ਸਾਬਕਾ ਮੰਤਰੀ ਮਾਨ ਨੇ ਖਤਮ ਕਰਵਾਈ ਅਧਿਆਪਕਾਂ ਦੀ ਭੁੱਖ ਹੜਤਾਲ

02/20/2018 6:14:36 AM

ਫਗਵਾੜਾ, (ਜਲੋਟਾ)— ਤਨਖਾਹਾਂ ਦੀ ਮੰਗ ਨੂੰ ਲੈ ਕੇ ਕਈ ਦਿਨਾਂ ਤੋਂ ਬੀ. ਪੀ. ਈ. ਓ. ਦਫਤਰ ਅੱਗੇ ਭੁੱਖ ਹੜਤਾਲ 'ਤੇ ਬੈਠੇ ਬਲਾਕ ਫਗਵਾੜਾ 1 ਅਤੇ 2 ਦੇ ਅਧਿਆਪਕਾਂ ਨੂੰ ਮਿਲਣ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਜ਼ਿਲਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਮਾਨ ਪੁੱਜੇ। ਉਨ੍ਹਾਂ ਨਾਲ ਦਿਹਾਤੀ ਕਾਂਗਰਸ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਵੀ ਸਨ। 
ਇਸ ਸਮੇਂ ਜੋਗਿੰਦਰ ਸਿੰਘ ਮਾਨ ਨੇ ਅਧਿਆਪਕਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਤਨਖਾਹਾਂ ਦੀ ਅਦਾਇਗੀ ਜਲਦੀ ਕਰਵਾਉਣ ਦਾ ਯਤਨ ਕਰਨਗੇ। ਅਧਿਆਪਕਾਂ ਨੇ ਮਾਨ ਨੂੰ ਸਿੱਖਿਆ ਮੰਤਰੀ ਪੰਜਾਬ ਦੇ ਨਾਂ ਇਕ ਮੰਗ ਪੱਤਰ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਕਈ ਮਹੀਨਿਆਂ ਤੋਂ ਤਨਖਾਹਾਂ ਦੀ ਅਦਾਇਗੀ ਨਹੀਂ ਹੋਈ ਹੈ, ਜਿਸ ਕਰ ਕੇ ਘਰਾਂ ਦਾ ਖਰਚਾ ਚਲਾਉਣਾ ਵੀ ਮੁਸ਼ਕਲ ਹੋ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਬੀ. ਐੱਡ. ਅਧਿਆਪਕਾਂ ਲਈ ਬਰਿਜ ਕੋਰਸ ਦੀ ਸ਼ਰਤ ਖਤਮ ਕਰਨ, 1.1.04 ਤੋਂ ਬਾਅਦ ਭਰਤੀ ਅਧਿਆਪਕਾਂ ਲਈ ਪੁਰਾਣਾ ਪੈਨਸ਼ਨ ਸਕੇਲ ਲਾਗੂ ਕਰਨ, ਗੈਰ ਜ਼ਰੂਰੀ ਕੰਮਾਂ ਲਈ ਦੂਸਰੇ ਸਕੂਲਾਂ ਵਿਚ ਸ਼ਿਫਟਿੰਗ ਬੰਦ ਕਰਨ ਸਮੇਤ ਹੋਰ ਮੰਗਾਂ ਰੱਖੀਆਂ ਅਤੇ ਕਿਹਾ ਕਿ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਬਾਰੇ ਗੱਲਬਾਤ ਕਰਨ ਲਈ ਸਿੱਖਿਆ ਮੰਤਰੀ ਤੋਂ ਮੀਟਿੰਗ ਦਾ ਸਮਾਂ ਲੈ ਕੇ ਦਿੱਤਾ ਜਾਵੇ। 
ਇਸ ਮੌਕੇ ਮਾਨ ਨੇ ਜੂਸ ਪਿਲਾ ਕੇ ਅਧਿਆਪਕਾਂ ਦੀ ਭੁੱਖ ਹੜਤਾਲ ਖਤਮ ਕਰਾਈ ਅਤੇ ਭਰੋਸਾ ਦਿੱਤਾ ਕਿ ਸਿੱਖਿਆ ਮੰਤਰੀ ਅਤੇ ਵਿੱਤ ਮੰਤਰੀ ਨਾਲ ਇਸ ਬਾਰੇ ਗੱਲਬਾਤ ਕਰਨਗੇ ਅਤੇ ਤਨਖਾਹਾਂ ਦੀ ਅਦਾਇਗੀ ਬਹੁਤ ਜਲਦੀ ਕਰਵਾਈ ਜਾਵੇਗੀ। ਇਸ ਮੌਕੇ ਪਰਮਿੰਦਰ ਕੌਰ, ਵਿਨੀਤਾ ਜੋਸ਼ੀ, ਜਸਬੀਰ ਸਿੰਘ, ਸਾਧੂ ਸਿੰਘ, ਸ਼ਮੀ ਰਾਣੀ, ਪ੍ਰਭਜੋਤ ਕੌਰ ਸੈਣੀ, ਮੀਨਾ ਰਾਣੀ, ਅੰਜੂ ਸ਼ਰਮਾ, ਗੌਰਵ ਰਾਠੌਰ, ਕੁਲਦੀਪ ਸਿੰਘ, ਹਰਜਿੰਦਰ ਸਿੰਘ, ਮਨਿੰਦਰ ਕੌਰ ਆਦਿ ਹਾਜ਼ਰ ਸਨ।


Related News