ਤਰੱਕੀਆਂ ਅਤੇ ਤਨਖ਼ਾਹਾਂ ਦੇ ਮੁੱਦੇ ''ਤੇ ਅਧਿਆਪਕ ਆਗੂਆਂ ਦਾ ਵਫ਼ਦ ਬੀ.ਪੀ.ਈ.ਓ. ਨੂੰ ਮਿਲਿਆ

Tuesday, Jun 23, 2020 - 02:19 PM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ) : ਬਲਾਕ ਬੁੱਲ੍ਹੋਵਾਲ ਦੇ ਸਾਰੇ 32 ਦੇ ਕਰੀਬ ਟੀਚਿੰਗ-ਫ਼ੈਲੋ ਅਧਿਆਪਕਾਂ ਦੇ ਮੁੱਦਿਆਂ ਨੂੰ ਲੈ ਕੇ ਅਧਿਆਪਕ ਆਗੂਆਂ ਦਾ ਵਫ਼ਦ ਬੀ.ਪੀ.ਈ. ਓ. ਨੂੰ ਮਿਲਿਆ,|ਜਿਸ ਵਿਚ ਅਧਿਆਪਕਾਂ ਦੀ 9 ਸਾਲਾ ਪ੍ਰਵੀਨਤਾ ਤਰੱਕੀ ਅਤੇ 63 ਦੇ ਕਰੀਬ ਅਧਿਆਪਕਾਂ ਦੀ ਮਈ ਮਹੀਨੇ ਦੀ ਰੁਕੀ ਹੋਈ ਤਨਖ਼ਾਹ ਦੇ ਮੁੱਦੇ 'ਤੇ ਵਿਚਾਰਾਂ ਕੀਤੀਆਂ ਗਈਆਂ। ਅਧਿਆਪਕ ਆਗੂਆਂ ਦੇ ਇਸ ਵਫ਼ਦ ਵਿਚ ਸ਼ਾਮਲ ਸਾਥੀ ਅਜੀਬ ਦਿਵੇਦੀ, ਇੰਦਰ ਸੁਖਦੀਪ ਸਿੰਘ ਓਢਰਾ, ਕੁਲਵੰਤ ਸਿੰਘ ਜਲੋਟਾ, ਸਰਬਜੀਤ ਸਿੰਘ ਟਾਂਡਾ, ਅਜੀਤ ਸਿੰਘ ਰੂਪਤਾਰਾ, ਰੇਸ਼ਮ ਸਿੰਘ ਧੁੱਗਾ, ਮਨਜੀਤ ਸਿੰਘ ਬਾਬਾ, ਵਰਿੰਦਰ ਸਿੰਘ ਸ਼ਹਿਬਾਜ਼ਪੁਰ, ਨਿਰਮਲ ਸਿੰਘ ਨਿਹਾਲਪੁਰ ਅਤੇ ਸੁਨਿੰਦਰ ਸਿੰਘ ਬੁੱਲ੍ਹੋਵਾਲ ਆਦਿ ਅਧਿਆਪਕ ਆਗੂ ਸ਼ਾਮਲ ਸਨ ਨੇ ਬੁੱਲ੍ਹੋਵਾਲ ਅਤੇ ਟਾਂਡਾ ਬਲਾਕਾਂ ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਗੁਰਮੀਤ ਸਿੰਘ ਮੁਲਤਾਨੀ ਨਾਲ ਉਨ੍ਹਾਂ ਦੇ ਟਾਂਡਾ ਸਥਿਤ ਦਫ਼ਤਰ ਵਿਚ ਮੁਲਾਕਾਤ ਕੀਤੀ। ਬਲਾਕ ਦੇ ਸਾਰੇ ਟੀਚਿੰਗ-ਫ਼ੈਲੋ ਅਧਿਆਪਕਾਂ ਦੀ 9 ਸਾਲਾ ਪ੍ਰਵੀਨਤਾ ਤਰੱਕੀ ਦੀ ਮੰਗ ਨੂੰ ਮੰਨਦਿਆਂ ਬੀ.ਪੀ.ਈ.ਓ. ਨੇ ਵਫ਼ਦ ਨੂੰ ਵਿਸ਼ਵਾਸ ਦਵਾਇਆ ਕਿ ਇਸ ਵਾਰ ਦੀ ਤਨਖ਼ਾਹ ਪ੍ਰਵੀਨਤਾ ਤਰੱਕੀ ਲਗਾ ਕੇ ਵਾਧਾ ਕਰ ਕੇ ਹੀ ਟੀਚਿੰਗ-ਫ਼ੈਲੋ ਅਧਿਆਪਕਾਂ ਨੂੰ ਦਿੱਤੀ ਜਾਵੇਗੀ। 

