ਅਧਿਆਪਕਾਂ ਨੇ ਵਾਈਸ ਚਾਂਸਲਰ ਦੇ ਦਫ਼ਤਰ ਅੱਗੇ ਦਿੱਤਾ ਧਰਨਾ
Wednesday, Feb 07, 2018 - 07:52 AM (IST)

ਪਟਿਆਲਾ, (ਜੋਸਨ)- ਅੱਜ ਪੰਜਾਬੀ ਯੂਨੀਵਰਸਿਟੀ ਏਰੀਆ ਦੇ ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਨਾਲ ਸਬੰਧਤ ਕਾਲਜਾਂ ਦੇ ਅਧਿਆਪਕਾਂ ਵੱਲੋਂ ਲੰਮੇ ਸਮੇਂ ਤੋਂ ਲਟਕ ਰਹੀਆਂ ਜਾਇਜ਼ ਮੰਗਾਂ ਲਈ ਪੰਜਾਬ ਸਰਕਾਰ ਵਿਰੁੱਧ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਸਰਕਾਰ ਦੀ ਉੱਚੇਰੀ ਸਿੱਖਿਆ ਵਿਰੋਧੀ ਬੇਰਹਿਮ ਤੇ ਨਿਰਦਈ ਪਹੁੰਚ ਦੀ ਨਿਖੇਧੀ ਕਰਦਿਆਂ ਯੂਨੀਅਨ ਆਗੂਆਂ ਨੇ ਫੈਸਲਾ ਕੀਤਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਾ ਦਿੱਤਾ ਗਿਆ ਤਾਂ ਅਗਲਾ ਐਕਸ਼ਨ ਛੇਤੀ ਹੀ ਲਿਆ ਜਾਵੇਗਾ।
ਪ੍ਰੋ. ਅਵਤਾਰ ਸਿੰਘ ਪੀ. ਸੀ. ਸੀ. ਟੀ. ਯੂ ਦੇ ਮੀਤ ਪ੍ਰਧਾਨ ਨੇ ਉੱਚੇਰੀ ਸਿੱਖਿਆ ਦੀ ਕਾਰਜ਼ਸੈਲੀ ਉੱਤੇ ਨਿਰਾਸ਼ਾ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਦੇ ਅਜੇ ਤੱਕ ਕੀਤੇ ਗਏ ਵਾਅਦੇ ਵਫ਼ਾ ਨਹੀਂ ਹੋਏ ਬਲਕਿ ਲਾਰਿਆਂ ਵਿਚ ਆਪਣਾ ਵਕਤ ਟਪਾ ਰਹੀ ਹੈ। ਏਰੀਆ ਸੈਕਟਰੀ ਪ੍ਰੋ. ਬਲਬੀਰ ਸਿੰਘ ਨੇ ਕਿਹਾ ਕਿ ਕਾਲਜਾਂ ਦੀ ਗਰਾਂਟ ਉੱਤੇ ਲਗਾਤਾਰ ਹੋ ਰਹੀ ਕਟੌਤੀ ਇਕ ਪਾਸੇ ਅਧਿਆਪਕਾਂ ਨੂੰ ਤਨਖਾਹ ਨਾ ਮਿਲਣ ਦਾ ਅੜਿੱਕਾ ਬਣ ਰਹੀ ਹੈ ਅਤੇ ਦੂਜੇ ਵਿਦਿਆਰਥੀਆਂ ਉੱਪਰ ਫੀਸਾਂ ਦਾ ਲਗਾਤਾਰ ਵਾਧਾ ਸਿੱਖਿਆ ਦੇ ਖੇਤਰ ਵਿਚ ਰੁਕਾਵਟ ਬਣ ਰਿਹਾ ਹੈ।
