ ਪਤਾ ਲੱਗ ਸਕੇ ਕਿ ਉਸ ਨੇ ਕਤਲ ਤੋਂ ਪਹਿਲਾਂ ਤੇ ਬਾਅਦ 'ਚ ਕਿਸ-ਕਿਸ ਨੰਬਰ 'ਤੇ ਕਾਲ ਕੀਤੀ ਸੀ। ਨਾਲ ਹੀ ਡੰਪ ਡਾਟਾ ਵਿਚ ਸਾਰਿਆਂ ਦੇ ਮੋਬਾਇਲ ਨੰਬਰਾਂ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਹੱਤਿਆ ਵਾਲੀ ਜਗ੍ਹਾ 'ਤੇ ਉਸ ਦੌਰਾਨ ਕਿਹੜਾ-ਕਿਹੜਾ ਨੰਬਰ ਐਕਟੀਵੇਟ ਸੀ ਅਤੇ ਉਹ ਉਸ ਦੌਰਾਨ ਕਿਸ ਨਾਲ ਗੱਲ ਕਰ ਰਿਹਾ ਸੀ ਜਾਂ ਫਿਰ ਕਿਸ ਦਾ ਫੋਨ ਸੁਣ ਰਹੇ ਸਨ।

ਪਹਿਲਾਂ ਵੀ ਮਾਂ ਹੀ ਹੋਈ ਸੀ ਪੇਸ਼
ਮ੍ਰਿਤਕਾ ਦੇ ਪਰਿਵਾਰ ਦੇ ਮੁਤਾਬਕ ਉਨ੍ਹਾਂ ਦੀ ਧੀ ਨੇ ਪਹਿਲਾਂ ਜਦੋਂ ਆਪਣੇ ਪਤੀ ਹਰਵਿੰਦਰ ਸਿੰਘ ਦੇ ਖਿਲਾਫ ਸ਼ਿਕਾਇਤ ਦਿੱਤੀ ਸੀ ਤਾਂ ਪੁਲਸ ਸੰੰਮਨ ਭੇਜਣ ਉੱਤੇ ਉਸ ਦਾ ਪਤੀ ਖੁਦ ਪੇਸ਼ ਨਾ ਹੋ ਕੇ ਉਸ ਦੀ ਮਾਂ ਭਿੰਦਰ ਕੌਰ ਹੀ ਪੁਲਸ ਦੇ ਸਾਹਮਣੇ ਪੇਸ਼ ਹੋਈ ਸੀ। ਉਸ ਦੌਰਾਨ ਉਸ ਨੇ ਪੁਲਸ ਦੇ ਸਾਹਮਣੇ ਬਿਆਨ ਦਿੱਤਾ ਸੀ ਕਿ ਉਸ ਦਾ ਪੁੱਤਰ ਤਾਂ ਵਿਦੇਸ਼ ਚਲਾ ਗਿਆ ਹੈ। ਜੇਕਰ ਭਿੰਦਰ ਕੌਰ ਦੀ ਗੱਲ ਸੱਚ ਸਾਬਤ ਹੋਈ ਤਾਂ ਪੁਲਸ ਨੂੰ ਹੁਣ ਉਸ ਨੂੰ ਗ੍ਰਿਫਤਾਰ ਕਰਨ ਲਈ ਕਾਫ਼ੀ ਮੁਸ਼ਕਲ ਹੋਵੇਗੀ।

ਲੁਕ ਆਊਟ ਨੋਟਿਸ ਜਾਰੀ ਕਰ ਕੇ ਏਅਰਪੋਰਟ ਨੂੰ ਕੀਤਾ ਸੂਚਿਤ
ਹਰਵਿੰਦਰ ਵਿਦੇਸ਼ ਨਾ ਭੱਜ ਜਾਵੇ ਇਸ ਤੋਂ ਪਹਿਲਾਂ ਹੀ ਮੋਹਾਲੀ ਪੁਲਸ ਨੇ ਸ਼ੁੱਕਰਵਾਰ ਨੂੰ ਲੁਕ ਆਊਟ ਨੋਟਿਸ ਜਾਰੀ ਕਰ ਦਿੱਤਾ। ਨਾਲ ਹੀ ਏਅਰਪੋਰਟ ਅਥਾਰਟੀ ਉੱਤੇ ਵੀ ਸੂਚਨਾ ਦੇ ਦਿੱਤੀ ਹੈ ਕਿ ਜੇਕਰ ਉਕਤ ਨਾਂ ਦਾ ਕੋਈ ਸ਼ਖਸ ਉਨ੍ਹਾਂ ਦੇ ਕੋਲ ਆਵੇ ਤਾਂ ਤੁਰੰਤ ਉਸ ਨੂੰ ਹਿਰਾਸਤ ਵਿਚ ਲੈ ਕੇ ਪੁਲਸ ਨੂੰ ਸੂਚਿਤ ਕੀਤਾ ਜਾਵੇ। ਮਹਿਲਾ ਅਧਿਆਪਕ ਦੀ ਮੌਤ ਦੇ ਪਿੱਛੇ ਕਾਨਟ੍ਰੈਕਟ ਕਿਲਿੰਗ ਦਾ ਸ਼ੱਕ ਲੱਗ ਰਿਹਾ ਹੈ, ਜਿਸ ਕਾਰਣ ਫਰਾਰ ਹਰਵਿੰਦਰ ਦੀ ਮਾਂ ਨੂੰ ਰਾਊਂਡਅੱਪ ਕਰ ਕੇ ਉਸ ਦੇ ਫਰਾਰ ਪੁੱਤਰ ਦੇ ਬਾਰੇ ਵਿਚ ਪੁੱਛਗਿਛ ਕੀਤੀ ਜਾ ਰਹੀ ਹੈ। ਛੇਤੀ ਹੀ ਪੁਲਸ ਹੱਤਿਆ ਕਰਨ ਅਤੇ ਕਰਵਾਉਣ ਵਾਲੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਵੇਗੀ।


rajwinder kaur

Content Editor

Related News