ਅਧਿਆਪਕਾਂ ਨੇ ''ਖੂਨ ਦੇ ਦੀਵੇ'' ਬਾਲ ਕੇ ਮਨਾਈ ''ਕਾਲੀ ਦੀਵਾਲੀ''

11/09/2018 10:27:34 AM

ਪਟਿਆਲਾ(ਜੋਸਨ, ਬਲਜਿੰਦਰ)— 'ਕਾਲੀ ਦੀਵਾਲੀ' ਮਨਾਉਣ ਦਾ ਐਲਾਨ ਕਰ ਚੁੱਕੇ ਅਧਿਆਪਕਾਂ ਨੇ 'ਖੂਨ ਦੇ ਦੀਵੇ' ਬਾਲ ਕੇ 'ਕਾਲੀ ਦੀਵਾਲੀ' ਮਨਾਈ। ਇਸ ਮੌਕੇ ਸਾਰੇ ਅਧਿਆਪਕਾਂ ਨੇ ਖੂਨ ਦਿੱਤਾ। ਫਿਰ ਰਾਤ  'ਖੂਨ ਦੇ ਦੀਵੇ' ਜਲਾਏ ਗਏ ਤਾਂ ਜੋ ਸੁੱਤੀ ਸਰਕਾਰ ਨੂੰ ਜਗਾਇਆ ਜਾਵੇ। ਨਿਊ ਮੋਤੀ ਮਹਿਲ ਵੱਲ ਸੈਂਕੜਿਆਂ ਦੀ ਗਿਣਤੀ 'ਚ ਇਕੱਠੇ ਹੋ ਕੇ ਰੋਸ ਮਾਰਚ ਕੀਤਾ। ਸਰਕਾਰ ਦੀ ਵਾਅਦਾ-ਖਿਲਾਫ਼ੀ ਤੋਂ ਦੁਖੀ ਅਧਿਆਪਕਾਂ ਨੇ ਨਿਊ ਮੋਤੀ ਮਹਿਲ ਜਾਣ ਤੋਂ ਰੋਕਣ ਲਈ ਪੁਲਸ ਵੱਲੋਂ ਲਾਏ ਨਾਕਿਆਂ ਨੂੰ ਤੋੜ ਦਿੱਤਾ। ਇਸ ਕਾਰਨ ਪੁਲਸ ਨੇ ਅਧਿਆਪਕਾਂ 'ਤੇ ਲਾਠੀਚਾਰਜ ਕਰ ਦਿੱਤਾ। ਡਾਂਗਾਂ ਖਾਣ ਤੋਂ ਬਾਵਜੂਦ ਗੁੱਸੇ 'ਚ ਆਏ ਅਧਿਆਪਕ ਅੱਗੇ ਵਧਦੇ ਗਏ। ਇਨ੍ਹਾਂ ਨੇ ਮੋਤੀ ਮਹਿਲ ਦੇ ਕੰਧ ਦੇ ਨਾਲ ਜਾ ਧਰਨਾ ਠੋਕਿਆ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਦੀ ਬੇਰੁਖੀ ਦਾ ਸ਼ਿਕਾਰ ਅਧਿਆਪਕ ਪਿਛਲੇ 1 ਮਹੀਨੇ ਤੋਂ ਪਟਿਆਲਾ ਦੀਆਂ ਸੜਕਾਂ 'ਤੇ ਰੁਲਣ ਲਈ ਮਜਬੂਰ ਹਨ। ਦੁਸਹਿਰਾ ਅਤੇ ਕਰਵਾ ਚੌਥ ਦਾ ਤਿਉਹਾਰ ਸੰਘਰਸ਼ ਦੀਆਂ ਪਿੜਾਂ 'ਚ ਬਿਤਾਉਣ ਵਾਲੇ ਅਧਿਆਪਕਾਂ ਨੇ ਦੀਵਾਲੀ ਦਾ ਤਿਉਹਾਰ ਵੀ ਆਪਣੇ ਘਰਾਂ ਤੋਂ ਬਾਹਰ ਰਹਿ ਕੇ ਖੁੱਲ੍ਹੇ ਟੈਂਟ ਵਿਚ ਮਨਾਇਆ। 'ਕਾਲੀ ਦੀਵਾਲੀ' ਮਨਾਉਣ ਤੋਂ ਬਾਅਦ ਅੱਜ 33ਵੇਂ ਦਿਨ ਵਿਚ 17 ਅਧਿਆਪਕਾਂ ਨੇ ਭੁੱਖ ਹੜਤਾਲ ਕੀਤੀ।

