ਜੱਦੀ ਦੀ ਬਜਾਏ ਸਰਹੱਦੀ ਜ਼ਿਲਿਅਾਂ ’ਚ ਨਿਯੁਕਤੀਅਾਂ!

Friday, Jul 20, 2018 - 08:24 AM (IST)

ਜੱਦੀ ਦੀ ਬਜਾਏ ਸਰਹੱਦੀ ਜ਼ਿਲਿਅਾਂ ’ਚ ਨਿਯੁਕਤੀਅਾਂ!

ਸੰਗਰੂਰ (ਵਿਵੇਕ ਸਿੰਧਵਾਨੀ, ਯਾਦਵਿੰਦਰ) – ਪੰਜਾਬ ਦੇ ਸਕੂਲਾਂ ’ਚ  ਅਧਿਆਪਕਾਂ ਦੀ ਕਮੀ ਨੂੰ ਵੇਖਦਿਆਂ ਸਿੱਖਿਆ ਵਿਭਾਗ ਵੱਲੋਂ 3582 ਨਵ-ਨਿਯੁਕਤ ਅਧਿਆਪਕਾਂ ਦੀ ਭਰਤੀ ਕੀਤੀ ਜਾ ਰਹੀ ਹੈ ਪਰ ਵਿਭਾਗ ਵੱਲੋਂ ਇਨ੍ਹਾਂ ਅਧਿਆਪਕਾਂ ਨੂੰ ਜੱਦੀ ਜ਼ਿਲਿਅਾਂ ’ਚ ਨਿਯੁਕਤ ਕਰਨ ਦੀ ਥਾਂ ਸਰਹੱਦੀ ਜ਼ਿਲਿਅਾਂ ’ਚ ਨਿਯੁਕਤ ਕੀਤੇ ਜਾਣ ਦੀ ਚਰਚਾ ਨੇ ਅਧਿਆਪਕਾਂ ਦੇ ਸਾਹ ਸੁਕਾ ਦਿੱਤੇ ਹਨ। ਜੱਦੀ ਜ਼ਿਲਿਅਾਂ ਦੀ ਥਾਂ ਦੂਰ-ਦੁਰਾਡੇ ਸਰਹੱਦੀ ਜ਼ਿਲਿਅਾਂ  ’ਚ ਹੋਣ ਜਾ ਰਹੀ ਨਿਯੁਕਤੀ ਦਾ ਡਰ ਇਨ੍ਹਾਂ ਅਧਿਆਪਕਾਂ ਨੂੰ ਸਤਾਅ ਰਿਹਾ ਹੈ। ਜ਼ਿਕਰਯੋਗ ਹੈ ਕਿ ਨਵੀਂ 3582 ਅਧਿਆਪਕਾਂ ਦੀ ਹੋਈ ਭਰਤੀ ’ਚ ਲਡ਼ਕੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਜਿਸ ਕਾਰਨ ਅੌਰਤਾਂ ਲਈ ਘਰਾਂ ਤੋਂ ਦੂਰ ਹੋਰਨਾਂ ਜ਼ਿਲਿਆਂ ਵਿਚ ਜਾ ਕੇ ਨੌਕਰੀ ਕਰਨਾ ਹੋਰ ਵੀ ਮੁਸ਼ਕਲ ਹੋਵੇਗਾ। ਨਵ-ਨਿਯੁਕਤ ਅਧਿਆਪਕਾਂ ਨੂੰ ਜੱਦੀ ਜ਼ਿਲਿਅਾਂ ਦੀ ਥਾਂ ਸਰਹੱਦੀ ਜ਼ਿਲਿਅਾਂ ’ਚ ਨਿਯੁਕਤ ਕਰਨ ਦਾ ਵੱਖ-ਵੱਖ ਅਧਿਆਪਕ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਮੰਗ ਉਠ ਰਹੀ ਹੈ ਕਿ ਇਨ੍ਹਾਂ ਅਧਿਆਪਕਾਂ ਨੂੰ ਜੱਦੀ ਜ਼ਿਲਿਅਾਂ ’ਚ ਹੀ ਨਿਯੁਕਤ ਕੀਤਾ ਜਾਵੇ।
ਪੰਜਾਬ ’ਚ 15 ਹਜ਼ਾਰ ਅਸਾਮੀਅਾਂ ਖਾਲੀ  : ਅਮਨਦੀਪ ਸਿੰਘ
 ਮਾਸਟਰ ਕਾਡਰ 3582 ਯੂਨੀਅਨ ਦੇ ਸਟੇਟ ਕਮੇਟੀ ਮੈਂਬਰ ਅਮਨਦੀਪ ਸਿੰਘ ਨੇ ਕਿਹਾ ਕਿ ਸਿੱਖਿਆ ਵਿਭਾਗ ਨਵੇਂ ਅਧਿਆਪਕਾਂ ਨੂੰ ਸਰਹੱਦੀ ਜ਼ਿਲਿਅਾਂ ’ਤੇ ਤਾਇਨਾਤ ਕਰਨ ’ਤੇ ਤੁਲਿਆ ਹੋਇਆ ਹੈ। ਜਦੋਂ ਕਿ ਪੂਰੇ ਪੰਜਾਬ ਦੇ ਜ਼ਿਲਿਅਾਂ ਅੰਦਰ 15 ਹਜ਼ਾਰ ਦੇ ਕਰੀਬ ਪੋਸਟਾਂ ਖਾਲੀ ਪਈਆਂ ਹਨ। ਨਵੇਂ ਅਧਿਆਪਕਾਂ ਨੂੰ ਮਾਨਸਿਕ ਸੰਤਾਪ ਭੋਗਣ ਲਈ ਦੂਰ-ਦੁਰਾਡੇ ਨਿਯੁਕਤ ਕਰਨਾ ਵਾਜ਼ਿਬ ਨਹੀਂ ਅਤੇ ਉਨ੍ਹਾਂ ਨੂੰ ਪਹਿਲ ਦੇ ਆਧਾਰ ’ਤੇ ਹੋਰ ਜ਼ਿਲਿਅਾਂ ’ਚ ਹੀ ਨਿਯੁਕਤ ਕੀਤਾ ਜਾਵੇ।
