ਸਰਕਾਰੀ ਸਕੂਲ ਦੀ ਅਧਿਆਪਕਾ ਕੋਰੋਨਾ ਪਾਜ਼ੇਟਿਵ, ਮਾਪਿਆਂ ''ਚ ਦਹਿਸ਼ਤ ਦਾ ਮਾਹੌਲ
Thursday, Dec 09, 2021 - 04:56 PM (IST)
ਫਤਿਹਗੜ੍ਹ ਸਾਹਿਬ (ਵਿਪਨ) : ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕਰੋਨ ਨੇ ਜਿੱਥੇ ਦੁਨੀਆ ਭਰ 'ਚ ਮੁੜ ਤੋਂ ਨਵੀਂ ਮੁਸੀਬਤ ਪੈਦਾ ਕੀਤੀ ਹੈ, ਉੱਥੇ ਹੀ ਇਸ ਦਰਮਿਆਨ ਪੰਜਾਬ 'ਚ ਵੀ ਕੋਰੋਨਾ ਦੇ ਕੇਸ ਵਧਣ ਲੱਗੇ ਹਨ। ਫਤਹਿਗੜ੍ਹ ਸਾਹਿਬ 'ਚ ਵੀ ਕੋਰੋਨਾ ਨੇ ਦਸਤਕ ਦੇ ਦਿੱਤੀ ਹੈ। ਇੱਥੇ ਇਕ ਸਰਕਾਰੀ ਸਕੂਲ ਦੀ ਅਧਿਆਪਕਾ ਕੋਰੋਨਾ ਪਾਜ਼ੇਟਿਵ ਪਾਈ ਗਈ। ਇਸ ਮਗਰੋਂ ਸਕੂਲ ਦੇ ਸਟਾਫ਼, ਬੱਚਿਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ 'ਚ ਦਹਿਸ਼ਤ ਪਾਈ ਜਾ ਰਹੀ ਹੈ।
ਫਤਹਿਗੜ੍ਹ ਸਾਹਿਬ ਦੇ ਪਿੰਡ ਬਡਵਾਲਾ ਦੇ ਸਰਕਾਰੀ ਹਾਈ ਸਕੂਲ ਦੀ ਸਾਇੰਸ ਦੀ ਅਧਿਆਪਕਾ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਨਾਲ ਡਰ ਦਾ ਮਾਹੌਲ ਹੈ। ਅਧਿਆਪਕਾ ਲਗਾਤਾਰ ਸਕੂਲ 'ਚ ਪੜ੍ਹਾ ਰਹੀ ਸੀ। ਇਸ ਕਾਰਨ ਸਕੂਲ 'ਚ ਵਾਇਰਲ ਫੈਲਣ ਦਾ ਡਰ ਮਾਪਿਆਂ ਅਤੇ ਅਧਿਆਪਕਾਂ ਨੂੰ ਸਤਾ ਰਿਹਾ ਹੈ। ਇਸ ਦੌਰਾਨ ਪ੍ਰਸ਼ਾਸਨ ਤੇ ਸਿਹਤ ਮਹਿਕਮੇ ਦੀ ਲਾਪਰਵਾਹੀ ਵੀ ਸਾਹਮਣੇ ਆਈ ਹੈ ਕਿਉਂਕਿ ਅਜੇ ਤੱਕ ਸਕੂਲ ਨੂੰ ਬੰਦ ਕਰਕੇ ਸੈਂਪਲਿੰਗ ਸ਼ੁਰੂ ਨਹੀਂ ਕੀਤੀ ਗਈ ਹੈ।
ਸਕੂਲ ਦੇ ਮੁੱਖ ਅਧਿਆਪਕ ਜਗਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ 9 ਦਸੰਬਰ ਨੂੰ ਹੀ ਮੋਬਾਇਲ ਰਾਹੀਂ ਇਸ ਦੀ ਰਿਪੋਰਟ ਮਿਲੀ ਹੈ ਅਤੇ ਇਸ ਦੀ ਸੂਚਨਾ ਸਿਹਤ ਮਹਿਕਮੇ ਨੂੰ ਦੇ ਦਿੱਤੀ ਗਈ ਹੈ। ਇਸ ਬਾਰੇ ਜ਼ਿਲ੍ਹਾ ਸਿੱਖਿਆ ਅਫ਼ਸਰ ਬਲਜਿੰਦਰ ਸਿੰਘ ਨੇ ਕਿਹਾ ਕਿ ਸਮੇਂ-ਸਮੇਂ ਸਿਰ ਹਦਾਇਤਾਂ ਦੀ ਪਾਲਣਾ ਕੀਤੀ ਜਾਂਦੀ ਹੈ।