ਇਸ ਮੌਕੇ ਅਧਿਆਪਕ ਨੇਤਾਵਾਂ ਨੇ ਕਿਹਾ ਕਿ ਸਿੱਖਿਆ ਸਕੱਤਰ ਅਤੇ ਸਿੱਖਿਆ ਮੰਤਰੀ ਮੁੱਖ ਮੰਤਰੀ ਨੂੰ ਗੁੰਮਰਾਹ ਕਰ ਰਹੇ ਹਨ। ਸਾਡੇ ਪੱਲੇ ਇਸ ਵਾਰ 'ਕਾਲੀ ਦੀਵਾਲੀ' ਪਈ ਹੈ। ਉਨ੍ਹਾਂ ਆਖਿਆ ਕਿ ਅੱਜ ਸਾਡੇ ਦਰਜਨਾਂ ਅਧਿਆਪਕਾਂ ਦੀ ਕੁੱਟ-ਮਾਰ ਹੋਈ ਹੈ ਪਰ ਸਾਡੇ ਹੌਸਲੇ ਬੁਲੰਦ ਹਨ। ਸਾਂਝਾ ਅਧਿਆਪਕ ਮੋਰਚਾ ਦੇ ਸੂਬਾ ਕਨਵੀਨਰ ਦਵਿੰਦਰ ਸਿੰਘ ਪੂਨੀਆ ਤੇ ਸੁਖਵਿੰਦਰ ਸਿੰਘ ਚਾਹਲ ਤੋਂ ਇਲਾਵਾ ਸੂਬਾ ਕੋ-ਕਨਵੀਨਰ ਹਰਦੀਪ ਸਿੰਘ ਟੋਡਰਪੁਰ ਨੇ ਦੱਸਿਆ ਕਿ ਐੱਸ. ਐੱਸ. ਏ., ਰਮਸਾ, ਆਦਰਸ਼ ਤੇ ਮਾਡਲ ਸਕੂਲ ਅਧਿਆਪਕਾਂ ਨੂੰ ਪੂਰੀਆਂ ਤਨਖਾਹਾਂ 'ਤੇ ਰੈਗੂਲਰ ਕਰਨ ਦੀ ਥਾਂ ਤਨਖਾਹਾਂ 65 ਤੋਂ 75 ਫੀਸਦੀ ਕਟੌਤੀ ਕਰਨ, 5178 ਅਧਿਆਪਕਾਂ ਨੂੰ ਨਿਯੁਕਤੀ-ਪੱਤਰ ਵਿਚ ਦਰਜ ਸ਼ਰਤਾਂ ਅਨੁਸਾਰ ਨਵੰਬਰ 2017 ਤੋਂ ਰੈਗੂਲਰ ਕਰਨ ਤੋਂ ਪਿੱਛੇ ਹਟਣ, ਪਿਕਟਸ ਅਧੀਨ ਕੰਪਿਊਟਰ ਅਧਿਆਪਕਾਂ ਨੂੰ ਵਿਭਾਗ ਵਿਚ ਸ਼ਿਫਟ ਨਾ ਕਰਨ ਅਤੇ  ਕੱਚੇ ਅਧਿਆਪਕਾਂ ਨੂੰ ਪੂਰੇ ਸਕੇਲਾਂ 'ਤੇ ਪੱਕੇ ਕਰਨ ਦੀ ਬਜਾਏ ਹੱਕ ਮੰਗਦੇ ਅਧਿਆਪਕਾਂ ਦੀਆਂ ਮੁਅੱਤਲੀਆਂ, ਬਦਲੀਆਂ ਅਤੇ ਹੋਰ ਵਿਕਟੇਮਾਈਜ਼ੇਸ਼ਨਾਂ ਕਰ ਕੇ ਸੂਬੇ ਵਿਚ ਬਚੀ-ਖੁਚੀ ਜਮਹੂਰੀਅਤ ਦਾ ਗਲ ਘੁੱਟਿਆ ਜਾ ਰਿਹਾ ਹੈ। ਇਸ ਮੌਕੇ ਗੁਰਪਰੀਤ ਅਮੀਂਵਾਲ, ਵਿਕਰਮ ਦੇਵ ਸਿੰਘ, ਰਣਜੀਤ ਸਿੰਘ ਮਾਨ, ਕੁਲਦੀਪ ਗੋਬਿੰਦਪੁਰਾ, ਭਰਾਤਰੀ ਜਥੇਬੰਦੀ ਵੱਲੋਂ ਦਰਸ਼ਨ ਬੇਲੂਮਾਜਰਾ, ਰਾਜਵਿੰਦਰ ਮੀਰ, ਗੁਰਮੀਤ ਸੁਖਪੁਰ ਤੋਂ ਇਲਾਵਾ ਅਮੋਲਕ ਡੇਲੂਆਣਾ, ਰਾਜੇਸ਼ ਕੁਮਾਰ, ਜੋਸ਼ੀਲ ਤਿਵਾੜੀ, ਕੁਲਦੀਪ ਪਟਿਆਲਵੀ, ਪਰਮਵੀਰ ਸਿੰਘ, ਕਰਮਜੀਤ ਨਦਾਮਪੁਰ, ਨਿਰਭੈ ਸਿੰਘ, ਅੰਮ੍ਰਿਤਪਾਲ ਸਿੰਘ, ਭਰਤ ਕੁਮਾਰ  ਅਤੇ ਹਰਵਿੰਦਰ ਰੱਖੜਾ ਆਦਿ ਮੌਜੂਦ ਸਨ।


cherry

Content Editor

Related News