ਵਿਦਿਆਰਥਣ ਨਾਲ ਛੇੜਛਾੜ ਕਰਨ ਵਾਲੇ ਟਿਊਸ਼ਨ ਅਧਿਆਪਕ ਨੂੰ 5 ਸਾਲ ਦੀ ਸਜ਼ਾ
Tuesday, Aug 02, 2022 - 03:01 PM (IST)

ਚੰਡੀਗੜ੍ਹ (ਸੁਸ਼ੀਲ) : ਟਿਊਸ਼ਨ ਪੜ੍ਹਾਉਣ ਦੇ ਬਹਾਨੇ ਇਕ ਕੁੜੀ ਨਾਲ ਛੇੜਛਾੜ ਕਰਨ ਵਾਲੇ 65 ਸਾਲਾ ਦੋਸ਼ੀ ਅਧਿਆਪਕ ਓਮ ਪ੍ਰਕਾਸ਼ ਵਾਸੀ ਮੌਲੀਜਾਗਰਾਂ ਨੂੰ ਜ਼ਿਲ੍ਹਾ ਅਦਾਲਤ ਨੇ 5 ਸਾਲ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀ ਅਧਿਆਪਕ ਨੂੰ 25 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਇਹ ਮਾਮਲਾ 23 ਅਗਸਤ 2019 ਦਾ ਹੈ। ਸ਼ਿਕਾਇਤਕਰਤਾ ਔਰਤ ਨੇ ਮੌਲੀਜਾਗਰਾਂ ਥਾਣਾ ਪੁਲਸ ਨੂੰ ਦਰਖ਼ਾਸਤ ਦਿੱਤੀ ਸੀ ਕਿ ਉਸ ਦੀ ਧੀ ਮੌਲੀ ਕੰਪਲੈਕਸ ’ਚ ਓਮ ਪ੍ਰਕਾਸ਼ ਵਰਮਾ ਕੋਲ ਟਿਊਸ਼ਨ ਪੜ੍ਹਦੀ ਸੀ।
ਘਟਨਾ ਵਾਲੇ ਦਿਨ ਜਦੋਂ ਉਹ ਟਿਊਸ਼ਨ ਪੜ੍ਹ ਕੇ ਵਾਪਸ ਆਈ ਤਾਂ ਉਸ ਨੇ ਦੱਸਿਆ ਕਿ ਸਰ ਓਮ ਪ੍ਰਕਾਸ਼ ਨੇ ਸਾਰੇ ਬੱਚਿਆਂ ਨੂੰ ਟਿਊਸ਼ਨ ਤੋਂ ਬਾਅਦ ਭੇਜ ਦਿੱਤਾ ਅਤੇ ਉਸ ਨੂੰ ਰੋਕ ਕੇ ਕਮਰੇ ’ਚ ਬੰਦ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਉਸ ਨੂੰ ਗਲਤ ਤਰੀਕੇ ਨਾਲ ਛੂਹਿਆ। ਸ਼ਿਕਾਇਤ ਮਿਲਦੇ ਹੀ ਥਾਣਾ ਮੌਲੀਜਾਗਰਾਂ ਦੀ ਪੁਲਸ ਨੇ ਵਿਦਿਆਰਥਣ ਦਾ ਮੈਡੀਕਲ ਕਰਵਾਇਆ ਅਤੇ ਮੁਲਜ਼ਮ ਅਧਿਆਪਕ ਓਮ ਪ੍ਰਕਾਸ਼ ਵਰਮਾ ਖ਼ਿਲਾਫ਼ ਛੇੜਛਾੜ ਦਾ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।