ਸਰਕਾਰੀ ਕਾਲਜਾਂ ਦੇ ਅਧਿਆਪਕ ਆਗੂ ਪ੍ਰੋ. ਬਰਜਿੰਦਰ ਸਿੰਘ ਟੌਹੜਾ ਨੇ ਸਰਕਾਰੀ ਕਾਲਜਾਂ ਪ੍ਰਤੀ ਸਰਕਾਰ ਦੀ ਬੇਰੁੱਖੀ ਦੇ ਰਵੱਈਏ ਦੀ ਗੱਲ ਕੀਤੀ, ਉੱਥੇ ਯੂਨੀਵਰਸਿਟੀ ਤੋਂ ਦਰਪੇਸ਼ ਕਾਲਜਾਂ ਨਾਲ ਜੁੜੀਆਂ ਬਹੁਤ ਸਾਰੀਆਂ ਸੱਮਸਿਆਵਾਂ ਦਾ ਖੁਲਾਸਾ ਵੀ ਕੀਤਾ। ਯੂਨੀਵਰਸਿਟੀ ਅਧਿਆਪਕ ਆਗੂ ਡਾ. ਜਸਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਸਰਕਾਰ ਦੀ ਨਵੀਂ ਆਰਥਿਕ ਨੀਤੀ ਸਿੱਖਿਆ ਵਿਰੋਧੀ ਹੈ, ਜਿਸ ਵਿਚ ਸਾਫ਼ ਜ਼ਾਹਿਰ ਹੁੰਦਾ ਹੈ ਕਿ ਉੱਚੇਰੀ ਸਿੱਖਿਆ ਲਈ ਰੱਖਿਆ ਗਿਆ ਨਾ-ਮਾਤਰ ਬਜਟ ਸਰਕਾਰ ਦੀ ਸਿੱਖਿਆ ਨੀਤੀ ਦਾ ਸਪੱਸ਼ਟ ਪ੍ਰਗਟਾਵਾ ਕਰਦਾ ਹੈ।
ਜ਼ਿਲਾ ਸੈਕਟਰੀ ਅਰਵਿੰਦਰ ਕੌਰ ਕਾਕੜਾ ਨੇ ਕਿਹਾ ਕਿ ਸਿੱਖਿਆ ਵਿਰੋਧੀ ਸਰਕਾਰ ਦੀਆਂ ਨੀਤੀਆਂ ਦੀ ਨਿਖੇਧੀ ਕਰਨ ਲਈ ਵੱਡੇ ਪੱਧਰ 'ਤੇ ਇੱਕਠੇ ਹੋ ਕੇ ਸੰਘਰਸ਼ ਵਿੱਢਣ ਦੀ ਲੋੜ ਹੈ। ਹੁਣ ਆਪਣੇ ਹੱਕ ਮੰਗਣ ਦੀ ਬਜਾਏ ਹੱਕ ਖੋਹਣ ਦੀ ਪ੍ਰਵਿਰਤੀ ਪੈਦਾ ਕਰਨ ਦੀ ਜ਼ਰੂਰਤ ਹੈ। ਆਖਿਰ ਵਿਚ ਅਧਿਆਪਕਾਂ ਦੀਆਂ ਮੰਗਾਂ ਨਾਲ ਸਬੰਧਿਤ ਮੰਗ ਪੱਤਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪਹੁੰਚਾਉਣ ਲਈ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਨੂੰ ਦਿੱਤਾ ਗਿਆ। ਅੰਤ ਵਿਚ ਪ੍ਰੋ. ਅਰਚਨਾ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਸੰਘਰਸ਼ ਅੱਗੇ ਵਧਾਉਣ ਦੀ ਅਧਿਆਪਕ ਯੂਨੀਅਨ ਨੂੰ ਅਪੀਲ ਕੀਤੀ। ਇਸ ਰੈਲੀ ਵਿਚ ਏਡਿਡ ਕਾਲਜ ਅਧਿਆਪਕ, ਸਰਕਾਰੀ ਕਾਲਜ ਅਧਿਆਪਕ ਤੇ ਪੰਜਾਬੀ ਯੂਨੀਵਰਸਿਟੀ ਦੇ ਅਧਿਆਪਕਾਂ ਨੇ ਸਿਰਕਤ ਕੀਤੀ।