ਅਧਿਆਪਕ ਸਤੀਸ਼ ਵਿਦਰੋਹੀ ਵੱਲੋਂ 12 ਦਿਨਾਂ ਦੀ ਤਨਖ਼ਾਹ ਸੀ. ਐੱਮ. ਰਿਲੀਫ ਫੰਡ ’ਚ ਦੇਣ ਦਾ ਐਲਾਨ
Sunday, Mar 22, 2020 - 11:46 PM (IST)
ਪਟਿਆਲਾ, (ਰਾਜੇਸ਼)- ਇਸ ਸਮੇਂ ਪੂਰਾ ਸੰਸਾਰ ਅਤੇ ਭਾਰਤ ‘ਕੋਰੋਨਾ ਵਾਇਰਸ’ ਖਿਲਾਫ ਜੰਗ ਲਡ਼ ਰਿਹਾ ਹੈ। ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ ‘ਕੋਰੋਨਾ’ ਦੇ ਕਹਿਰ ਤੋਂ ਬਚਾਉਣ ਲਈ ਸਰਕਾਰੀ ਸਕੂਲਾਂ ਨੂੰ ਬੰਦ ਕਰ ਦਿੱਤਾ ਹੈ। ਅਧਿਆਪਕਾਂ ਨੂੰ 20 ਤੋਂ 31 ਮਾਰਚ ਤੱਕ ਛੁੱਟੀਆਂ ਹੋ ਗਈਆਂ ਹਨ। ਸਰਕਾਰੀ ਪ੍ਰਾਇਮਰੀ, ਐਜੂਕੇਸ਼ਨ ਅਫਸਰ ਬਲਾਕ ਪਟਿਆਲਾ-1 ਅਧੀਨ ਸਰਕਾਰੀ ਐਲੀਮੈਂਟਰੀ ਸਕੂਲ ਬਲਬੇਡ਼ਾ ਵਿਖੇ ਬਤੌਰ ਈ. ਟੀ. ਟੀ. ਅਧਿਆਪਕ ਕੰਮ ਕਰ ਰਹੇ ਸਤੀਸ਼ ਕੁਮਾਰ ਵਿਦਰੋਹੀ ਨੇ ਇਨ੍ਹਾਂ ਛੁੱਟੀਆਂ ਦੀ ਤਨਖਾਹ ਮੁੱਖ ਮੰਤਰੀ ਪੰਜਾਬ ਰਾਹਤ ਫੰਡ ਵਿਚ ਦੇਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਉਨ੍ਹਾਂ ਬੀ. ਪੀ. ਈ. ਓ. ਪਟਿਆਲਾ-1 ਨੂੰ ਬਾਕਾਇਦਾ ਪੱਤਰ ਲਿਖ ਦਿੱਤਾ ਹੈ। ਸਤੀਸ਼ ਵਿਦਰੋਹੀ ਨੇ ਕਿਹਾ ਕਿ ‘ਕੋਰੋਨਾ ਵਾਇਰਸ’ ’ਤੇ ਕੰਟਰੋਲ ਕਰਨ ਲਈ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦਾ ਅਰਬਾਂ ਰੁਪਿਆ ਖਰਚ ਹੋ ਰਿਹਾ ਹੈ। ਅਜਿਹੇ ਵਿਚ ਹਰ ਨਾਗਰਿਕ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣਾ ਯੋਗਦਾਨ ਪਾਵੇ। ਉਨ੍ਹਾਂ ਕਿਹਾ ਕਿ ਅਧਿਆਪਕਾਂ ਨੂੰ 20 ਤੋਂ 31 ਮਾਰਚ ਤੱਕ ਛੁੱਟੀਆਂ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦਿਆਂ ਉਨ੍ਹਾਂ ਖੁਦ ਇਹ ਫੈਸਲਾ ਕੀਤਾ ਹੈ ਕਿ ਇਨ੍ਹਾਂ ਛੁੱਟੀਆਂ ਦੀ ਤਨਖਾਹ ਉਹ ਸੀ. ਐੱਮ. ਰਿਲੀਫ ਫੰਡ ਵਿਚ ਦੇਣਗੇ। ਉਨ੍ਹਾਂ ਬੀ. ਪੀ. ਈ. ਓ. ਨੂੰ ਲਿਖੇ ਆਪਣੇ ਪੱਤਰ ਵਿਚ ਕਿਹਾ ਹੈ ਕਿ ਉਸ ਦੀ ਤਨਖਾਹ ਸਿੱਧੀ ਰਿਲੀਫ ਫੰਡ ਵਿਚ ਭੇਜ ਦਿੱਤੀ ਜਾਵੇ। ਸਤੀਸ਼ ਵਿਦਰੋਹੀ ਇਸ ਤੋਂ ਪਹਿਲਾਂ ਵੀ ਜਿਸ ਸਰਕਾਰੀ ਐਲੀਮੈਂਟਰੀ ਸਕੂਲ ਬਲਬੇਡ਼ਾ ਵਿਖੇ ਕੰਮ ਕਰ ਰਹੇ ਹਨ, ਉਸ ਸਕੂਲ ਨੂੰ ਸਮਾਰਟ ਸਕੂਲ ਬਣਾਉਣ ਲਈ ਲਗਭਗ ਡੇਢ ਲੱਖ ਰੁਪਿਆ ਆਪਣੇ ਨਿੱਜੀ ਖਾਤੇ ਵਿਚੋਂ ਖਰਚ ਚੁੱਕੇ ਹਨ। ਉਨ੍ਹਾਂ ਦੀਆਂ ਸਿੱਖਿਆ ਵਿਭਾਗ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਪੰਜਾਬ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਉਨ੍ਹਾਂ ਤੋਂ ਬੇਹੱਦ ਖੁਸ਼ ਹਨ। ਸਤੀਸ਼ ਵਿਦਰੋਹੀ ਖੁਦ ਲੇਖਕ ਅਤੇ ਕਵੀ ਹਨ। ਬਾਲ ਸਿੱਖਿਆ ਸਾਹਿਤ ਬਾਰੇ ਉਹ ਕਈ ਕਿਤਾਬਾਂ ਲਿਖ ਚੁੱਕੇ ਹਨ। ਪਟਿਆਲਾ ਹੈਰੀਟੇਜ ਮੇਲੇ ਦੌਰਾਨ ਉਨ੍ਹਾਂ ‘ਪੁਆਧੀ ਕਵੀ ਦਰਬਾਰ’ ਕਰਵਾਇਆ ਸੀ, ਜਿਸ ਦਾ ਲੋਕਾਂ ਨੇ ਖੂਬ ਅਨੰਦ ਲਿਆ ਸੀ। ਆਪਣੀ ਸਰਕਾਰੀ ਡਿਊਟੀ ਤਨਦੇਹੀ ਨਾਲ ਨਿਭਾਉਣ ਦੇ ਨਾਲ-ਨਾਲ ਸ਼੍ਰੀ ਵਿਦਰੋਹੀ ਸੇਵਾ ਦੇ ਖੇਤਰ ਵਿਚ ਕਾਰਜ ਕਰ ਰਹੇ ਹਨ। ਵਿਭਾਗ ਦੇ ਉੱਚ ਅਧਿਕਾਰੀ ਬੇਹੱਦ ਖੁਸ਼ ਹਨ।