ਮਈ ਮਹੀਨੇ ਦੀ ਰੁਕੀ ਹੋਈ ਤਨਖ਼ਾਹ ਦੇ ਮੁੱਦੇ 'ਤੇ ਬੀ.ਪੀ.ਈ.ਓ. ਸਾਹਿਬ ਨੇ ਦੱਸਿਆ ਕਿ ਇਹ ਰੁਕਾਵਟ ਤਨਖ਼ਾਹਾਂ ਦੇ ਬਿੱਲ ਬਣਾਉਣ ਸਮੇਂ ਬਿੱਲ ਬਣਾਉਣ ਦੀ ਆਨਲਾਈਨ ਪ੍ਰਣਾਲੀ ਵਿਚ ਅਧਿਆਪਕਾਂ ਦੇ ਖਾਤੇ ਨਾ ਆਉਣ ਆਈ ਸੀ ਜਿਸ ਨੂੰ ਦੂਰ ਕਰਨ ਲਈ ਉਨ੍ਹਾਂ ਵਲੋਂ ਉਦੋਂ ਹੀ ਜ਼ਿਲ੍ਹਾ ਖਜ਼ਾਨਾ ਅਫ਼ਸਰ ਹੁਸ਼ਿਆਰਪੁਰ ਦੇ ਦਫ਼ਤਰ ਨੂੰ ਲਿਖ਼ਤੀ ਰੂਪ ਵਿਚ ਸੂਚਿਤ ਕਰ ਦਿੱਤਾ ਗਿਆ ਸੀ। ਜਿਸ 'ਤੇ ਮੀਟਿੰਗ ਦੌਰਾਨ ਹੀ ਆਗੂਆਂ ਵਲੋਂ ਜ਼ਿਲ੍ਹਾ ਖਜ਼ਾਨਾ ਅਫ਼ਸਰ ਇੰਦਰਜੀਤ ਬੱਗਾ ਨੂੰ ਫ਼ੋਨ ਕੀਤਾ ਅਤੇ ਬੱਗਾ ਨੇ ਅਧਿਆਪਕ ਆਗੂਆਂ ਨੂੰ ਦੱਸਿਆ ਕਿ ਇਹ ਤਰੁੱਟੀ ਦੂਰ ਕਰਵਾਉਣ ਲਈ ਕੇਸ ਚੰਡੀਗੜ੍ਹ ਮੁੱਖ ਦਫ਼ਤਰ ਨੂੰ ਭੇਜ ਦਿੱਤਾ ਗਿਆ ਹੈ ਅਤੇ ਜਲਦ ਹੱਲ ਹੋਣ ਦੀ ਆਸ ਹੈ। ਅਧਿਆਪਕ ਆਗੂਆਂ ਨੇ ਵਿੱਤ ਵਿਭਾਗ ਪੰਜਾਬ ਤੋਂ ਮੰਗ ਕੀਤੀ ਕਿ ਇਹ ਰੁਕਾਵਟਾਂ ਦੂਰ ਕਰਕੇ ਅਧਿਆਪਕਾਂ ਨੂੰ ਜਲਦ ਤੋਂ ਜਲਦ ਤਨਖ਼ਾਹਾਂ ਦੀ ਅਦਾਇਗੀ ਕੀਤੀ ਜਾਵੇ ਨਾਲ਼ ਹੀ ਉਨ੍ਹਾਂ ਇਹ ਫ਼ੈਸਲਾ ਵੀ ਕੀਤਾ ਕਿ ਤਨਖ਼ਾਹ ਜਾਰੀ ਕਰਵਾਉਣ ਤੱਕ ਯਤਨ ਜਾਰੀ ਰੱਖੇ ਜਾਣਗੇ।


Gurminder Singh

Content Editor

Related News