ਸਹੁਰਿਆਂ ਤੇ ਮਹਿਲਾ ਹੈੱਡ ਕਾਂਸਟੇਬਲ ਤੋਂ ਤੰਗ ਆ ਕੇ ਟੈਕਸੀ ਚਾਲਕ ਨੇ ਕੀਤੀ ਖੁਦਕੁਸ਼ੀ

06/08/2018 5:43:46 AM

ਚੰਡੀਗੜ੍ਹ, (ਸੁਸ਼ੀਲ)- ਸਹੁਰਾ ਪਰਿਵਾਰ ਵਾਲਿਆਂ ਤੇ ਇਕ ਮਹਿਲਾ ਹੈੱਡ ਕਾਂਸਟੇਬਲ ਤੋਂ ਤੰਗ ਆ ਕੇ ਟੈਕਸੀ ਚਾਲਕ ਨੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਸੈਕਟਰ-40 ਸਥਿਤ ਮਕਾਨ ਨੰ.  514 ਨਿਵਾਸੀ ਅਮਨਦੀਪ ਸੈਣੀ ਵਜੋਂ ਹੋਈ। ਪੁਲਸ ਨੂੰ ਉਸ ਦੇ ਕੋਲੋਂ ਇਕ ਸੁਸਾਈਡ ਨੋਟ ਮਿਲਿਆ ਹੈ। ਇਸ ਵਿਚ ਉਸ ਨੇ ਆਪਣੀ ਪਤਨੀ ਕੁਲਵਿੰਦਰ ਕੌਰ, ਉਸ ਦੇ ਭਰਾ, ਸਹੁਰਾ ਜਰਨੈਲ ਸਿੰਘ, ਸੱਸ ਪਰਮਜੀਤ ਕੌਰ, ਪਤਨੀ ਦੇ ਤਾਏ ਕਰਨੈਲ ਸਿੰਘ, ਪਤਨੀ ਦੀ ਤਾਈ ਤੇ ਹੈੱਡ ਕਾਂਸਟੇਬਲ ਆਸ਼ਾ ਸ਼ਰਮਾ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਠਹਿਰਾਇਆ ਹੈ। 
ਸੈਕਟਰ-39 ਥਾਣਾ ਇੰਚਾਰਜ ਨੇ ਦੱਸਿਆ ਕਿ ਵੀਰਵਾਰ ਸਵੇਰੇ ਸੂਚਨਾ ਮਿਲੀ ਕਿ ਸੈਕਟਰ-40 ਸਥਿਤ ਮਕਾਨ ਨੰ. 514 ਵਿਚ ਇਕ ਵਿਅਕਤੀ ਨੇ ਫਾਹ ਲੈ ਲਿਆ ਹੈ ਤੇ ਪੱਖੇ ਨਾਲ ਲਟਕਿਆ ਹੋਇਆ ਹੈ। ਪੁਲਸ ਟੀਮ ਤੁਰੰਤ ਮੌਕੇ 'ਤੇ ਪਹੁੰਚੀ ਤਾਂ ਅੰਦਰੋਂ ਕਮਰੇ ਦਾ ਦਰਵਾਜ਼ਾ ਬੰਦ ਸੀ। ਦਰਵਾਜ਼ਾ ਤੋੜ ਕੇ ਪੁਲਸ ਅੰਦਰ ਗਈ ਤੇ ਅਮਨਦੀਪ ਸੈਣੀ ਨੂੰ ਉਤਾਰ ਕੇ ਸੈਕਟਰ-16 ਜਨਰਲ ਹਸਪਤਾਲ ਲੈ ਕੇ ਗਈ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। 
ਸੂਚਨਾ ਮਿਲਦਿਆਂ ਹੀ ਮ੍ਰਿਤਕ ਦਾ ਜੀਜਾ ਅਜੀਤ ਸਿੰਘ ਹਸਪਤਾਲ 'ਚ ਪਹੁੰਚਿਆ। ਅਜੀਤ ਸਿੰਘ ਨੇ ਦੋਸ਼ ਲਾਇਆ ਕਿ ਅਮਨਦੀਪ ਸੈਣੀ ਨੂੰ ਸਹੁਰਾ ਪੱਖ ਦੇ ਲੋਕ ਕਾਫ਼ੀ ਤੰਗ ਕਰ ਰਹੇ ਸਨ। ਅਮਨਦੀਪ ਦਾ ਵਿਆਹ 2015 'ਚ ਕੁਲਵਿੰਦਰ ਕੌਰ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਹੀ ਕੁਲਵਿੰਦਰ ਕੌਰ ਪੈਸਿਆਂ ਲਈ ਅਮਨਦੀਪ ਨੂੰ ਤੰਗ ਕਰਨ ਲੱਗ ਪਈ ਸੀ। 
