ਅਧਿਆਪਕਾਂ ਨੇ ਘੇਰੀ ਸਿੱਖਿਆ ਸਕੱਤਰ ਦੀ ਕੋਠੀ, ਫੂਕਿਆ ਪੁਤਲਾ

10/18/2018 9:39:25 AM

ਪਟਿਆਲਾ (ਜੋਸਨ, ਬਲਜਿੰਦਰ)—ਤਨਖਾਹਾਂ ਵਿਚ ਕਟੌਤੀ  ਸਬੰਧੀ ਸੀ. ਐੱਮ. ਸਿਟੀ ਵਿਚ ਮੋਰਚਾ ਲਾਈ ਬੈਠੇ ਹਜ਼ਾਰਾਂ ਅਧਿਆਪਕਾਂ ਨੇ ਅੱਜ ਸਿੱਖਿਆ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਕ੍ਰਿਸ਼ਨ ਕੁਮਾਰ  ਵੱਲੋਂ ਪੇਸ਼ ਕੀਤੇ ਗਏ ਝੂਠੇ ਅੰਕੜਿਆਂ ਦਾ ਪਰਦਾਫਾਸ਼ ਹੋਣ 'ਤੇ ਸਿੱਖਿਆ ਸਕੱਤਰ ਦੀ ਸਥਾਨਕ ਮਾਡਲ ਟਾਊਨ ਸਥਿਤ ਰਿਹਾਇਸ਼ 'ਤੇ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ 2 ਕਿਲੋਮੀਟਰ ਤਕ ਰੋਸ ਮਾਰਚ ਕਰ ਕੇ ਉਸ ਦੀ ਕੋਠੀ ਦੇ ਸਾਹਮਣੇ ਹੀ ਉਸ ਦੇ ਪੁਤਲੇ ਨੂੰ ਲਾਂਬੂ ਲਾ ਕੇ ਨਾਅਰੇਬਾਜ਼ੀ ਕੀਤੀ।