ਘੱਟ ਤਨਖਾਹ ’ਤੇ ਘਰਾਂ ਤੋਂ ਦੂਰ ਕਿਵੇਂ ਹੋਵੇਗਾ ਗੁਜ਼ਾਰਾ  : ਅਨੀਤਾ ਰਾਣੀ
 ਹੁਸ਼ਿਆਰਪੁਰ ਜ਼ਿਲੇ ਤੋਂ 3582 ਮਾਸਟਰ ਕਾਡਰ ਯੂਨੀਅਨ ਦੀ ਆਗੂ ਮੈਡਮ ਅਨੀਤਾ ਰਾਣੀ ਨੇ ਕਿਹਾ ਕਿ ਨਵੇਂ ਅਧਿਆਪਕ 10,300 ਦੀ ਤਨਖਾਹ ਨਾਲ ਘਰਾਂ ਤੋਂ 200-250 ਕਿਲੋਮੀਟਰ ਦੂਰ ਸਕੂਲਾਂ ’ਚ ਨੌਕਰੀ ਕਰ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਕਿਵੇਂ ਗੁਜ਼ਾਰਾ ਕਰਨਗੇ। 3 ਸਾਲ ਤੱਕ ਇਨ੍ਹਾਂ ਅਧਿਆਪਕਾਂ ਨੂੰ ਸਿਰਫ 10,300 ਬੇਸਿਕ ਤਨਖਾਹ ਹੀ ਮਿਲਣੀ ਹੈ,  ਜੋ  ਕਿ ਅੱਜ ਦੇ ਮਹਿੰਗਾਈ ਦੇ ਯੁੱਗ ’ਚ ਘਰਾਂ ਤੋਂ ਦੂਰ ਰਹਿ ਕੇ ਗੁਜ਼ਾਰਾ ਕਰਨ ਯੋਗ ਨਹੀਂ ਹੈ।
ਮਹਿਲਾ ਅਧਿਆਪਕਾਂ ਨੂੰ ਪੇਸ਼  ਆਵੇਗੀ  ਜ਼ਿਆਦਾ  ਮੁਸ਼ਕਲ  : ਅਮਨਦੀਪ ਕੌਰ
 ਨਵ-ਨਿਯੁਕਤ ਪੰਜਾਬੀ ਅਧਿਆਪਕਾਂ ਤੇ ਯੂਨੀਅਨ ਦੀ ਸੂਬਾ ਪ੍ਰੈੱਸ ਸਕੱਤਰ ਅਮਨਦੀਪ ਕੌਰ ਸੰਗਰੂਰ ਨੇ ਕਿਹਾ ਕਿ ਘਰਾਂ ਤੋਂ ਦੂਰ ਸਰਹੱਦੀ ਜ਼ਿਲਿਅਾਂ ’ਚ ਨਿਯੁਕਤੀ ਹੋਣ ਨਾਲ ਸਭ ਤੋਂ ਵੱਧ  ਮਹਿਲਾ ਅਧਿਆਪਕਾਂ ਨੂੰ ਅੌਖਿਆਈਆਂ ਦਾ ਸਾਹਮਣਾ ਕਰਨਾ ਪਵੇਗਾ।  ਨਵ-ਨਿਯੁਕਤ ਅਧਿਆਪਕਾਂ ’ਚ ਕੁਆਰੀਅਾਂ ਲਡ਼ਕੀਆਂ, ਵਿਧਵਾ ਤੇ ਤਲਾਕਸ਼ੁਦਾ ਵੀ ਹਨ, ਜਿਨ੍ਹਾਂ ਨੂੰ ਇਕੱਲਿਆਂ ਇੰਨੀ ਦੂਰ ਰਹਿ ਕੇ ਨੌਕਰੀ ਕਰਨਾ ਹੋਰ ਵੀ ਅੌਖਾ ਹੋਵੇਗਾ। ਇਨ੍ਹਾਂ ਤੋਂ ਬਿਨਾਂ ਵਿਆਹੀਆਂ ਅੌਰਤਾਂ ਅਧਿਆਪਕਾਂ ਲਈ  ਬੱਚਿਆਂ ਨੂੰ ਘਰ ਛੱਡ ਕੇ ਸਰਹੱਦੀ ਏਰੀਏ ਵਿਚ ਨੌਕਰੀ ਕਰਨ ’ਚ ਬਹੁਤ ਮੁਸ਼ਕਲ ਆਵੇਗੀ। ਅਮਨਦੀਪ ਕੌਰ ਨੇ ਸਿੱਖਿਆ ਵਿਭਾਗ ਦੇ ਉਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਮਹਿਲਾ ਅਧਿਆਪਕਾਂ ਨੂੰ ਪਹਿਲ ਦੇ ਆਧਾਰ ’ਤੇ ਉਨ੍ਹਾਂ ਦੇ ਜੱਦੀ ਜ਼ਿਲੇ ਜਾਂ ਨਾਲ ਲਗਦੇ ਜ਼ਿਲਿਅਾਂ ’ਚ ਹੀ ਨਿਯੁਕਤ ਕੀਤਾ ਜਾਵੇ।

 


Related News