ਹਸਪਤਾਲ 'ਚ ਆਪ੍ਰੇਸ਼ਨ ਦੌਰਾਨ ਅਧਿਆਪਕਾ ਦੀ ਹੋਈ ਮੌਤ, ਪੁਲਸ ਨੇ 2 ਡਾਕਟਰ ਲਏ ਹਿਰਾਸਤ 'ਚ

Tuesday, Jun 28, 2022 - 09:25 PM (IST)

ਹਸਪਤਾਲ 'ਚ ਆਪ੍ਰੇਸ਼ਨ ਦੌਰਾਨ ਅਧਿਆਪਕਾ ਦੀ ਹੋਈ ਮੌਤ, ਪੁਲਸ ਨੇ 2 ਡਾਕਟਰ ਲਏ ਹਿਰਾਸਤ 'ਚ

ਗੁਰਦਾਸਪੁਰ (ਜੀਤ ਮਠਾਰੂ, ਹੇਮੰਤ) : ਅੱਜ ਗੁਰਦਾਸਪੁਰ ਸ਼ਹਿਰ ਦੇ ਇਕ ਨਿੱਜੀ ਹਸਪਤਾਲ ਵਿੱਚ 40 ਸਾਲਾ ਅਧਿਆਪਕਾ ਦੀ ਆਪ੍ਰੇਸ਼ਨ ਦੌਰਾਨ ਮੌਤ ਹੋ ਗਈ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਡਾਕਟਰ 'ਤੇ ਲਾਪ੍ਰਵਾਹੀ ਦਾ ਦੋਸ਼ ਲਾਉਂਦਿਆਂ ਰੋਸ ਪ੍ਰਦਰਸ਼ਨ ਕੀਤਾ, ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਨੇ ਹਸਪਤਾਲ ਦੇ ਪ੍ਰਬੰਧਕ ਤੇ ਡਾਕਟਰ ਨੂੰ ਗ੍ਰਿਫ਼ਤਾਰ ਕਰ ਲਿਆ। ਮ੍ਰਿਤਕਾ ਪ੍ਰਿਮਲਜੀਤ ਕੌਰ ਵਾਸੀ ਸ਼ਹੀਦ ਭਗਤ ਸਿੰਘ ਨਗਰ ਜੇਲ੍ਹ ਰੋਡ ਗੁਰਦਾਸਪੁਰ ਸਰਕਾਰੀ ਸਕੂਲ ਪਾਹੜਾ ਵਿਖੇ ਤਾਇਨਾਤ ਸੀ, ਜਿਸ ਦੇ ਪਿਤਾ ਅਜੀਤ ਸਿੰਘ ਵਾਸੀ ਬੱਬੇਹਾਲੀ ਅਤੇ ਮ੍ਰਿਤਕਾ ਦੇ ਪਤੀ ਸੁਖਰਾਜ ਸਿੰਘ ਨੇ ਦੱਸਿਆ ਕਿ ਪ੍ਰਿਮਲਜੀਤ ਕੌਰ ਦੇ ਪਿੱਤੇ ਵਿੱਚ ਪੱਥਰੀ ਸੀ, ਜਿਸ ਕਾਰਨ ਅੱਜ ਉਸ ਨੂੰ ਗੁਰਦਾਸਪੁਰ ਦੇ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ।

ਇਹ ਵੀ ਪੜ੍ਹੋ : ਵਪਾਰੀ ਦੀਆਂ 20 ਮੱਝਾਂ ਨਹਿਰ 'ਚ ਰੁੜ੍ਹੀਆਂ, ਦਰਜਨ ਤੋਂ ਵੱਧ ਦੀ ਹੋਈ ਮੌਤ

ਡਾਕਟਰਾਂ ਨੇ ਉਸ ਦੇ ਸਾਰੇ ਟੈਸਟ ਕਰਵਾਏ ਸਨ, ਜਿਨ੍ਹਾਂ ਦੀਆਂ ਰਿਪੋਰਟਾਂ ਨਾਰਮਲ ਆਈਆਂ ਤੇ ਅੱਜ ਡਾਕਟਰਾਂ ਨੇ ਉਸ ਦਾ ਆਪ੍ਰੇਸ਼ਨ ਕਰਨ ਲਈ ਟਾਈਮ ਦਿੱਤਾ ਸੀ। ਉਹ ਸਵੇਰੇ 10 ਵਜੇ ਦੇ ਕਰੀਬ ਹਸਪਤਾਲ ਆਏ, ਜਿਸ ਤੋਂ ਬਾਅਦ ਡਾਕਟਰ ਵੱਲੋਂ ਮਰੀਜ਼ ਨੂੰ ਦਾਖਲ ਕਰਕੇ ਆਪ੍ਰੇਸ਼ਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ। ਇਸ ਦੌਰਾਨ ਡਾਕਟਰ ਕਰੀਬ 3 ਵਜੇ ਮਰੀਜ਼ ਨੂੰ ਆਪ੍ਰੇਸ਼ਨ ਥਿਏਟਰ 'ਚ ਲੈ ਗਏ ਅਤੇ ਕਰੀਬ 4 ਵਜੇ ਡਾਕਟਰਾਂ ਨੇ ਕਿਹਾ ਕਿ ਪ੍ਰਿਮਲਜੀਤ ਕੌਰ ਨੂੰ ਸਾਹ ਦੀ ਸਮੱਸਿਆ ਆ ਰਹੀ ਹੈ, ਜਿਸ ਕਾਰਨ ਇਸ ਨੂੰ ਕਿਸੇ ਹੋਰ ਹਸਪਤਾਲ ਲਿਜਾਣਾ ਪਵੇਗਾ ਪਰ ਜਦੋਂ ਉਸ ਦੇ ਪਤੀ ਨੇ ਜਾ ਕੇ ਦੇਖਿਆ ਤਾਂ ਪ੍ਰਿਮਲਜੀਤ ਕੌਰ ਦੀ ਨਬਜ਼ ਰੁਕ ਚੁੱਕੀ ਸੀ ਅਤੇ ਪਲਸ ਮੀਟਰ ਦੀ ਰੀਡਿੰਗ ਵੀ ਬੰਦ ਹੋ ਗਈ ਸੀ ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਡਾਕਟਰਾਂ ਦੇ ਕਹਿਣ 'ਤੇ ਉਸ ਨੂੰ ਕਿਸੇ ਹੋਰ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।