ਉਧਰ ਪਟਿਆਲਾ ਵਿਖੇ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਅਗਵਾਈ ਵਿਚ ਚੱਲ ਰਿਹਾ ਪੱਕਾ ਮੋਰਚਾ ਤੇ ਮਰਨ  ਵਰਤ ਅੱਜ 11ਵੇਂ ਦਿਨ ਵਿਚ ਸ਼ਾਮਲ ਹੋ ਗਿਆ, ਜਿਸ ਵਿਚ ਮਰਨ ਵਰਤ 'ਤੇ ਬੈਠੇ 17 ਅਧਿਆਪਕਾਂ  ਵਿਚੋਂ 2 ਹਸਪਤਾਲ ਦਾਖਲ ਹਨ ਤੇ ਬਾਕੀ ਕਮਜ਼ੋਰ ਹੋਣ ਦੇ ਬਾਵਜੂਦ ਵੀ ਬੁਲੰਦ ਹੌਸਲੇ ਨਾਲ  ਡਟੇ ਹੋਏ ਹਨ। ਅਧਿਆਪਕ ਨੇਤਾਵਾਂ ਦਾ ਕਹਿਣਾ ਹੈ ਕਿ ਸਾਡੇ ਖਿਲਾਫ ਸਾਰੀ ਸਾਜ਼ਿਸ਼ ਸੈਕਟਰੀ  ਨੇ ਹੀ ਰਚੀ ਹੈ ਤੇ ਜਦੋਂ ਕੱਲ ਸਿੱਖਿਆ ਸਕੱੱਤਰ ਤੋਂ ਲੁਧਿਆਣਾ ਦੇ ਐੱਮ. ਐੱਲ. ਏ. ਵੱਲੋਂ  94  ਫੀਸਦੀ ਅਧਿਆਪਕਾਂ ਦੀ ਸਹਿਮਤੀ ਦੀ ਜਾਣਕਾਰੀ ਮੰਗੀ ਤਾਂ ਉਹ ਕੋਈ ਠੋਸ  ਤੱਥ  ਜਾਂ ਦਸਤਾਵੇਜ਼ ਪੇਸ਼ ਨਾ ਕਰ ਸਕੇ।
ਇਸ  ਸਮੇਂ ਸਾਂਝੇ ਮੋਰਚੇ ਦੇ ਸੂਬਾ ਕਨਵੀਨਰ ਸੁਖਵਿੰਦਰ ਚਾਹਲ, ਦਵਿੰਦਰ ਪੂਨੀਆ, ਬਲਕਾਰ  ਬਲਟੋਹਾ, ਹਰਜੀਤ ਬਸੋਤਾ ਤੇ ਕੋ-ਕਨਵੀਨਰ ਹਰਦੀਪ ਸਿੰਘ ਟੋਡਰਪੁਰ, ਦੀਦਾਰ ਸਿੰਘ  ਮੁੱਦਕੀ, ਡਾ. ਅੰਮ੍ਰਿਤਪਾਲ ਸਿੱਧੂ, ਵਿਨੀਤ ਕੁਮਾਰ ਨੇ ਦੱੱਸਿਆ ਕਿ ਤਨਖਾਹਾਂ ਵਿਚ ਕਟੌਤੀ  ਨੂੰ ਰੱਦ ਕਰਵਾਉਣ ਸਮੇਤ ਮੋਰਚੇ ਦੇ ਮੰਗ-ਪੱਤਰ ਵਿਚ ਦਰਜ ਸਮੂਹ ਮੰਗਾਂ ਨੂੰ ਹੱਲ ਕਰਨ  ਤੋਂ ਭੱਜੀ ਕੈਪਟਨ ਸਰਕਾਰ ਵਿਰੁੱਧ 21 ਅਕਤੂਬਰ ਨੂੰ ਪਟਿਆਲਾ ਵਿਖੇ ਕੀਤੇ ਜਾਣ ਵਾਲੇ ਮੋਤੀ  ਮਹਿਲ ਦੇ ਘਿਰਾਓ ਦੇ ਪ੍ਰੋਗਰਾਮ ਲਈ ਸਮੂਹ ਅਧਿਆਪਕ, ਮੁਲਾਜ਼ਮ, ਕਿਸਾਨ, ਮਜ਼ਦੂਰ, ਜਨਤਕ ਜਥੇਬੰਦੀਆਂ ਅਤੇ ਸਮੂਹ ਫੈਡਰੇਸ਼ਨਾਂ ਵੱਲੋਂ ਤਰਕਸ਼ੀਲ ਭਵਨ ਪਟਿਆਲਾ ਵਿਖੇ ਕੀਤੀ ਮੀਟਿੰਗ  ਵਿਚ ਰੂਪ-ਰੇਖਾ ਤਿਆਰ ਕਰਦਿਆਂ ਵਿਸ਼ਾਲ ਲਾਮਬੰਦੀ ਕਰ ਕੇ ਕੈਪਟਨ ਸਰਕਾਰ ਦੀਆਂ ਚੂਲਾਂ  ਹਿਲਾਉਣ ਦਾ ਐਲਾਨ ਕੀਤਾ ਗਿਆ।

ਅੱਜ ਸਾੜਨਗੇ ਅਧਿਆਪਕ ਸੀ. ਐੱਮ. ਤੇ ਮੰਤਰੀ ਦੇ  ਪੁਤਲੇ : ਇਸ  ਸਮੇਂ ਆਗੂਆਂ ਨੇ ਦੱਸਿਆ ਕਿ ਮੋਰਚੇ ਵੱਲੋਂ ਸਰਕਾਰ ਦੇ ਨਾਦਰਸ਼ਾਹੀ ਫਰਮਾਨਾਂ ਦਾ ਵਿਰੋਧ  ਕਰਦਿਆਂ 18 ਅਕਤੂਬਰ ਨੂੰ ਪਟਿਆਲਾ ਸਮੇਤ ਪੰਜਾਬ ਦੇ ਸਮੂਹ ਜ਼ਿਲਿਆਂ 'ਚ ਪੰਜਾਬ ਸਰਕਾਰ  ਦੇ ਮੁੱਖ ਮੰਤਰੀ ਤੇ ਉਸ ਦੇ ਮੰਤਰੀਆਂ ਦੇ ਵੱਡ-ਆਕਾਰੀ ਬੁੱਤ ਬਣਾ ਕੇ ਉਨ੍ਹਾਂ ਨੂੰ ਲਾਂਬੂ  ਲਾਉਂਦਿਆਂ ਬੁਰਾਈ 'ਤੇ ਚੰਗਿਆੲੀ ਦੀ ਜਿੱਤ ਦਾ ਤਿਉਹਾਰ ਦੁਸਹਿਰਾ ਮਨਾਇਆ ਜਾਵੇਗਾ।


Related News