ਕਰਜ਼ੇ ਤੋਂ ਤੰਗ ਆਏ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ
Wednesday, Jun 05, 2024 - 03:50 PM (IST)
ਗੁਰੂਹਰਸਹਾਏ (ਸੁਨੀਲ ਵਿੱਕੀ, ਮਨਜੀਤ) : ਕਰਜ਼ੇ ਦੀਆਂ ਕਿਸ਼ਤਾਂ ਤੋਂ ਤੰਗ ਆਏ ਵਿਅਕਤੀ ਨੇ ਜ਼ਹਿਰਲੀ ਚੀਜ਼ ਪੀ ਕੇ ਖੁਦਕੁਸ਼ੀ ਕਰ ਲਈ। ਇਸ ਮਾਮਲੇ ’ਚ ਪੁਲਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ ’ਤੇ ਫਾਈਨਾਂਸ ਕੰਪਨੀ ਅਤੇ ਬੈਂਕ ਦੇ ਦੋ ਮੁਲਾਜ਼ਮਾਂ ਖ਼ਿਲਾਫ ਥਾਣਾ ਲੱਖੋ ਕੇ ਬਹਿਰਾਮ ’ਚ ਮੁਕੱਦਮਾ ਦਰਜ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਬਲਵੀਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ’ਚ ਮੁੱਦਈਆ ਵੀਰੋ ਬੀਬੀ ਪਤਨੀ ਦੇਸ ਰਾਜ ਵਾਸੀ ਰਾਜਾ ਰਾਏ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਜ਼ਮੀਨ ’ਚੋਂ 10 ਮਰਲੇ ਜ਼ਮੀਨ ’ਤੇ ਪ੍ਰਾਈਵੇਟ ਫਾਇਨਾਂਸ ਕੰਪਨੀ ਐੱਸ. ਕੇ. ਫਾਈਨਾਂਸ ਮੱਲਾਂਵਾਲਾ ਰੋਡ ਫਿਰੋਜ਼ਪੁਰ ਸਿਟੀ ਪਾਸੋਂ 1 ਲੱਖ 85 ਹਜ਼ਾਰ ਰੁਪਏ ਕਰਜ਼ਾ ਲਿਆ ਸੀ, ਜੋ ਵਿਆਜ਼ ਪਾ ਕੇ 2 ਲੱਖ 50 ਹਜ਼ਾਰ ਰੁਪਏ ਬਣ ਚੁੱਕਾ ਸੀ ਤੇ ਕੰਪਨੀ ਵਾਲੇ ਉਨ੍ਹਾਂ ਪਾਸੋਂ ਕਰਜ਼ੇ ਦੀਆਂ ਕਿਸ਼ਤਾਂ ਦੀ ਮੰਗ ਕਰਦੇ ਸਨ।
ਇਸ ਨੂੰ ਲੈ ਕੇ ਮੁੱਦਈਆ ਦਾ ਪਤੀ ਦੇਸ ਸਿੰਘ (58) ਦਿਮਾਗੀ ਤੌਰ’ ਤੇ ਪ੍ਰੇਸ਼ਾਨ ਰਹਿਣ ਲੱਗ ਗਿਆ ਸੀ। ਉਸ ਦੇ ਪਤੀ ਨੇ ਬੀਤੀ 3 ਜੂਨ ਨੂੰ ਸਵੇਰੇ 5 ਵਜੇ ਘਰ ਵਿਚ ਹੀ ਕੋਈ ਜ਼ਹਿਰੀਲੀ ਚੀਜ਼ ਪੀ ਲਈ, ਜਿਸ ਨੂੰ ਇਲਾਜ ਲਈ ਹਕੀਮ ਕਿਸ਼ੋਰੀ ਲਾਲ ਹਸਪਤਾਲ ਗੁਰੂਹਰਸਹਾਏ ਦਾਖਲ ਕਰਾਇਆ ਗਿਆ, ਜਿਸ ਦੀ ਅਗਲੇ ਦਿਨ ਇਲਾਜ ਦੌਰਾਨ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮੁੱਦਈ ਦੇ ਬਿਆਨਾਂ ਅਨੁਸਾਰ ਪੁਲਸ ਵੱਲੋਂ ਐੱਸ. ਕੇ. ਫਾਈਨਾਂਸ ਦੇ ਇਕ ਮੁਲਾਜ਼ਮ ਖਿਲਾਫ ਅਤੇ ਐੱਚ. ਡੀ. ਐੱਫ. ਸੀ. ਬੈਂਕ ਦੇ ਮੁਲਾਜ਼ਮ ਜੈ ਦੀਪ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।