PunjabKesari

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਪੁਲਸ ਨੇ ਇਕ ਵਿਅਕਤੀ ਨੂੰ ਪਿਸਤੌਲ ਸਮੇਤ ਲਿਆ ਹਿਰਾਸਤ ’ਚ

ਮੌਤ ਦਾ ਪਤਾ ਲੱਗਣ 'ਤੇ ਰਿਸ਼ਤੇਦਾਰ ਤੇ ਪਿੰਡ ਦੇ ਲੋਕ ਇਕੱਠੇ ਹੋ ਗਏ, ਜਿਨ੍ਹਾਂ ਨੇ ਹਸਪਤਾਲ ਦੇ ਪ੍ਰਬੰਧਕਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਅਤੇ ਮੰਗ ਕੀਤੀ ਕਿ ਹਸਪਤਾਲ ਦੇ ਮਾਲਕ ਅਤੇ ਡਾਕਟਰਾਂ ਖ਼ਿਲਾਫ਼ ਪਰਚਾ ਦਰਜ ਕੀਤਾ ਜਾਵੇ। ਉਨ੍ਹਾਂ ਦੋਸ਼ ਲਾਇਆ ਕਿ ਡਾਕਟਰਾਂ ਨੇ ਆਪ੍ਰੇਸ਼ਨ ਕਰਨ 'ਚ ਲਾਪ੍ਰਵਾਹੀ ਕੀਤੀ ਹੈ, ਜਿਸ ਕਾਰਨ ਪ੍ਰਿਮਲਜੀਤ ਕੌਰ ਦੀ ਮੌਤ ਹੋਈ ਹੈ। ਰੋਸ ਵਜੋਂ ਮ੍ਰਿਤਕਾ ਦੇ ਵਾਰਿਸਾਂ ਨੇ ਹਸਪਤਾਲ ਦੇ ਸਾਹਮਣੇ ਆਵਾਜਾਈ ਠੱਪ ਕਰਕੇ ਰੋਸ ਪ੍ਰਦਰਸ਼ਨ ਕੀਤਾ ਤੇ ਕਿਹਾ ਕਿ ਜਿੰਨੀ ਦੇਰ 3 ਡਾਕਟਰਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਓਨੀ ਦੇਰ ਰੋਸ ਪ੍ਰਦਰਸ਼ਨ ਜਾਰੀ ਰੱਖਿਆ ਜਾਵੇਗਾ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਪਿਓ-ਪੁੱਤ 2 ਡਾਕਟਰਾਂ ਨੂੰ ਹਿਰਾਸਤ ਵਿੱਚ ਲੈ ਲਿਆ। ਥਾਣਾ ਮੁਖੀ ਨੇ ਕਿਹਾ ਕਿ ਮਾਮਲੇ 'ਚ ਸਾਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਿਸ ਦਾ ਵੀ ਕਸੂਰ ਸਾਹਮਣੇ ਆਇਆ, ਉਸ ਦੇ ਖ਼ਿਲਾਫ਼ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ ਸਬੰਧਿਤ ਡਾਕਟਰ ਨੇ ਪੁਲਸ ਦੀ ਹਿਰਾਸਤ 'ਚ ਜਾਣ ਤੋਂ ਪਹਿਲਾਂ ਕਿਹਾ ਕਿ ਉਨ੍ਹਾਂ ਨੇ ਕੋਈ ਲਾਪ੍ਰਵਾਹੀ ਨਹੀਂ ਕੀਤੀ। ਆਪ੍ਰੇਸ਼ਨ ਦੌਰਾਨ ਮਹਿਲਾ ਦੇ ਦਿਲ ਦੀ ਧੜਕਣ ਰੁਕ ਗਈ ਸੀ, ਜਿਸ ਕਾਰਨ ਉਸ ਮੌਤ ਹੋਈ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਹਸਪਤਾਲ ਵੱਲੋਂ ਕਿਸੇ ਕਿਸਮ ਦੀ ਗਲਤੀ ਹੋਈ ਹੈ।

ਇਹ ਵੀ ਪੜ੍ਹੋ : ਪ੍ਰਵਾਸੀ ਦੀ ਕੁੱਟਮਾਰ ਕਾਰਨ ਇਲਾਜ ਦੌਰਾਨ ਹੋਈ ਮੌਤ, ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Mukesh

Content Editor

Related News