2016 'ਚ ਰੱਖੜੀ ਦੇ ਦਿਨ ਅਮਨਦੀਪ ਨੂੰ ਉਸ ਦੀ ਪਤਨੀ ਛੱਡ ਕੇ ਚਲੀ ਗਈ ਸੀ। ਇਸ ਤੋਂ ਬਾਅਦ ਕੁਲਵਿੰਦਰ ਕੌਰ ਨੇ ਅਮਨਦੀਪ 'ਤੇ ਕੇਸ ਦਰਜ ਕਰਵਾ ਦਿੱਤਾ ਸੀ। ਪੰਚਕੂਲਾ ਦੀ ਰਾਏਪੁਰ ਰਾਣੀ ਥਾਣਾ ਪੁਲਸ ਨੇ ਅਮਨਦੀਪ ਨੂੰ ਗ੍ਰਿਫਤਾਰ ਕੀਤਾ ਸੀ। ਮ੍ਰਿਤਕ ਦੇ ਜੀਜੇ ਅਜੀਤ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਕੁਝ ਦਿਨ ਪਹਿਲਾਂ ਅਮਨਦੀਪ ਨੇ ਉਸ ਨੂੰ ਦੱਸਿਆ ਸੀ ਕਿ ਅਪ੍ਰੈਲ ਮਹੀਨੇ ਤੋਂ ਪੰਚਕੂਲਾ ਦੇ ਰਾਏਪੁਰ ਰਾਣੀ ਥਾਣੇ 'ਚ ਤਾਇਨਾਤ ਮਹਿਲਾ ਹੈੱਡ ਕਾਂਸਟੇਬਲ ਉਸ ਨੂੰ ਗ੍ਰਿਫਤਾਰ ਕਰਨ ਦੀ ਧਮਕੀ ਦੇ ਰਹੀ ਸੀ, ਜਿਸ ਕਾਰਨ ਉਹ ਪ੍ਰੇਸ਼ਾਨ ਚੱਲ ਰਿਹਾ ਸੀ। ਅਜੀਤ ਨੇ ਦੱਸਿਆ ਕਿ 2017 'ਚ ਅਮਨਦੀਪ ਦੀ ਮਾਂ ਦੀ ਮੌਤ ਵੀ ਇਸ ਪ੍ਰੇਸ਼ਾਨੀ ਕਾਰਨ ਹੋ ਗਈ ਸੀ। ਮਾਂ ਦੀ ਮੌਤ ਤੋਂ ਬਾਅਦ ਅਮਨਦੀਪ ਇਕੱਲਾ ਹੋ ਗਿਆ ਸੀ। ਉਸ ਦੇ ਸਹੁਰਾ ਪੱਖ ਦੇ ਲੋਕ ਉਸ ਨੂੰ ਝੂਠੇ ਕੇਸ 'ਚ ਫਸਾਉਣ ਦੀਆਂ ਧਮਕੀਆਂ ਦਿੰਦੇ ਰਹਿੰਦੇ ਸਨ। ਸੈਕਟਰ-39 ਥਾਣਾ ਪੁਲਸ ਮਾਮਲੇ ਦੀ ਜਾਂਚ ਕਰਨ 'ਚ ਲੱਗੀ ਹੋਈ ਹੈ।  
ਇਹ ਲਿਖਿਆ ਸੁਸਾਈਡ ਨੋਟ 'ਚ
ਅਮਨਦੀਪ ਸੈਣੀ ਨੇ ਖੁਦਕੁਸ਼ੀ ਤੋਂ ਪਹਿਲਾਂ ਸੁਸਾਈਡ ਨੋਟ 'ਚ ਆਪਣੀ ਪਤਨੀ ਕੁਲਵਿੰਦਰ ਕੌਰ, ਉਸ ਦੇ ਭਰਾ, ਸਹੁਰਾ ਜਰਨੈਲ ਸਿੰਘ, ਸੱਸ ਪਰਮਜੀਤ ਕੌਰ, ਪਤਨੀ ਦੇ ਤਾਏ ਕਰਨੈਲ ਸਿੰਘ, ਪਤਨੀ ਦੀ ਤਾਈ ਤੇ ਹੈੱਡ ਕਾਂਸਟੇਬਲ ਆਸ਼ਾ ਸ਼ਰਮਾ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਠਹਿਰਾਉਂਦੇ ਹੋਏ ਲਿਖਿਆ ਕਿ ਉਸ ਨੂੰ ਝੂਠੇ ਕੇਸ 'ਚ ਫਸਾਇਆ ਗਿਆ ਹੈ। ਇਸ ਲਈ ਇਨ੍ਹਾਂ ਸਭ ਤੋਂ ਤੰਗ ਆ ਕੇ ਉਹ ਸੁਸਾਈਡ ਕਰ ਰਿਹਾ ਹੈ। ਇਸ ਤੋਂ ਇਲਾਵਾ ਉਸ ਨੇ ਇਕ ਹੋਰ ਪੱਤਰ ਡੀ. ਸੀ. ਦੇ ਨਾਂ ਲਿਖਿਆ ਹੈ, ਜਿਸ ਵਿਚ ਉਸ ਨੇ ਆਪਣੀ ਮੌਤ ਤੋਂ ਬਾਅਦ ਸਾਰੀ ਪ੍ਰਾਪਰਟੀ ਆਪਣੀਆਂ ਤਿੰਨ ਭੈਣਾਂ ਨੂੰ ਦੇਣ ਲਈ ਕਿਹਾ ਹੈ। ਸੈਕਟਰ-39 ਥਾਣਾ ਪੁਲਸ ਨੇ ਇਸ ਸੁਸਾਈਡ ਨੋਟ ਨੂੰ ਜਾਂਚ ਲਈ ਸੀ. ਐੱਫ. ਐੱਸ. ਐੱਲ. 'ਚ ਭੇਜ ਦਿੱਤਾ ਹੈ।   


Related News