ਅਧਿਆਪਕਾਂ ਨੇ ਫੂਕੀ ਪੰਜਾਬ ਸਰਕਾਰ ਦੀ ਅਰਥੀ

Monday, Jan 15, 2018 - 07:22 AM (IST)

ਬਠਿੰਡਾ,  (ਪਰਮਿੰਦਰ)- ਰੈਗੂਲਰ ਨੌਕਰੀ ਲਈ ਸੰਘਰਸ਼ਸ਼ੀਲ 5178 ਅਧਿਆਪਕ ਯੂਨੀਅਨ ਨੇ ਬੱਸ ਸਟੈਂਡ ਨਜ਼ਦੀਕ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਅਧਿਆਪਕਾਂ ਨੇ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰ ਕੇ ਗੁੱਸਾ ਕੱਢਿਆ। ਇਸ ਮੌਕੇ ਯੂਨੀਅਨ ਦੇ ਬੁਲਾਰੇ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਉਕਤ ਅਧਿਆਪਕ ਸਰਕਾਰ ਵੱਲੋਂ ਲਏ ਗਏ ਟੈਸਟ ਟੀ. ਈ. ਟੀ. ਨੂੰ ਪਾਸ ਕਰਨ ਤੋਂ ਬਾਅਦ 5178 ਅਹੁਦਿਆਂ 'ਤੇ ਦਸੰਬਰ 2014 ਨੂੰ ਤਾਇਨਾਤ ਹੋਏ ਸੀ ਜੋ ਸਿਰਫ 6 ਹਜ਼ਾਰ ਰੁਪਏ ਤਨਖਾਹ ਲੈ ਰਹੇ ਹਨ।
ਉਨ੍ਹਾਂ ਦੱਸਿਆ ਕਿ ਨਿਯਮਾਂ ਅਨੁਸਾਰ ਉਨ੍ਹਾਂ ਨੂੰ 3 ਸਾਲ ਦੇ ਕਾਰਜਕਾਲ ਤੋਂ ਬਾਅਦ ਰੈਗੂਲਰ ਕੀਤਾ ਜਾਣਾ ਸੀ ਪਰ ਹੁਣ ਤਿੰਨ ਸਾਲ ਲੰਘਣ ਤੋਂ ਬਾਅਦ ਵੀ ਉਨ੍ਹਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਦੱਸਿਆ ਕਿ 3 ਸਾਲ ਤੋਂ ਉਹ ਮਾਮੂਲੀ ਤਨਖਾਹ 'ਤੇ ਸੇਵਾਵਾਂ ਦੇ ਰਹੇ ਹਨ, ਜਿਸ ਨਾਲ ਉਨ੍ਹਾਂ ਦੇ ਘਰਾਂ ਦਾ ਗੁਜ਼ਾਰਾ ਵੀ ਨਹੀਂ ਹੁੰਦਾ। 20 ਨੰਵਬਰ 2017 ਨੂੰ ਸਰਕਾਰ ਨੇ ਉਕਤ ਅਧਿਆਪਕਾਂ ਨੂੰ ਰੈਗੂਲਰ ਕਰਨ ਲਈ ਕੇਸ ਮੰਗੇ ਸਨ ਪਰ ਅਜੇ ਤੱਕ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਨਹੀਂ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਇਹ ਮਾਮਲਾ ਜਾਣਬੁਝ ਕੇ ਲਟਕਾਇਆ ਜਾ ਰਿਹਾ ਹੈ।
ਇਸ ਮੌਕੇ ਡੀ. ਟੀ. ਐੱਫ. ਦੇ ਜ਼ਿਲਾ ਪ੍ਰਧਾਨ ਪਰਮਜੀਤ ਸਿੰਘ, ਸਕੱਤਰ ਬਲਜਿੰਦਰ ਸਿੰਘ, ਬਲਾਕ ਪ੍ਰਧਾਨ ਰੇਸ਼ਮ ਸਿੰਘ, ਕਮੇਟੀ ਮੈਂਬਰ ਜਸਵਿੰਦਰ ਸਿੰਘ, ਗੁਰਮੁਖ ਸਿੰਘ ਨਥਾਣਾ ਨੇ ਵੀ ਅਧਿਆਪਕਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ। ਯੂਨੀਅਨ ਆਗੂ ਸਰਬਜੀਤ ਸਿੰਘ, ਜਗਸੀਰ ਸਿੰਘ ਤੇ ਕੁਲਵਿੰਦਰ ਸਿੰਘ ਨੇ ਕਿਹਾ ਕਿ ਉਕਤ ਮੰਗ ਨੂੰ ਲੈ ਕੇ 4 ਫਰਵਰੀ ਨੂੰ ਜਲੰਧਰ ਵਿਚ ਇਕ ਵਿਸ਼ਾਲ ਰੋਸ ਰੈਲੀ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਸਰਬਜੀਤ ਕੌਰ, ਕੰਚਨ ਨਾਰੰਗ, ਸੁਰਿਆ, ਤਰਤੇਸ਼ ਅਰੋੜਾ, ਰੂਪਾਨੀ ਗੁਪਤਾ, ਮਮਤਾ ਰਾਣੀ, ਗੁਰਮੀਤ ਕੌਰ, ਹਰਪ੍ਰੀਤ ਕੌਰ, ਗੁਰਦੀਪ ਕੌਰ, ਅੰਕੁਸ਼ ਸਿੰਗਲਾ, ਜਗਦੀਪ ਸਿੰਘ, ਹਰਦੀਪ ਸਿੰਘ ਆਦਿ ਹਾਜ਼ਰ ਸਨ।


Related News