ਮੁਅੱਤਲ ਕੀਤੇ ਅਧਿਆਪਕਾਂ ਦੀ ਹਮਾਇਤ ’ਚ ਉਤਰੀਆਂ ਵੱਖ-ਵੱਖ ਜਥੇਬੰਦੀਆਂ
Thursday, Aug 02, 2018 - 06:42 AM (IST)

ਅੰਮ੍ਰਿਤਸਰ, (ਦਲਜੀਤ)- ਸਿੱਖਿਆ ਵਿਭਾਗ ਵੱਲੋਂ ਸਾਂਝਾ ਅਧਿਆਪਕ ਮੋਰਚਾ ਦੇ 5 ਆਗੂਆਂ ਨੂੰ ਮੁਅੱਤਲ ਕਰਨ ਦਾ ਮਾਮਲਾ ਦਿਨੋ-ਦਿਨ ਭਖਦਾ ਜਾ ਰਿਹਾ ਹੈ। ਮੁਅੱਤਲ ਕੀਤੇ ਅਧਿਆਪਕਾਂ ਦੀ ਹਮਾਇਤ ’ਚ ਵੱਖ-ਵੱਖ ਜਥੇਬੰਦੀਆਂ ਨੇ ਆਉਂਦਿਆਂ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਖਿਲਾਫ ਨਾਅਰੇਬਾਜ਼ੀ ਕੀਤੀ।
ਜਾਣਕਾਰੀ ਅਨੁਸਾਰ ਪੰਜਾਬ ਰਾਜ ਤਾਲਮੇਲ ਕਮੇਟੀ ਪੈਰਾ ਮੈਡੀਕਲ ਅੰਮ੍ਰਿਤਸਰ ਦੇ ਆਗੂ ਪ੍ਰੇਮ ਚੰਦ ਅਾਜ਼ਾਦ ਤੇ ਨਰਿੰਦਰ ਸਿੰਘ ਦੀ ਅਗਵਾਈ ’ਚ ਅੱਜ ਮੁਲਾਜ਼ਮਾਂ ਨੇ ਗੁਰੂ ਨਾਨਕ ਦੇਵ ਹਸਪਤਾਲ ਦੀ ਓ. ਪੀ. ਡੀ. ਦੇ ਬਾਹਰ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਆਗੂਆਂ ਨੇ ਸੰਬੋਧਨ ਕਰਦਿਅਾਂ ਕਿਹਾ ਕਿ ਪਿਛਲੇ ਦਿਨੀਂ ਸਿੱਖਿਆ ਮੰਤਰੀ ਵੱਲੋਂ ਰੰਜਿਸ਼ ਤਹਿਤ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਆਗੂ ਮੰਗਲ ਸਿੰਘ ਟਾਂਡਾ, ਅਸ਼ਵਨੀ ਅਵਸਥੀ, ਜਰਮਨਜੀਤ ਛੱਜਲਵੱਡੀ, ਅਮਨ ਸ਼ਰਮਾ ਤੇ ਊਧਮ ਸਿੰਘ ਮਨਾਵਾਂ ਨੂੰ ਮੁਅੱਤਲ ਕੀਤਾ ਗਿਆ। ਆਪਣੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਅਾਵਾਜ਼ ਉਠਾਉਣੀ ਹਰੇਕ ਨਾਗਰਿਕ ਦਾ ਬੁਨਿਆਦੀ ਅਤੇ ਲੋਕਤੰਤਰਿਕ ਹੱਕ ਹੈ ਪਰ ਸਿੱਖਿਆ ਮੰਤਰੀ ਤਾਨਾਸ਼ਾਹੀ ਵਤੀਰਾ ਅਪਣਾਉਂਦੇ ਹੋਏ ਅਧਿਆਪਕਾਂ ਨੂੰ ਧਮਕੀਆਂ ਦੇ ਰਹੇ ਹਨ ਤੇ ਬਿਨਾਂ ਕਿਸੇ ਕਾਰਨ ਅਧਿਆਪਕ ਮੋਰਚਾ ਦੇ ਮੋਹਰੀ ਆਗੂਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਆਗੂਆਂ ਨੇ ਕਿਹਾ ਕਿ ਜੇਕਰ ਮੁਅੱਤਲ ਕੀਤੇ ਅਧਿਆਪਕ ਬਿਨਾਂ ਸ਼ਰਤ ਬਹਾਲ ਨਾ ਕੀਤੇ ਗਏ ਤਾਂ ਸਰਕਾਰ ਵਿਰੁੱਧ ਤਕਡ਼ਾ ਸੰਘਰਸ਼ ਵਿੱਢਿਆ ਜਾਵੇਗਾ।
