ਸਰਕਾਰੀ ਸਕੂਲ ਦੇ ਟੀਚਰ ਦੀ ਘਟੀਆ ਕਰਤੂਤ ਆਈ ਸਾਹਮਣੇ, ਬਿਨਾਂ ਵਜ੍ਹਾ ਵਿਦਿਆਰਥੀ ਦੀ ਕਰ ਦਿੱਤੀ ਬੇਰਹਿਮੀ ਨਾਲ ਕੁੱਟਮਾਰ
Sunday, Aug 06, 2017 - 06:46 PM (IST)
ਹੁਸ਼ਿਆਰਪੁਰ(ਜ.ਬ.)— ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਗੜ੍ਹ ਵਿਖੇ ਸ਼ਨੀਵਾਰ ਨੂੰ ਉਸ ਸਮੇਂ ਗੁਰੂ ਅਤੇ ਚੇਲੇ ਦਾ ਰਿਸ਼ਤਾ ਤਾਰ-ਤਾਰ ਹੋ ਗਿਆ, ਜਦੋਂ ਇਕ ਅਧਿਆਪਕ ਨੇ ਬਿਨਾਂ ਕਿਸੇ ਗੱਲ ਤੋਂ 10+1 ਦੇ ਇਕ ਵਿਦਿਆਰਥੀ ਨਾਲ ਕਾਫੀ ਕੁੱਟਮਾਰ ਕੀਤੀ। ਦੱਸਿਆ ਜਾਂਦਾ ਹੈ ਕਿ ਅਧਿਆਪਕ ਕ੍ਰਿਸ਼ਨ ਗੋਪਾਲ ਜਦੋਂ 10+1 ਦੇ 2 ਹੋਰਨਾਂ ਵਿਦਿਆਰਥੀਆਂ ਨੂੰ ਕੁੱਟ ਰਿਹਾ ਸੀ ਤਾਂ ਅਮਨ ਪੁੱਤਰ ਸ਼੍ਰੀਰਾਮ ਵਾਸੀ ਰਵਿਦਾਸ ਨਗਰ ਨੇ ਉਸ ਨੂੰ ਅਜਿਹਾ ਨਾ ਕਰਨ ਲਈ ਕਿਹਾ, ਜਿਸ 'ਤੇ ਉਸ ਨੇ ਉਸ ਨੂੰ ਲੱਤਾਂ ਅਤੇ ਮੁੱਕਿਆਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਸਕੂਲ ਦੇ ਦੂਜੇ ਕਮਰੇ ਵਿਚ ਅਮਨ ਦਾ ਵੱਡਾ ਭਰਾ ਪਵਨ, ਜੋ ਕਿ 10+2 ਦਾ ਵਿਦਿਆਰਥੀ ਹੈ, ਨੇ ਆਪਣੇ ਭਰਾ ਨਾਲ ਕੁੱਟਮਾਰ ਹੁੰਦੀ ਦੇਖ ਆਪਣੇ ਅਧਿਆਪਕ ਤੋਂ ਕਲਾਸ ਰੂਮ 'ਚੋਂ ਬਾਹਰ ਜਾਣ ਦੀ ਇਜਾਜ਼ਤ ਮੰਗੀ ਤਾਂ ਉਸ ਨੇ ਉਸ ਨੂੰ ਇਹ ਕਹਿ ਕੇ ਬਾਹਰ ਜਾਣ ਤੋਂ ਰੋਕ ਦਿੱਤਾ ਕਿ ਅਜਿਹਾ ਤਾਂ ਸਕੂਲ ਵਿਚ ਚੱਲਦਾ ਹੀ ਰਹਿੰਦਾ ਹੈ।
ਪਵਨ ਨੇ ਦੱਸਿਆ ਕਿ ਜਦੋਂ ਉਹ ਦੁਪਹਿਰ 1 ਵਜੇ ਸਕੂਲ 'ਚ ਛੁੱਟੀ ਉਪਰੰਤ ਆਪਣੇ ਭਰਾ ਅਮਨ ਨੂੰ ਲੈ ਕੇ ਘਰ ਜਾ ਰਿਹਾ ਸੀ ਤਾਂ ਰਸਤੇ ਵਿਚ ਹੀ ਉਸ ਦੀ ਹਾਲਤ ਵਿਗੜ ਗਈ ਅਤੇ ਉਨ੍ਹਾਂ ਸਾਰੀ ਗੱਲ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸੀ। ਬੱਚਿਆਂ ਦੀ ਗੱਲ ਸੁਣ ਕੇ ਜਦੋਂ ਉਨ੍ਹਾਂ ਦੇ ਮਾਪੇ ਸਕੂਲ ਵਿਚ ਪਹੁੰਚੇ ਤਾਂ ਕੁੱਟਮਾਰ ਕਰਨ ਵਾਲੇ ਅਧਿਆਪਕ ਨੇ ਬੱਚੇ ਦੇ ਪਰਿਵਾਰ ਦੇ ਸਾਹਮਣੇ ਹੀ ਉਸ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਅਤੇ ਕਿਹਾ ਕਿ ਉਸ ਦੀ ਪਹੁੰਚ ਉੱਪਰ ਤੱਕ ਹੈ ਜੋ ਕਰਨਾ ਹੈ, ਕਰ ਲਵੋ। ਮਾਮਲੇ ਨੇ ਤੂਲ ਫੜਿਆ ਤਾਂ ਮਾਪਿਆਂ ਨੇ 100 ਨੰਬਰ 'ਤੇ ਫੋਨ ਕਰ ਦਿੱਤਾ। ਮੌਕੇ 'ਤੇ ਪਹੁੰਚੇ ਪੀ. ਸੀ. ਆਰ. ਮੁਲਾਜ਼ਮਾਂ ਨੇ ਪੀੜਤ ਵਿਦਿਆਰਥੀ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ।
ਕੀ ਕਹਿੰਦੇ ਹਨ ਸਕੂਲ ਦੇ ਪ੍ਰਿੰਸੀਪਲ :
ਇਸ ਸਬੰਧੀ ਸਰਕਾਰੀ ਸੀਨੀ. ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਰਾਜਨ ਅਰੋੜਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਅਧਿਆਪਕ ਕ੍ਰਿਸ਼ਨ ਗੋਪਾਲ 'ਤੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਬੱਚੇ ਨਾਲ ਕੋਈ ਕੁੱਟਮਾਰ ਨਹੀਂ ਕੀਤੀ ਗਈ, ਸਗੋਂ ਬੱਚੇ ਦੇ ਮਾਪਿਆਂ ਨੇ ਸਕੂਲ 'ਚ ਆ ਕੇ ਅਧਿਆਪਕ ਕ੍ਰਿਸ਼ਨ ਗੋਪਾਲ ਨਾਲ ਕੁੱਟਮਾਰ ਕੀਤੀ ਹੈ ਅਤੇ ਸਕੂਲ ਦੇ ਸਾਮਾਨ ਨੂੰ ਵੀ ਨੁਕਸਾਨ ਪਹੁੰਚਾਇਆ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਲਿਖਤੀ ਸ਼ਿਕਾਇਤ ਥਾਣਾ ਸਦਰ ਵਿਖੇ ਦੇਣ ਲਈ ਆਏ ਹੋਏ ਹਨ।