ਇਸ ਮੌਕੇ ਨਰਿੰਦਰ ਬੁੱਟਰ, ਸਵਿੰਦਰ ਸਿੰਘ ਭੱਟੀ, ਜਤਿਨ ਸ਼ਰਮਾ, ਗੁਰਦੀਪ ਸਿੰਘ, ਕਮਲ ਕਨੌਜੀਆ, ਮਨਜੀਤ ਢਿੱਲੋਂ, ਵੀਨਾ ਕੁਮਾਰੀ, ਦਲਜੀਤ ਕੌਰ, ਰਵੀ ਕੁਮਾਰ, ਰਾਜਾ ਸਿੰਘ, ਰਜਿੰਦਰ ਸਿੰਘ, ਜਗਤਬੀਰ ਢਿੱਲੋਂ, ਸੁਖਜਿੰਦਰ ਸਿੰਘ, ਮਨਦੀਪ ਸਿੰਘ, ਜਸਵਿੰਦਰ ਸਿੰਘ ਸਾਂਘਣਾ, ਹਰਦੇਵ ਸਿੰਘ ਮਟੀਆ ਆਦਿ ਮੌਜੂਦ ਸਨ।
®ਇਸੇ ਤਰ੍ਹਾਂ ਪੰਜਾਬ ਸਟੇਟ ਪੈਨਸ਼ਨਰਜ਼ ਐਂਡ ਸੀਨੀਅਰ ਸਿਟੀਜ਼ਨਜ਼ ਵੈੱਲਫੇਅਰ ਐਸੋਸੀਏਸ਼ਨ (ਰਜਿ.) ਅੰਮ੍ਰਿਤਸਰ ਦੀ ਮੀਟਿੰਗ ਪ੍ਰਧਾਨ ਮਦਨ ਗੋਪਾਲ ਦੀ ਪ੍ਰਧਾਨਗੀ ਹੇਠ ਪੈਨਸ਼ਨਰਜ਼ ਦਫਤਰ ਜ਼ਿਲਾ ਕਚਹਿਰੀ ਵਿਖੇ ਹੋਈ, ਜਿਸ ਵਿਚ ਹੱਕੀ ਮੰਗਾਂ ਲਡ਼ਦੇ ਸਾਂਝਾ ਅਧਿਆਪਕ ਮੋਰਚਾ ਦੇ ਅਧਿਆਪਕਾਂ ਨੂੰ ਮੁਅੱਤਲ ਕਰਨ ’ਚ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ। ਪ੍ਰਧਾਨ ਮਦਨ ਗੋਪਾਲ ਨੇ ਮੀਟਿੰਗ ਦੌਰਾਨ ਕਿਹਾ ਕਿ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਨੂੰ ਅੱਖੋਂ ਓਹਲੇ ਕਰਨ ਲਈ ਨਵੇਂ-ਨਵੇਂ ਹੱਥਕੰਡੇ ਵਰਤ ਰਹੀ ਹੈ। ਇਹ ਪਹਿਲੇ ਮੰਤਰੀ ਹਨ ਜਿਨ੍ਹਾਂ ਨੇ ਹੱਕੀ ਮੰਗਾਂ ਲਈ ਲਡ਼ਦੇ ਅਧਿਆਪਕਾਂ ਨੂੰ ਬਿਨਾਂ ਕਾਰਨ ਮੁਅੱਤਲ ਕੀਤਾ ਹੈ। ਐਸੋਸੀਏਸ਼ਨ ਘੋਲ ਕਰ ਰਹੇ ਅਧਿਆਪਕਾਂ ਦੀਆਂ ਮੰਗਾਂ ਦਾ ਸਮਰਥਨ ਕਰਦੀ ਹੈ ਤੇ ਸੰਘਰਸ਼ ’ਚ ਹਰ ਤਰ੍ਹਾਂ ਦਾ ਸਹਿਯੋਗ ਦੇਵੇਗੀ। ਇਸ ਮੌਕੇ ਕਰਤਾਰ ਸਿੰਘ ਐੱਮ. ਏ., ਗੁਰਸ਼ਰਨਜੀਤ ਸਿੰਘ, ਸੁਖਦੇਵ ਰਾਜ ਕਾਲੀਆ, ਯਸ਼ਦੇਵ ਡੋਗਰਾ, ਵਾਸਦੇਵ ਅਜਨਾਲਾ, ਹਰਬੀਰ ਸਿੰਘ, ਮਖਤੂਲ ਸਿੰਘ ਚੋਗਾਵਾਂ, ਹਰਭਜਨ ਸਿੰਘ ਖੇਲਾ, ਸੋਹਣ ਲਾਲ, ਖੇਮ ਚੰਦ, ਦਰਸ਼ਨ ਦਿਆਲ ਜੋਸ਼ੀ, ਸ਼ਾਮ ਲਾਲ ਆਦਿ ਹਾਜ਼ਰ ਸਨ।